September 28, 2022
(Chandigarh)
ਪੰਜਾਬ ਪੁਲਿਸ ਨੇ ਕੈਨੇਡਾ ‘ਚ ਬੈਠੇ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਦੇ ਇੱਕ ਹੋਰ ਗੁਰਗੇ ਨੂੰ ਗ੍ਰਿਫ਼ਤਾਰ ਕੀਤਾ ਹੈ। ਕਰਨ ਮਲਿਕ ਉਰਫ ਕਰਨ ਮਾਨ ਨਾਮੀ ਇਸ ਬਦਮਾਸ਼ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕਰਨ ਮਾਨ ਕਤਲ, ਕਤਲ ਦੀ ਕੋਸ਼ਿਸ਼, ਹਮਲਾ ਕਰਨ ਅਤੇ ਲੁੱਟ-ਖੋਹ ਨਾਲ ਸਬੰਧਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੈ।
DGP ਗੌਰਵ ਯਾਦਵ ਨੇ ਦੱਸਿਆ ਕਿ ਗੈਂਗਸਟਰ ਕਰਨ ਮਲਿਕ ਦੇ ਬਿਹਾਰ ਦੇ ਜ਼ਿਲ੍ਹਾ ਜਮੁਈ ਵਿੱਚ ਕਿਸੇ ਥਾਂ ਪਨਾਹ ਲੈਣ ਦੀ ਸੂਚਨਾ ਮਿਲਣ ਤੋਂ ਬਾਅਦ, ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦੀ ਟੀਮ ਨੇ ਕੇਂਦਰੀ ਏਜੰਸੀਆਂ ਅਤੇ ਬਿਹਾਰ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਤਲਾਸ਼ੀ ਸ਼ੁਰੂ ਕੀਤੀ ਅਤੇ ਬਿਹਾਰ ਦੇ ਜ਼ਿਲ੍ਹਾ ਜਮੁਈ ਦੇ ਪਿੰਡ ਦਰੀਮਾ ਵਿਖੇ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਸਫ਼ਲ ਰਹੀ।
IED ਮਾਮਲੇ ‘ਚ ਮੁਲਜ਼ਮ ਯੁਵਰਾਜ ਦਾ ਕਰੀਬੀ
ਗ੍ਰਿਫਤਾਰ ਕੀਤਾ ਗਿਆ ਗੈਂਗਸਟਰ ਕਰਨ ਮਲਿਕ ਉਰਫ ਕਰਨ ਮਾਨ SI ਦੀ ਕਾਰ ਹੇਠਾਂ IED ਲਗਾਉਣ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਅਤੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਲੰਡਾ ਦੇ ਸਾਥੀ ਯੁਵਰਾਜ ਸਭਰਵਾਲ ਉਰਫ ਯਸ਼ ਦਾ ਕਰੀਬੀ ਦੱਸਿਆ ਜਾਂਦਾ ਹੈ। ਕਰਨ ਮਲਿਕ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਪੰਜਾਬ ਪੁਲਿਸ ਨੂੰ ਲੋੜੀਂਦਾ ਹੈ।
ਕਤਲ ਅਤੇ ਲੁੱਟ-ਖੋਹ ਵਰਗੇ ਕਈ ਮਾਮਲਿਆਂ ‘ਚ ਲੋੜੀਂਦਾ
DGP ਨੇ ਦੱਸਿਆ ਕਿ ਦੋਸ਼ੀ ਕਰਨ ਮਲਿਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜੁਲਾਈ 2021 ਵਿੱਚ ਇੱਕ ਲੜਾਈ ਦੌਰਾਨ ਕਰਨ ਨਾਮ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਇਲਾਵਾ ਮੁਲਜ਼ਮ ਕਰਨ ਮਲਿਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਗਸਤ 2021 ਵਿਚ ਅੰਮ੍ਰਿਤਸਰ ਦੀ ਫੇਅਰਲੈਂਡ ਕਲੋਨੀ ਵਿਖੇ ਲਾਲ ਚੰਦ ਜਵੈਲਰਜ਼ ਤੋਂ 530 ਗ੍ਰਾਮ ਸੋਨਾ, 6 ਕਿਲੋ ਚਾਂਦੀ ਅਤੇ 1 ਲੱਖ ਰੁਪਏ ਦੀ ਨਕਦੀ ਲੁੱਟ ਲਈ ਸੀ
DGP ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਕਰਨ ਮਲਿਕ ਨੇ ਸਾਹਿਲ ਨਾਮੀ ਹਥਿਆਰਾਂ ਦੇ ਤਸਕਰ ਕੋਲੋਂ 40,000 ਰੁਪਏ ਪ੍ਰਤੀ ਹਥਿਆਰ ਦੇ ਹਿਸਾਬ .32 ਬੋਰ ਦੇ ਹਥਿਆਰ ਖਰੀਦੇ ਸਨ। ਜ਼ਿਕਰਯੋਗ ਹੈ ਕਿ ਸਾਹਿਲ ਸਮੇਤ ਉਸ ਦੇ ਸਾਥੀ ਹਿੰਮਤ ਵਾਸੀ ਅੰਮ੍ਰਿਤਸਰ ਨੂੰ ਕੁਝ ਦਿਨ ਪਹਿਲਾਂ ਪੰਜਾਬ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਚਾਰ ਹਥਿਆਰ ਬਰਾਮਦ ਹੋਏ ਸਨ।
ਕਰਨ ਦੇ ਭਰਾ ਦੀ ਵੀ ਤਲਾਸ਼
ਜਾਣਕਾਰੀ ਮੁਤਾਬਕ, ਹੁਣ ਪੁਲਿਸ ਕਰਨ ਮਲਿਕ ਦੇ ਛੋਟੇ ਭਰਾ ਅਰਜੁਨ ਮਲਿਕ ਉਰਫ ਅਰਜੁਨ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ, ਜੋ ਕਿ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਵੀ ਸ਼ਾਮਲ ਹੈ। ਇਸ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।