ਚੰਡੀਗੜ੍ਹ। ਸੰਗਰੂਰ ਤੋੰ ਸਾੰਸਦ ਸਿਮਰਨਜੀਤ ਮਾਨ ਨੇ ਇੱਕ ਹੋਰ ਵਿਵਾਦਤ ਬਿਆਨ ਦਿੱਤਾ ਹੈ। ਇਸ ਵਾਰ ਉਹਨਾੰ ਦਾ ਬਿਆਨ ਧਾਰਮਿਕ ਭਾਵਨਾਵਾੰ ਨੂੰ ਭੜਕਾਉਣ ਵਾਲਾ ਅਤੇ ਭਾਈਚਾਰਿਆੰ ‘ਚ ਫੁੱਟ ਪੈਦਾ ਕਰਨ ਵਾਲਾ ਹੈ। ਮਾਨ ਨੇ ਕਿਹਾ ਕਿ ਜੇਕਰ ਫਲਾਈਟ ‘ਚ ਕਿਰਪਾਣ ਦੀ ਇਜਾਜ਼ਤ ਨਾ ਦਿੱਤੀ ਗਈ, ਤਾੰ ਜਨੇਊ ਦੀ ਇਜਾਜ਼ਤ ਵੀ ਨਹੀੰ ਹੋਣੀ ਚਾਹੀਦੀ।
ਦਰਅਸਲ, ਦਿੱਲੀ ਹਾਈਕੋਰਟ ‘ਚ ਕੇੰਦਰ ਸਰਕਾਰ ਦੀ ਉਸ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੰਦੀ ਇੱਕ ਜਨਹਿੱਤ ਪਟੀਸ਼ਨ ਦਾਖਲ ਕੀਤੀ ਗਈ ਸੀ, ਜਿਸ ਵਿੱਚ ਸਿੱਖਾੰ ਨੂੰ ਘਰੇਲੂ ਉਡਾਣਾੰ ਵਿੱਚ ਕਿਰਪਾਨ ਪਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾੰਕਿ ਹਾਈਕੋਰਟ ਨੇ ਫ਼ੈਸਲੇ ‘ਤੇ ਸਟੇਅ ਨਾ ਲਾਉਣ ਦਾ ਆਦੇਸ਼ ਦਿੰਦਿਆੰ ਕੇੰਦਰ ਨੂੰ ਮਾਮਲੇ ਵਿੱਚ ਤਲਬ ਕੀਤਾ ਹੈ। ਪਰ ਕਿਰਪਾਨ ਦੀ ਇਜਾਜ਼ਤ ਨੂੰ ਚੁਣੌਤੀ ਦੇਣ ਦੀ ਪਟੀਸ਼ਨ ‘ਤੇ ਹੀ ਸਿਮਰਨਜੀਤ ਮਾਨ ਭੜਕ ਗਏ ਹਨ।
‘ਜਨੇਊ ਨਾਲ ਵੀ ਹਾਈਜੈਕ ਹੋ ਸਕਦਾ ਹੈ ਜਹਾਜ਼’
ਆਪਣੇ ਬਿਆਨ ਵਿੱਚ ਮਾਨ ਨੇ ਕਿਹਾ, “ਜਨੇਊ ਵੀ ਕਿਉੰ ਜਾਏ ਹਵਾਈ ਜਹਾਜ਼ਾੰ ਵਿੱਚ। ਜਿਸਨੇ ਸ਼ਰਾਰਤ ਕਰਨੀ ਹੈ, ਉਹ ਜੇਕਰ ਚਾਈਨਾ ਡੋਰ ਦਾ ਜਨੇਊ ਬਣਾ ਕੇ ਪਾ ਜਾਵੇ, ਤਾੰ ਕਿਸੇ ਦਾ ਗਲਾ ਵੀ ਵੱਢ ਸਕਦਾ ਹੈ, ਜ਼ਖਮ ਵੀ ਕਰ ਸਕਦਾ ਹੈ, ਡਰਾ ਵੀ ਸਕਦਾ ਹੈ, ਹਾਈਜੈਕ ਵੀ ਕਰ ਸਕਦਾ ਹੈ। ਜੇ ਮੈੰ ਚਾਈਨਾ ਡੋਰ ਦਾ ਧਾਗਾ ਖਿੱਚ ਦਿੱਤਾ, ਤਾੰ ਤੁਹਾਡੀ ਗਰਦਨ ਲਹਿ ਜਾਵੇਗੀ। ਇਸ ਤਰ੍ਹਾੰ ਦੀ ਗੱਲ ਬਤੌਰ ਸਿੱਖ ਅਤੇ ਤੁਹਾਡਾ ਮੈੰਬਰ ਪਾਰਲੀਮੈੰਟ ਹੋਣ ਦੇ ਨਾਤੇ ਮੈਨੂੰ ਮਨਜ਼ੂਰ ਨਹੀੰ ਹੈ।”
ਫ਼ੈਸਲਾ ਉਲਟ ਹੋਣ ‘ਤੇ ਦੰਗਿਆੰ ਦੀ ਚੇਤਾਵਨੀ
ਮਾਨ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ, “ਜੇਕਰ ਹਾਈਕੋਰਟ ਨੇ ਇਹ ਫ਼ੈਸਲਾ ਕਰ ਦਿੱਤਾ ਕਿ ਸਿੱਖ ਕਿਰਪਾਨ ਨਹੀੰ ਪਾ ਸਕਦੇ, ਤਾੰ ਤੋੜ-ਭੰਨ ਜ਼ਰੂਰ ਹੋ ਜਾਵੇਗੀ।” ਉਹਨਾੰ ਕਿਹਾ ਕਿ ਫ਼ੈਸਲਾ ਹੋਣਾ ਚਾਹੀਦਾ ਹੈ। ਜੇਕਰ ਸਿੱਖਾੰ ਦੀ ਕਿਰਪਾਨ ਲਾਹੁਣੀ ਹੈ, ਤਾੰ ਜਨੇਊ ਵੀ ਨਾਲ ਲੱਥੂਗਾ।
ਸਿੱਖਾੰ ਦੀ ਕਿਰਪਾਨ ਨੂੰ ਚੁਣੌਤੀ ਪਿੱਛੇ ਕੀ ਹੈ ਤਰਕ?
ਦਰਅਸਲ, ਪਟੀਸ਼ਨਕਰਤਾ ਵੱਲੋੰ ਆਪਣੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸਿੱਖਾੰ ਨੂੰ ਸਫ਼ਰ ਦੌਰਾਨ ਕਿਰਪਾਨ ਦੀ ਇਜਾਜ਼ਤ ਦੇਣਾ ਜਹਾਜ਼ ‘ਚ ਸਫ਼ਰ ਕਰ ਰਹੇ ਹੋਰਨਾੰ ਲੋਕਾੰ ਲਈ ਘਾਤਕ ਹੋ ਸਕਦਾ ਹੈ। ਖਦਸ਼ਾ ਜਤਾਇਆ ਗਿਆ ਹੈ ਕਿ ਜੇਕਰ ਕਿਸੇ ਵਾਦ-ਵਿਵਾਦ ਦੌਰਾਨ ਸਿੱਖ ਨੇ ਆਪਣੀ ਕਿਰਪਾਣ ਨਾਲ ਕਿਸੇ ‘ਤੇ ਵਾਰ ਕਰ ਦਿੱਤਾ, ਤਾੰ ਕਿਸੇ ਦੀ ਜਾਨ ਵੀ ਜਾ ਸਕਦੀ ਹੈ।
ਮੌਜੂਦਾ ਨੋਟੀਫਿਕੇਸ਼ਨ ਮੁਤਾਬਕ ਕੀ ਹੈ ਨਿਯਮ..?
ਦੱਸ ਦਈਏ ਕਿ ਕੇੰਦਰ ਸਰਕਾਰ ਵੱਲੋੰ ਇਸੇ ਸਾਲ 4 ਮਾਰਚ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸਿੱਖ ਮੁਸਾਫਿਰਾੰ ਨੂੰ ਹਵਾਈ ਜਹਾਜ਼ ਵਿੱਚ ਕਿਰਪਾਨ ਰੱਖਣ ਲਈ ਅਸਧਾਰਨ ਰੈਗੂਲੇਟਰੀ ਮਨਜ਼ੂਰੀ ਹੋਵੇਗੀ। ਬਸ਼ਰਤੇ ਕਿਰਪਾਨ ‘ਚ ਲੱਗੇ ਬਲੇਡ ਦੀ ਲੰਬਾਈ 6 ਇੰਚ ਅਤੇ ਕਿਰਪਾਨ ਦੀ ਕੁੱਲ ਲੰਬਾਈ 9 ਇੰਚ ਤੋੰ ਵੱਧ ਨਾ ਹੋਵੇ।