November 27, 2022
(Amritsar)
ਪੰਜਾਬ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਅੰਮ੍ਰਿਤਸਰ ਦੇ ਰਮਦਾਸ ਸੈਕਟਰ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ। ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਸੀ। ਅੱਗੇ ਕਾਰ ਵਿੱਚ ਇਸ ਨੂੰ ਸਪਲਾਈ ਕਰਨ ਜਾ ਰਹੇ ਸ਼ਖਸ ਨੂੰ STF ਨੇ ਧਰ ਦਬੋਚਿਆ। STF ਨੇ ਤਸਕਰ ਦੀ ਕਾਰ ਤੋਂ 8 ਵਿਦੇਸ਼ੀ ਪਿਸਤੌਲ ਅਤੇ 2 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ।
ਫੜੇ ਗਏ ਤਸਕਰ ਦੀ ਪਛਾਣ ਪਰਮਜੀਤ ਸਿੰਘ ਪੰਮਾ ਦੇ ਰੂਪ ‘ਚ ਹੋਈ ਹੈ। ਇਹ ਸਰਹੱਦ ‘ਤੇ ਹੀ ਪੈਂਦੇ ਪਿੰਡ ਹਵੇਲੀਆਂ ਦਾ ਰਹਿਣ ਵਾਲਾ ਹੈ। ਹਵੇਲੀਆਂ ਪਿੰਡ ਤਸਕਰੀ ਅਤੇ ਤਸਕਰਾਂ ਲਈ ਬਦਨਾਮ ਹੈ। ਪਰਮਜੀਤ ਸਿੰਘ ਪੰਮਾ ਦੇ ਕਈ ਰਿਸ਼ਤੇਦਾਰ ਵੀ ਤਸਕਰੀ ਦੇ ਇਸ ਧੰਦੇ ਵਿੱਚ ਸ਼ਾਮਲ ਹਨ।
ਦੁਬਈ ‘ਚ ਬੈਠੇ ਕੁਲਦੀਪ ਸਿੰਘ ਦਾ ਹੱਥ
ਨਸ਼ੇ ਦੀ ਇਹ ਕਨਸਾਈਨਮੈਂਟ ਦੁਬਈ ਵਿੱਚ ਬੈਠੇ ਕੁਲਦੀਪ ਸਿੰਘ ਨੇ ਪਾਕਿਸਤਾਨ ਦੇ ਰਸਤੇ ਪੰਜਾਬ ਵਿਚ ਭਿਜਵਾਈ ਸੀ। STF ਦੇ ਅਧਿਕਾਰੀਆਂ ਨੇ ਦੱਸਿਆ ਕਿ ਪਰਮਜੀਤ ਸਿੰਘ ਪੰਮਾ ਦੀ ਕੁਲਦੀਪ ਸਿੰਘ ਨਾਲ ਹਿਸਾਰ ਜੇਲ੍ਹ ਵਿੱਚ ਮੁਲਾਕਾਤ ਹੋਈ ਸੀ। ਦੋਵਾਂ ਵਿਚਕਾਰ ਹਿਸਾਰ ਜੇਲ੍ਹ ‘ਚ ਆਪਸੀ ਰਿਸ਼ਤੇ ਬਣੇ ਸਨ। ਕੁਲਦੀਪ ਜੇਲ੍ਹ ‘ਚੋਂ ਛੁੱਟਣ ਤੋਂ ਬਾਅਦ ਹੁਣ ਦੁਬਈ ਵਿੱਚ ਸੈਟਲ ਹੋ ਗਿਆ ਹੈ। ਉਸੇ ਨੇ ਇਹ ਖੇਪ ਪਾਕਿਸਤਾਨ ਵਿੱਚ ਬੈਠੇ ਆਪਣੇ ਜਾਣਨ ਵਾਲਿਆਂ ਦੇ ਜ਼ਰੀਏ ਡਰੋਨ ਦੇ ਮਾਧਿਅਮ ਨਾਲ ਭਿਜਵਾਈ ਸੀ।
ਬਾਰਡਰ ਤੋਂ ਸਪਲਾਈ ਕੋਈ ਹੋਰ ਲੈ ਕੇ ਆਇਆ ਸੀ
ਭਾਰਤ-ਪਾਕਿ ਸਰਹੱਦ ‘ਤੇ ਰਮਦਾਸ ਸੈਕਟਰ ਵਿੱਚ ਹੈਰੋਇਨ ਅਤੇ ਹਥਿਆਰਾਂ ਦੀ ਸਪਲਾਈ ਡਰੋਨ ਦੇ ਮਾਧਿਅਮ ਨਾਲ ਪਿਛਲੀ ਰਾਤ ਆਈ ਸੀ। ਬਾਰਡਰ ਤੋਂ ਹਥਿਆਰ ਅਤੇ ਹੈਰੋਇਨ ਲੈ ਕੇ ਕੋਈ ਹੋਰ ਆਇਆ ਸੀ। ਉਸਨੇ ਅੱਗੇ ਕਨਸਾਈਨਮੈਂਟ ਹਵੇਲੀਆਂ ਦੇ ਪੰਮਾ ਨੂੰ ਦਿੱਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਬਾਰਡਰ ਤੋਂ ਸਪਲਾਈ ਲਿਆਉਣ ਵਾਲਾ ਸ਼ਖਸ ਵੀ STF ਦੇ ਰਡਾਰ ‘ਤੇ ਹੈ। ਉਸ ਨੂੰ ਤਲਾਸ਼ਿਆ ਜਾ ਰਿਹਾ ਹੈ ਅਤੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਹਾਲੇ ਬਾਰਡਰ ਤੋਂ ਸਪਲਾਈ ਲਿਆਉਣ ਵਾਲੇ ਤਸਕਰ ਦਾ ਨਾਂਅ ਜਨਤੱਕ ਨਹੀਂ ਕੀਤਾ ਜਾ ਸਕਦਾ।