ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ, ਐਂਟੀਟੈਰਰਿਸਟ ਫਰੰਟ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਅਤੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਅਣਪਛਾਤੇ ਵਿਅਕਤੀ ਵੱਲੋਂ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਮਿਲੀਆਂ ਹਨ । ਇਨ੍ਹਾਂ ਆਗੂਆਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਾਂਗ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।
ਧਮਕੀ ਮਿਲਣ ਦੀ ਸ਼ਿਕਾਇਤ ਤੋਂ ਬਾਅਦ ਅੰਬਾਲਾ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 504 ਤੇ 506 ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਲ ਵੀਰੇਸ਼ ਸ਼ਾਂਡਿਲਿਆ ਦੇ ਫੋਨ ‘ਤੇ ਆਈ, ਜਿਸ ‘ਚ ਵੀਰੇਸ਼ ਸ਼ਾਂਡਿਲਿਆ, ਨਿਸ਼ਾਂਤ ਸ਼ਰਮਾ ਤੇ ਸੁਧੀਰ ਸੂਰੀ ਨੂੰ ਧਮਕੀ ਦਿੱਤੀ ਗਈ। ਧਮਕੀ ਦੇਣ ਵਾਲੇ ਵਿਅਕਤੀ ਨੇ ਸ਼ਾਂਡਿਲਿਆ ਨੂੰ ਉਨ੍ਹਾਂ ਦੇ ਮੋਬਾਇਲ ਫੋਨ ‘ਤੇ ਕਿਹਾ ਹੈ ਕਿ ਤੁਸੀਂ ਭਿੰਡਰਾਂਵਾਲੇ ਅਤੇ ਖਾਲਿਸਤਾਨੀਆਂ ਬਾਰੇ ਬੋਲਦੇ ਹੋ, ਤੁਸੀਂ ਚਿੰਤਾ ਨਾ ਕਰੋ ਤੁਹਾਨੂੰ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਵਾਂਗ ਮੌਤ ਦੇ ਘਾਟ ਉਤਾਰਾਂਗੇ ।
ਸ਼ਾਂਡਿਲਿਆ ਨੇ ਇਸ ਧਮਕੀ ਤੋਂ ਤੁਰੰਤ ਬਾਅਦ ਪੁਲਸ ਦੇ ਗ੍ਰਹਿ ਵਿਭਾਗ ਨੂੰ ਇਸ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਪੁਲਸ ਹਰਕਤ ਵਿਚ ਆਈ ਅਤੇ ਹਿੰਦੂ ਆਗੂਆਂ ਨੂੰ ਮਿਲੀ ਧਮਕੀ ‘ਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਤੁਰੰਤ ਐਕਸ਼ਨ ਲੈਂਦੇ ਹੋਏ ਹਰਿਆਣਾ ਦੇ ਗ੍ਰਹਿ ਸਕੱਤਰ ਨੂੰ ਕਾਰਵਾਈ ਲਈ ਸ਼ਿਕਾਇਤ ਭੇਜ ਦਿੱਤੀ ਹੈ। ਹਿੰਦੂ ਆਗੂਆਂ ਨੇ ਕਿਹਾ ਕਿ ਉਹ, ਖੂਨ ਦੇ ਆਖਰੀ ਕਤਰੇ ਤਕ ਅੱਤਵਾਦ ਖਿਲਾਫ਼ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਅੱਤਵਾਦੀਆਂ ਤੋਂ ਮਿਲ ਰਹੀਆਂ ਅਜਿਹੀਆਂ ਧਮਕੀਆਂ ਤੋਂ ਨਾ ਕਦੇ ਡਰੇ ਹਨ ਤੇ ਨਾ ਹੀ ਡਰਨਗੇ।