ਡੈਸਕ: ਲੁਧਿਆਣਾ ਵਿਖੇ 2 ਨਵੰਬਰ,2020 ਨੂੰ ਸ਼ਾਮ ਦੇ ਕਰੀਬ 7 ਵਜੇ ਇੱਕ ਮੰਦਭਾਗੀ ਅਪਰਾਧਿਕ ਘਟਨਾ ਵਾਪਰੀ ਜਦੋਂ ਸੇਵਾ ਸਿੰਘ(18) ਵਾਸੀ ਸੁਤੰਤਰ ਨਗਰ, ਲੁਧਿਆਣਾ ਨੇ ਸੁਤੰਤਰ ਨਗਰ ਗੁਰੂਦਵਾਰਾ ਦੇ ਪ੍ਰਧਾਨ ਬਲਦੇਵ ਸਿੰਘ ਨੂੰ ਦੱਸਿਆ ਕਿ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਫਟੇ ਹੋਏ ਅੰਗ ਥਾਣਾ ਟਿੱਬਾ ਲੁਧਿਆਣਾ ਦੇ ਜਨ ਸ਼ਕਤੀ ਨਗਰ ਖੇਤਰ ਵਿੱਚ ਪ੍ਰੇਮ ਵਿਹਾਰ ਵਿਖੇ ਇੱਕ ਝੋਨੇ ਦੇ ਖੇਤ ਵਿੱਚ ਖਿੱਲਰੇ ਪਏ ਦੇਖੇ ਹਨ। ਇਹ ਜਾਣਕਾਰੀ ਮਿਲਣ ‘ਤੇ ਪੁਲਿਸ ਪਾਰਟੀ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ ਮੌਕੇ ‘ਤੇ ਪਹੁੰਚ ਗਈ ਅਤੇ ਸਿੰਘ ਸਭਾ ਗੁਰੂਦੁਆਰਾ ਸੁਤੰਤਰ ਨਗਰ, ਲੁਧਿਆਣਾ ਦੇ ਪ੍ਰਧਾਨ ਬਲਦੇਵ ਸਿੰਘ ਦੇ ਬਿਆਨਾਂ ‘ਤੇ ਐਫ.ਆਈ.ਆਰ ਨੰ .178 ਆਈਪੀਸੀ ਦੀ ਧਾਰਾ 295-ਏ, 34 ਤਹਿਤ ਮਾਮਲਾ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਸੇਵਾ ਸਿੰਘ ਨੇ ਬਲਦੇਵ ਸਿੰਘ ਨੂੰ ਇਹ ਵੀ ਦੱਸਿਆ ਸੀ ਕਿ ਉਸਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਮੌਕੇ ਤੋਂ ਭੱਜਦੇ ਵੇਖਿਆ ਹੈ। ਖੇਤਰ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਨੂੰ ਖੰਘਾਲਣ ਤੋਂ ਬਾਅਦ ਇਹ ਪਤਾ ਚੱਲਿਆ ਕਿ ਉਸ ਸਮੇਂ ਵਿਚ ਉਸ ਖੇਤਰ ਵਿਚ ਕਿਸੇ ਵੀ ਮੋਟਰਸਾਈਕਲ ਦਾ ਆਉਣ-ਜਾਣ ਨਹੀਂ ਹੋਇਆ। ਇਸ ਪ੍ਰਕਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਟੇ ਅੰਗਾਂ ਸੰਬੰਧੀ ਉਸਦੇ ਵੱਖੋ-ਵੱਖਰੇ ਦਾਅਵਿਆਂ ਅਤੇ ਬਿਆਨਾਂ ਨੇ ਸ਼ੰਕਾ ਪੈਦਾ ਕਰ ਦਿੱਤੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਲੁਧਿਆਣਾ ਪੁਲਿਸ ਵਲੋਂ ਕੀਤੀ ਗਈ ਹੋਰ ਪੁੱਛਗਿੱਛ ਤੋਂ ਬਾਅਦ ਸੇਵਾ ਸਿੰਘ ਨੇ ਇਕਬਾਲ ਕੀਤਾ ਕਿ ਉਸਨੇ ਖੁਦ ਹੀ ਇੱਕ ਸੈਂਚੀ ਸਾਹਿਬ ਅਤੇ ਗੁਟਕਾ ਸਾਹਿਬ ਦੇ ਅੰਗ ਮੌਕੇ ‘ਤੇ ਫਾੜ ਕੇ ਸੁੱਟ ਦਿੱਤੇ ਸਨ।
ਉਸਦੇ ਘਰ ਦੀ ਤਲਾਸ਼ੀ ਲੈਣ ‘ਤੇ ਅਸਲ ਸੈਂਚੀ ਸਾਹਿਬ ਅਤੇ ਗੁਟਕਾ ਸਾਹਿਬ, ਜਿਸਦੇ ਅੰਗ ਸੇਵਾ ਸਿੰਘ ਨੇ ਫਾੜੇ ਸਨ, ਨੂੰ ਇਲਾਕੇ ਦੇ ਵਸਨੀਕ ਗਵਾਹ ਦੀ ਹਾਜ਼ਰੀ ਵਿੱਚ ਪੁਲਿਸ ਨੇ ਬਰਾਮਦ ਕਰ ਲਿਆ। ਉਸ ਦੇ ਘਰ ਦੇ ਬੇਸਮੈਂਟ ਵਿਚੋਂ ਇਕ ਅਟੈਚੀ ਵੀ ਬਰਾਮਦ ਹੋਇਆ ਜਿਸ ਵਿਚ ਇਕ ਪੁਰਾਣੇ ਗੁਟਕਾ ਸਾਹਿਬ ਦੇ ਪਾੜ ਦਿੱਤੇ ਅੰਗਾਂ ਨੂੰ ਰੱਖਿਆ ਹੋਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਟਕਾ ਸਾਹਿਬ ਅਤੇ ਸੈਂਚੀ ਸਾਹਿਬ ਦੀਆਂ ਸਾਰੇ ਫਟੇ ਅੰਗਾਂ ਨੂੰ ਸ.ਬਲਦੇਵ ਸਿੰਘ, ਪਰਧਾਨ ਗੁਰੂਦਵਾਰਾ ਸਾਹਿਬ, ਸੁਤੰਤਰ ਨਗਰ ਵਲੋਂ ਪੂਰੀ ਮਰਿਆਦਾ, ਸਤਿਕਾਰ ਨਾਲ ਸਾਂਭਿਆ ਗਿਆ।
ਬੁਲਾਰੇ ਨੇ ਅੱਗੇ ਕਿਹਾ ਕਿ ਮੁੱਢਲੀ ਪੜਤਾਲ ਤੋਂ ਪਤਾ ਚੱਲਿਆ ਹੈ ਕਿ ਸੇਵਾ ਸਿੰਘ ਇਕ ਵਟਸਐਪ ਗਰੁੱਪ ਗੁਰੂ ਨਾਨਕ ਸੇਵਾ ਦਲ ਵਿਚ ਸ਼ਾਮਲ ਹੋਇਆ ਸੀ। ਉਹ ਪੰਜਾਬ ਸਟਾਰ ਡੇਲੀ, ਸਚ ਦੀਆਂ ਤਰੰਗਾਂ ਨਾਮ ਦੇ ਇੱਕ ਵੈੱਬ ਚੈਨਲ ਦੇ ਸੰਪਰਕ ਵਿੱਚ ਆਇਆ, ਜਿਸ ਨੂੰ ਬਟਾਲਾ ਦੇ ਇੱਕ ਵਿਅਕਤੀ ਵਲੋਂ ਚਲਾਇਆ ਜਾ ਰਿਹਾ ਸੀ। ਵਟਸਐਪ ਗਰੁੱਪ ਦੇ ਇੱਕ ਹੋਰ ਮੈਂਬਰ, ਜੋ ਕਿ ਪੰਜਾਬ ਸਟਾਰ ਡੇਲੀ ਦਾ ਕਰਮਚਾਰੀ ਸੀ, ਨੇ ਉਸ ਨਾਲ ਸੰਪਰਕ ਕੀਤਾ ਅਤੇ ਉਸਨੂੰ ਆਪਣੇ ਵੈੱਬ ਚੈਨਲ ਲਈ ਖ਼ਬਰਾਂ ਅਤੇ ਨਵੀਆਂ-ਨਵੀਆਂ ਚੀਜਾਂ ਸਾਂਝੀਆਂ ਕਰਨ ਲਈ ਪ੍ਰੇਰਿਤ ਕੀਤਾ। ਸੇਵਾ ਸਿੰਘ ਨੇ ਪੰਜਾਬ ਸਟਾਰ ਨੂੰ 3-4 ਖ਼ਬਰਾਂ ਭੇਜੀਆਂ ਪਰ ਜ਼ਿਆਦਾਤਰ ਖ਼ਬਰਾਂ ਨਿਊਜ਼ ਚੈਨਲ ਨੇ ਪ੍ਰਕਾਸ਼ਤ ਨਹੀਂ ਕੀਤੀਆਂ।
ਉਸਨੇ ਅੱਗੇ ਦੱਸਿਆ ਕਿ 2 ਨਵੰਬਰ ਨੂੰ, ਰਾਤੋ-ਰਾਤ ਮਸ਼ਹੂਰ ਹੋਣ ਦੇ ਚੱਕਰ ਵਿੱਚ ਸੇਵਾ ਸਿੰਘ ਨੇ ਕਿਸੇ ਹੋਰ ਦੁਆਰਾ ਕੀਤੇ ਪਾਪਾਂ ਨੂੰ ਦਰਸਾਉਂਦਿਆਂ, ਇਸ ਮੰਦਭਾਗੀ ਵਾਰਦਾਤ ਨੂੰ ਅੰਜਾਮ ਦੇਣ ਦਾ ਫੈਸਲਾ ਕੀਤਾ ਅਤੇ ਫਿਰ ਪੰਜਾਬ ਸਟਾਰ ਡੇਲੀ ‘ਤੇ ਇਸ ਘਟਨਾ ਨੂੰ ਉਜਾਗਰ ਕਰਨ ਵਾਲੀ ਪਹਿਲੀ ਘਟਨਾ ਬਣ ਗਈ। ਉਹ ਸੈਂਚੀ ਸਾਹਿਬ ਅਤੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਆਪਣੇ ਘਰੋਂ ਲਿਆਇਆ ਅਤੇ ਉਨਾਂ ਨੂੰ ਲੁਧਿਆਣਾ ਦੇ ਟਿੱਬਾ ਦੇ ਪ੍ਰੇਮ ਨਗਰ ਖੇਤਰ ਵਿਚ ਖੇਤਾਂ ਵਿਚ ਖਿੰਡਾ ਦਿੱਤਾ। ਉਸਨੇ ਇੱਕ ਪੰਜਾਬ ਸਟਾਰ ਡੇਲੀ ਵੈੱਬ ਚੈਨਲ ਨੂੰ ਭੇਜਨ ਲਈ ਆਪਣੇ ਫੋਨ ਤੋਂ ਇੱਕ ਵੀਡੀਓ ਵੀ ਸ਼ੂਟ ਕੀਤਾ।
ਹੁਣ ਤੱਕ ਦੀ ਜਾਂਚ ਅਤੇ ਇਸ ਤੋਂ ਬਾਅਦ ਹੋਈਆਂ ਬਰਾਮਦਗੀਆਂ ਤੋਂ ਪਤਾ ਚੱਲਦਾ ਹੈ ਕਿ ਸੇਵਾ ਸਿੰਘ ਨੇ ਆਪਣੇ ਨਿੱਜੀ ਮਨੋਰਥਾਂ ਦੀ ਪੂਰਤੀ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਅਤੇ ਇਸ ਮੰਦਭਾਗਾ ਕੇਸ ਦੀ ਗੁੱਥੀ ਦੋਸ਼ੀ ਦੀ ਗ੍ਰਿਫਤਾਰੀ ਨਾਲ ਸੁਲਝ ਗਈ ਹੈ। ਮੌਕੇ ‘ਤੇ ਪਹੁੰਚੀ ਚੰਡੀਗੜ ਦੀ ਇੱਕ ਫੋਰੈਂਸਿਕ ਟੀਮ ਨੇ ਬਰਾਮਦ ਕੀਤੀਆਂ ਚੀਜ਼ਾਂ ਦੀ ਫੌਰੈਂਸਿਕ ਜਾਂਚ ਅਤੇ ਵਿਸ਼ਲੇਸ਼ਣ ਕੀਤਾ। ਇਸ ਬਾਰੇ ਅਗਲੇਰੀ ਪੜਤਾਲ ਜਾਰੀ ਹੈ।
ਉਨਾਂ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨਾਲ ਵੀ ਸੰਪਰਕ ਸਥਾਪਤ ਕੀਤਾ ਗਿਆ ਹੈ ਅਤੇ ਗੁਟਕਾ ਸਾਹਿਬ ਅਤੇ ਸੈਂਚੀ ਸਾਹਿਬ ਨੂੰ ਮਰਯਾਦਾ ਅਨੁਸਾਰ ਸਹੀ ਹੱਥਾਂ ਵਿੱਚ ਸੌਂਪਿਆ ਗਿਆ ਹੈ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਗਲੇਰੀ ਜਾਂਚ ਲਈ ਦੋ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ।