November 8, 2022
(Amritsar)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਵੀ ਇਸ ਨੂੰ ਲੈ ਕੇ ਸਿਆਸੀ ਘਮਸਾਣ ਛਿੜਿਆ ਹੈ। ਬੀਬੀ ਜਗੀਰ ਕੌਰ ਦੀ ਬਗਾਵਤ ਦੇ ਚਲਦੇ ਆਏ ਭੂਚਾਲ ਤੋਂ ਬਾਅਦ ਸੁਖਬੀਰ ਬਾਦਲ ਨੇ ਖੁਦ ਮੋਰਚਾ ਸੰਭਾਲਿਆ ਹੋਇਆ ਹੈ। ਸੁਖਬੀਰ ਨੇ ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ SGPC ਮੈਂਬਰਾਂ ਦੇ ਨਾਸ ਮੀਟਿੰਗ ਕਰਕੇ ਇਤਿਹਾਸਕ ਜਿੱਤ ਦਾ ਦਾਅਵਾ ਕੀਤਾ।
ਸੁਖਬੀਰ ਨੇ ਕਿਹਾ ਕਿ ਮੀਟਿੰਗ ਵਿੱਚ ਵੱਡੀ ਗਿਣਤੀ ਮੈਂਬਰ ਸ਼ਾਮਲ ਹੋਏ ਅਤੇ ਸਾਰਿਆਂ ਨੇ ਧਾਮੀ ਦਾ ਸਾਥ ਦਿੱਤਾ ਹੈ। ਉਹਨਾਂ ਕਿਹਾ ਕਿ ਇਜਲਾਸ ਦੌਰਾਨ ਇਹ ਗਿਣਤੀ ਹੋਰ ਵਧੇਗੀ ਅਤੇ ਧਾਮੀ ਮੁੜ ਤੋਂ SGPC ਦੇ ਪ੍ਰਧਾਨ ਚੁਣੇ ਜਾਣਗੇ। ਹਾਲਾਂਕਿ ਉਹਨਾਂ ਨੇ ਮੀਟਿੰਗ ਵਿੱਚ ਸ਼ਾਮਲ ਮੈਂਬਰਾਂ ਦਾ ਸਹੀ ਅੰਕੜਾ ਨਹੀਂ ਦਿੱਤਾ।
ਬੀਬੀ ਜਗੀਰ ਕੌਰ ‘ਤੇ ਵੀ ਹਮਲਾ
ਸੁਖਬੀਰ ਬਾਦਲ ਇਸ ਦੌਰਾਨ ਜਗੀਰ ਕੌਰ ‘ਤੇ ਵੀ ਬੋਲੇ। ਉਹਨਾਂ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਜਿਤਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਬੀਜੇਪੀ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਜੋ ਪਾਰਟੀਆਂ ਖੁਦ ਨੂੰ ਪੰਥਕ ਕਹਿੰਦੀਆਂ ਹਨ, ਉਹ ਸਾਰੀਆਂ ਸਰਕਾਰੀ ਏਜੰਸੀਆਂ ਹਨ, ਜੋ SGPC ਨੂੰ ਤੋੜਨ ‘ਚ ਲੱਗੀਆਂ ਹੋਈਆਂ ਹਨ। ਸੁਖਬੀਰ ਨੇ ਕਿਹਾ ਕਿ ਜਗੀਰ ਕੌਰ ਨੂੰ ਆਪਣੇ ਫ਼ੈਸਲੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਕੇਂਦਰ ਦੇ ਇਸ਼ਾਰੇ ‘ਤੇ ਸਿੱਖਾਂ ਦੀ ਸੰਸਥਾ ਦੀ ਪਿੱਠ ‘ਤੇ ਛੁਰਾ ਨਹੀਂ ਮਾਰਨਾ ਚਾਹੀਦਾ।
ਅਕਾਲੀ ਦਲ ਲਈ ਜਗੀਰ ਕੌਰ ਬਣੇ ਚੁਣੌਤੀ
ਤਿੰਨ ਵਾਰ ਬਾਦਲ ਪਰਿਵਾਰ ਦੇ ਸਮਰਥਨ ਨਾਲ ਹੀ SGPC ਪ੍ਰਧਾਨ ਚੁਣੇ ਗਏ ਬੀਬੀ ਜਗੀਰ ਕੌਰ ਨੇ ਹੁਣ ਖੁੱਲ੍ਹੇ ਤੌਰ ‘ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਅੰਦਰਖਾਤੇ ਅਕਾਲੀ ਦਲ ਮੰਨਦਾ ਹੈ ਕਿ ਬੀਬੀ ਜਗੀਰ ਕੌਰ ਦੇ ਕੋਲ ਕਰੀਬ 30 ਮੈਂਬਰਾਂ ਦਾ ਸਮਰਥਨ ਹੈ, ਪਰ ਬੀਬੀ ਜਗੀਰ ਕੌਰ ਲਗਾਤਾਰ ਵਿਰੋਧੀ ਮੈਂਬਰਾਂ ਅਤੇ ਹੋਰ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤਾਂ ਕਰ ਰਹੇ ਹਨ। ਇੰਨਾ ਹੀ ਨਹੀਂ, ਉਹ ਅਕਾਲੀ ਦਲ ਸਮਰਥਕਾਂ ਨੂੰ ਵੀ ਆਪਣੇ ਹੱਕ ਵਿੱਚ ਕਰਨ ਵਿੱਚ ਜੁਟੇ ਹੋਏ ਹਨ, ਜਿਸਦੇ ਚਲਦੇ ਸੁਖਬੀਰ ਬਾਦਲ ਦੀ ਚਿੰਤਾ ਵਧੀ ਹੋਈ ਹੈ।