ਚੰਡੀਗੜ: ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਸੂਬੇ ਭਰ ਵਿੱਚ ਜੰਗਲਾਤ ਵਿਭਾਗ ਦੀ ਨਾਜਾਇਜ਼ ਕਬਜ਼ਿਆਂ ਹੇਠਲੀ ਜ਼ਮੀਨ ਛੁਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਸਮੇਂ ਵਿਭਾਗ ਦੀ 31 ਹਜ਼ਾਰ ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਹੇਠ ਹੈ। ਇਸ ਵਿੱਚੋਂ 21 ਹਜ਼ਾਰ ਏਕੜ ਜ਼ਮੀਨ ਬਾਰੇ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ, ਜਦੋਂ ਕਿ 2 ਹਜ਼ਾਰ ਏਕੜ ਜ਼ਮੀਨ ਨੂੰ ਕਬਜ਼ਿਆਂ ਤੋਂ ਮੁਕਤ ਕਰਵਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਇਸ ਸਾਲ ਮਈ-ਜੂਨ ਤੱਕ 10 ਹਜ਼ਾਰ ਏਕੜ ਜ਼ਮੀਨ ਤੋਂ ਕਬਜ਼ੇ ਛੁਡਾਉਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਈ ਜ਼ਮੀਨ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਿਰੋਜ਼ਪੁਰ, ਪਠਾਨਕੋਟ, ਹੁਸ਼ਿਆਰਪੁਰ, ਸੰਗਰੂਰ, ਲੁਧਿਆਣਾ, ਰੂਪਨਗਰ, ਨਵਾਂਸ਼ਹਿਰ, ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਪੈਂਦੀ ਹੈ।
ਮੀਡੀਆਂ ਕਰਮੀਆਂ ਨਾਲ ਗੱਲਬਾਤ ਕਰਦਿਆਂ ਜੰਗਲਾਤ ਮੰਤਰੀ ਨੇ ਕਿਹਾ ਕਿ ਲੁਧਿਆਣਾ ਵਿੱਚ ਧਨਾਢਾਂ ਦੇ ਕਬਜ਼ਿਆਂ ਵਾਲੀ 400 ਏਕੜ ਜ਼ਮੀਨ ਨੂੰ ਦੋ ਦਿਨਾਂ ਵਿੱਚ ਮੁਕਤ ਕਰਵਾ ਲਿਆ ਗਿਆ ਅਤੇ ਹੁਣ ਇਸ ਜ਼ਮੀਨ ਵਿੱਚ ਕੰਧ ਕੱਢੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਬਜ਼ਕਾਰਾਂ ਨਾਲ ਰਲੇ ਅਫ਼ਸਰਾਂ ਨੂੰ ਬਦਲਿਆ ਗਿਆ ਹੈ ਅਤੇ ਪਰਚੇ ਦਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪਠਾਨਕੋਟ ਸ਼ਹਿਰ ਵਿੱਚ ਮਹਿੰਗੇ ਮੁੱਲ ਦੀ 6 ਏਕੜ ਜ਼ਮੀਨ ਨੂੰ ਵੀ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਹੈ। ਇਸ ਜ਼ਮੀਨ ਦੀ ਅੰਦਾਜ਼ਨ ਕੀਮਤ 50 ਕਰੋੜ ਰੁਪਏ ਹੈ।
ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਚੰਡੀਗੜ• ਨੇੜਲੇ 15 ਨੀਮ ਪਹਾੜੀ ਪਿੰਡਾਂ ਵਿੱਚ ਕਾਲੋਨਾਈਜ਼ਰਾਂ ਦੇ ਕਬਜ਼ੇ ਹੇਠਲੀ 2300 ਏਕੜ ਜ਼ਮੀਨ ਛੁਡਵਾਈ ਗਈ ਹੈ ਅਤੇ ਇਸ ਨੂੰ 15 ਸਾਲਾਂ ਲਈ ਨੋਟੀਫਾਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਪਿੱਛੇ ਕਾਲੋਨਾਈਜ਼ਰਾਂ ਤੇ ਸਿਆਸਤਦਾਨਾਂ ਦਾ ਗਠਜੋੜ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਵਾਤਾਵਰਣ ਨੂੰ ਬਿਹਤਰ ਬਣਾਉਣ ਅਤੇ ਪ੍ਰਦੂਸ਼ਣ ਘਟਾਉਣ ਦੇ ਮਕਸਦ ਨਾਲ ਸੂਬੇ ‘ਚ ਜੰਗਲਾਤ ਹੇਠ ਰਕਬਾ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦਸੰਬਰ 2017 ਵਿੱਚ ਜੰਗਲਾਤ ਹੇਠ 66 ਵਰਗ ਕਿਲੋਮੀਟਰ ਰਕਬਾ ਵਧਿਆ ਹੈ। ਇਸ ਰਕਬੇ ਵਿੱਚ ਦੋ ਕਰੋੜ ਬੂਟੇ ਲਾਏ ਗਏ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੂਟਿਆਂ ਦੀ ਸਾਂਭ-ਸੰਭਾਲ ਉਤੇ ਨਿਗਰਾਨੀ ਰੱਖਣ ਲਈ ਸੈਟੇਲਾਈਟ ਨੈਵੀਗੇਸ਼ਨ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ 2015-16 ਵਿੱਚ ਜੰਗਲਾਤ ਹੇਠ 1771 ਵਰਗ ਕਿਲੋਮੀਟਰ ਰਕਬਾ ਸੀ, ਜਦੋਂ ਕਿ ਇਸ ਸਮੇਂ 1837 ਵਰਗ ਕਿਲੋਮੀਟਰ ਰਕਬਾ ਜੰਗਲਾਂ ਹੇਠ ਹੈ।
ਰਮਸੋਤ ਨੇ ਅੱਗੇ ਕਿਹਾ ਕਿ ਫਸਲੀ ਵਿਭਿੰਨਤਾ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਮਾਲੀ ਤੌਰ ‘ਤੇ ਲਾਹਾ ਪਹੁੰਚਾਉਣ ਲਈ ਪੰਜਾਬ ਵਿੱਚ ਚੰਦਨ ਦੇ ਦੋ ਲੱਖ ਬੂਟੇ ਲਾਏ ਜਾਣਗੇ। ਇਸ ਲਈ ਦਸੂਹਾ ਦੇ ਪਿੰਡ ਭਟੋਲੀ ਵਿੱਚ ਮੈਡੀਸਨ ਪਲਾਂਟ ਨਰਸਰੀ ਵਿੱਚ ਬੂਟੇ ਤਿਆਰ ਕੀਤੇ ਜਾ ਰਹੇ ਹਨ। ਮੁਹਾਲੀ ਤੇ ਹੋਰ ਥਾਵਾਂ ਉਤੇ ਬੂਟੇ ਤਿਆਰ ਕਰਵਾਉਣ ਦਾ ਟੀਚਾ ਹੈ। ਇਹ ਬੂਟੇ 10 ਤੋਂ 12 ਰੁਪਏ ਦੀ ਕੀਮਤ ਵਿੱਚ ਮੁਹੱਈਆ ਕਰਵਾਏ ਜਾਣਗੇ। ਇਸ ਪ੍ਰੋਗਰਾਮ ਤਹਿਤ ਪਹਿਲਾਂ ਲਾਏ 15 ਹਜ਼ਾਰ ਬੂਟੇ ਕਾਮਯਾਬ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਰੁਜ਼ਗਾਰ ਉਤਪਤੀ ਮੁਹਿੰਮ ਨੂੰ ਅੱਗੇ ਲੈ ਕੇ ਜਾਂਦਿਆਂ ਵਿਭਾਗ ਨੇ ਕੰਢੀ ਇਲਾਕੇ ਵਿੱਚ ਵੱਡੀ ਆਰਾ ਮਿੱਲ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪ੍ਰਾਜੈਕਟ ਮਾਛੀਵਾੜਾ ਜਾਂ ਹੁਸ਼ਿਆਰਪੁਰ ਵਿੱਚ ਲਾਇਆ ਜਾਵੇਗਾ, ਜਿਸ ਵਿੱਚ 10 ਤੋਂ 20 ਹਜ਼ਾਰ ਕਾਮਿਆਂ ਨੂੰ ਰੁਜ਼ਗਾਰ ਮਿਲੇਗਾ। ਧਰਮਸੋਤ ਨੇ ਅੱਗੇ ਕਿਹਾ ਕਿ ਲੱਕੜ ਚੋਰੀ ਦੀ ਵਾਰਦਾਤਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਰਣਨੀਤੀ ਉਲੀਕੀ ਜਾ ਰਹੀ ਹੈ, ਜਿਸ ਤਹਿਤ ਮੰਤਰੀ ਖ਼ੁਦ ਕਈ ਥਾਈਂ ਛਾਪੇ ਮਾਰ ਰਹੇ ਹਨ ਅਤੇ ਚੈਕਿੰਗ ਟੀਮਾਂ ਰਾਹੀਂ ਵੀ ਕਾਰਵਾਈ ਕੀਤੀ ਜਾ ਰਹੀ ਹੈ।