ਪੰਜਾਬ ਸਣੇ ਦੇਸ਼ ਭਰ ‘ਚ ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਵਿਚਾਲੇ ਕੇਂਦਰ ਸਰਕਾਰ ਨੇ ਸਿੱਖ ਸ਼ਰਧਾਲੁਆਂ ਨੂੰ ਵਿਸਾਖੀ ਲਈ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿੱਖ ਜਥੇ ਦਾ ਇਹ ਦੌਰਾ 12 ਅਪ੍ਰੈਲ ਤੋਂ 21 ਅਪ੍ਰੈਲ ਤੱਕ ਦਾ ਹੋਵੇਗਾ। ਹਾਲਾਂਕਿ ਇਸਦੇ ਲਈ ਗ੍ਰਹਿ ਮੰਤਰਾਲੇ ਵੱਲੋਂ ਕੁਝ ਸ਼ਰਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਪਹਿਲਾਂ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦਾ ਹਵਾਲਾ ਦਿੰਦੇ ਹੋਏ ਫਰਵਰੀ ‘ਚ ਇਸ ਯਾਤਰਾ ‘ਤੇ ਰੋਕ ਲਗਾਈ ਗਈ ਸੀ।
ਗ੍ਰਹਿ ਮੰਤਰਾਲੇ ਮੁਤਾਬਕ ਸਿੱਖ ਜਥੇ ਦਾ ਕੋਈ ਵੀ ਮੈਂਬਰ ਪਾਕਿਸਤਾਨ ਦਾ ਸਪੈਸ਼ਲ ਵੈਲਕਮ ਸਵੀਕਾਰ ਨਹੀਂ ਕਰੇਗਾ। ਜਥੇ ਦੇ ਮੈਂਬਰਾਂ ਦੀ ਚੋਣ ਪੰਜਾਬ ਪੁਲਿਸ, CID ਜਾਂ ਫਿਰ ਇੰਟੈਲੀਜੈਂਸ ਦੀ ਰਿਪੋਰਟ ਦੇ ਅਧਾਰ ‘ਤੇ ਹੋਵੇਗੀ। ਤੇ ਸਿਰਫ਼ ਉਹਨਾਂ ਸ਼ਰਧਾਲੂਆਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ, ਜਿਹਨਾਂ ਲਈ ਸਬੰਧਤ ਸੂਬਾ ਸਰਕਾਰ ਮਨਜ਼ੂਰੀ ਦੇਵੇਗੀ। ਕੇਂਦਰ ਵੱਲੋਂ SGPC ਨੂੰ 26 ਮਾਰਚ ਤੱਕ ਸ਼ਰਧਾਲੂਆਂ ਦੀ ਸੂਚੀ ਭੇਜਣ ਲਈ ਕਿਹਾ ਗਿਆ ਹੈ।
ਅਜਿਹਾ ਹੋਵੇਗਾ ਪ੍ਰੋਗਰਾਮ ਦਾ ਸ਼ੈਡਿਊਲ
- ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਯਾਤਰਾ ਦਾ ਜੋ ਬਿਓਰਾ ਭੇਜਿਆ ਗਿਆ ਹੈ, ਉਸ ਮੁਤਾਬਕ ਜੱਥਾ 12 ਅਪ੍ਰੈਲ ਨੂੰ ਪੈਦਲ ਹੀ ਅਟਾਰੀ-ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ‘ਚ ਦਾਖਲ ਹੋਵੇਗਾ। ਉਥੋਂ ਅੱਗੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲਈ ਰਵਾਨਾ ਹੋਵੇਗਾ।
- 13 ਅਪ੍ਰੈਲ ਨੂੰ ਜੱਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ‘ਚ ਰੁਕੇਗਾ ਅਤੇ ਉਥੋਂ ਵਲੀ ਕੰਧਾਰੀ ਗੁਫਾ ਜਾਵੇਗਾ। 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ‘ਚ ਵਿਸਾਖੀ ਦਾ ਮੁੱਖ ਸਮਾਗਮ ਹੋਵੇਗਾ। ਇਸ ਤੋਂ ਬਾਅਦ ਸਿੱਖ ਜੱਥਾ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ।
- 15 ਅਪ੍ਰੈਲ ਨੂੰ ਨਨਕਾਣਾ ਸਾਹਿਬ ‘ਚ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ 16 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਸੱਚਾ ਸੌਦਾ (ਫਰੂਖਾਬਾਦ, ਪਾਕਿਸਤਾਨ) ਦੇ ਦਰਸ਼ਨ ਕਰਕੇ ਵਾਪਸ ਸ੍ਰੀ ਨਨਕਾਣਾ ਸਾਹਿਬ ਪਰਤੇਗਾ।
- 17 ਅਪ੍ਰੈਲ ਨੂੰ ਇਹ ਜੱਥਾ ਸੜਕ ਮਾਰਗ ਰਾਹੀਂ ਸ੍ਰੀ ਨਨਕਾਣਾ ਸਾਹਿਬ ਤੋਂ ਲਾਹੌਰ ਸਥਿਤ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਜਾਵੇਗਾ।
- ਸ੍ਰੀ ਨਨਕਾਣਾ ਸਾਹਿਬ ‘ਚ 18 ਅਪ੍ਰੈਲ ਤੱਕ ਰੁਕਣ ਤੋਂ ਬਾਅਦ 19 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਪਹੁੰਚੇਗਾ ਅਚੇ ਉਥੇ ਰਾਤ ਨੂੰ ਵਿਸ਼ਰਾਮ ਹੋਵੇਗਾ।
- 20 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰੌੜੀ ਸਾਹਿਬ (ਐਮਨਾਬਾਦ) ਦੇ ਦਰਸ਼ਨ ਕਰਕੇ ਜੱਥਾ ਲਾਹੌਰ ਵਾਪਸ ਪਹੁੰਚੇਗਾ।
- ਲਾਹੌਰ ‘ਚ 21 ਅਪ੍ਰੈਲ ਤੱਕ ਗੁਰਦੁਆਰਾ ਸ੍ਰੀ ਡੇਰਾ ਸਾਹਿਬ ‘ਚ ਰੁਕਣ ਤੋਂ ਬਾਅਦ 22 ਅਪ੍ਰੈਲ ਨੂੰ ਵਾਹਘਾ ਬਾਰਡਰ ਦੇ ਰਸਤੇ ਹੀ ਜੱਥਾ ਭਾਰਤ ਪਰਤੇਗਾ।