ਜਲੰਧਰ ਦੇ ਪਾਦਰੀ ਦੇ ਪੈਸੇ ਗਾਇਬ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਇੱਕ ਵੱਡੀ ਸਫ਼ਲਤਾ ਦਰਜ ਕਰਦਿਆਂ 2 ਭਗੌੜੇ ਏ.ਐਸ.ਆਈ. ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਕੋਚੀ ਵਿਖੇ ਲੱਭਣ ਵਿੱਚ ਕਾਮਯਾਬ ਹੋਈ ਹੈ, ਜਿੱਥੇ ਇਨ੍ਹਾਂ ਏ.ਐਸ.ਆਈਜ਼ ਨੂੰ ਸਥਾਨਕ ਪੁਲਿਸ ਵੱਲੋਂ ਮੰਗਲਵਾਰ ਦੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ, ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਭਗੌੜੇ ਏ.ਐਸ.ਆਈਜ਼ ਨੂੰ ਕੋਚੀ ਦੇ ਇੱਕ ਪ੍ਰਾਈਵੇਟ ਹੋਟਲ ਕਾਸਾ ਲਿੰਡਾ, ਫੋਰਟ ਕੋਚੀ ਵਿਖੇ ਵੇਖਿਆ ਗਿਆ ਸੀ, ਜਿੱਥੇ ਸਿੱਟ ਵੱਲੋਂ ਦਿੱਤੀ ਵਿਸ਼ੇਸ਼ ਸੂਚਨਾ ਦੇ ਅਧਾਰ ‘ਤੇ ਸਥਾਨਕ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਵੇਂ ਏ.ਐਸ.ਆਈਜ਼ ਨੇ ਇੱਕ ਦਿਨ ਪਹਿਲਾਂ ਇਸ ਹੋਟਲ ਵਿੱਚ ਚੈਕ ਇਨ ਕੀਤਾ ਅਤੇ ਆਪਣੇ ਲਈ ਇੱਕ ਕਮਰਾ ਕਿਰਾਏ ‘ਤੇ ਬੁੱਕ ਕਰਵਾਇਆ। ਉਨ੍ਹਾਂ ਨੂੰ ਤਕਰੀਬਨ ਸ਼ਾਮ 4:30 ਵਜੇ ਪੁਲਿਸ ਵੱਲੋਂ ਫੜ੍ਹਿਆ ਗਿਆ।
ਪੰਜਾਬ ਪੁਲਿਸ ਦੇ ਡੀ.ਜੀ.ਪੀ. ਦਿਨਕਰ ਗੁਪਤਾ ਜਿਨ੍ਹਾਂ ਤੁਰੰਤ ਸ਼ੱਕੀਆਂ ਦੀ ਗ੍ਰਿਫ਼ਤਾਰੀ ਬਾਰੇ ਟਵੀਟ ਕੀਤਾ, ਦੇ ਅਨੁਸਾਰ ਆਈ.ਜੀ.ਪੀ. ਕਰਾਈਮ ਅਤੇ ਇਨਵੈਸਟੀਗੇਸ਼ਨਜ਼, ਪਰਵੀਨ ਕੇ. ਸਿਨਹਾ ਦੀ ਅਗਵਾਈ ਹੇਠ ਅਗਲੇਰੀ ਜਾਂਚ ਲਈ ਸ਼ੱਕੀਆਂ ਨੂੰ ਵਾਪਸ ਪੰਜਾਬ ਲਿਆਉਣ ਲਈ ਸਿੱਟ ਅਧਿਕਾਰੀ ਕੋਚੀ ਲਈ ਰਵਾਨਾ ਹੋ ਗਏ ਹਨ। ਸਿੱਟ ਵੱਲੋਂ 12 ਅਪ੍ਰੈਲ ਨੂੰ ਇਨ੍ਹਾਂ ਏ.ਐਸ.ਆਈਜ਼ ਅਤੇ ਪੁਲਿਸ ਨੂੰ ਸੂਚਨਾ ਦੇਣ ਵਾਲੇ ਵਿਅਕਤੀ (ਮੁਖ਼ਬਰ), ਸੁਰਿੰਦਰ ਸਿੰਘ ਜਿਸਨੂੰ ਹਾਲ ਹੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਦੇ ਖਿਲਾਫ਼ ਆਈ.ਪੀ.ਸੀ. ਦੀ ਧਾਰਾ 392,406,34, 120-ਬੀ ਅਤੇ ਪੀ.ਸੀ. ਐਕਟ 13 (1) (a), 13 (2) ਤਹਿਤ ਥਾਣਾ ਪੰਜਾਬ ਸਟੇਟ ਕਰਾਈਮ, ਐਸ.ਏ.ਐਸ. ਨਗਰ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਸੀ।
ਇਨ੍ਹਾਂ ਦੋਹਾਂ ਪੁਲਿਸ ਮੁਲਾਜ਼ਮਾਂ ਅਤੇ ਸੂਚਨਾ ਦੇਣ ਵਾਲੇ ਵਿਅਕਤੀ ਖਿਲਾਫ਼ 6.65 ਕਰੋੜ ਰੁਪਏ ਦਾ ਘਪਲਾ ਕਰਨ ਦਾ ਮਾਮਲਾ ਦਰਜ ਹੈ। ਇਹ ਰਕਮ ਖੰਨਾ ਪੁਸਿਲ ਵੱਲੋਂ ਜਲੰਧਰ ਵਿਖੇ ਪਾਦਰੀ ਐਂਥਨੀ ਮਦੱਸਰੀ ਦੇ ਘਰੋਂ 29 ਮਾਰਚ ਨੂੰ ਜ਼ਬਤ ਕੀਤੀ ਗਈ ਸੀ।
ਬੁਲਾਰੇ ਨੇ ਦੱਸਿਆ ਕਿ ਕੋਚੀ ਪੁਲਿਸ ਵੱਲੋਂ ਪ੍ਰਾਪਤ ਮੁੱਢਲੀ ਜਾਣਾਕਾਰੀ ਤੋਂ ਇਹ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਦੋਵੇਂ ਏ.ਐਸ.ਆਈਜ਼ ਵੱਲੋਂ ਹੋਟਲ ਵਿਖੇ ਸੋਮਵਾਰ ਦੇ ਦਿਨ ਤਕਰੀਬਨ ਸ਼ਾਮੀਂ 4 ਵਜੇ ਚੈਕ ਇਨ ਕੀਤਾ ਗਿਆ ਅਤੇ ਪਹਿਚਾਣ ਪੱਧਰ ਵਜੋਂ ਜੋਗਿੰਦਰ ਸਿੰਘ ਦੇ ਲਾਇਸੰਸ’ਤੇ ਇੱਕ ਕਮਰਾ ਕਿਰਾਏ ‘ਤੇ ਬੁੱਕ ਕੀਤਾ ਗਿਆ।