ਬਿਓਰੋ। ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਲਈ ਹਾਈਕਮਾਨ ਵੱਲੋਂ ਗਠਿਤ ਕਮੇਟੀ ਨੇ ਪੂਰੀ ਤਾਕਤ ਲਾ ਦਿੱਤੀ ਹੈ। ਇਸੇ ਤਹਿਤ ਸ਼ਨੀਵਾਰ ਨੂੰ ਦਿੱਲੀ ‘ਚ 3-ਮੈਂਬਰੀ ਕਮੇਟੀ ਵੱਲੋਂ ਬੈਠਕ ਕਰ ਵਿਚਾਰ-ਚਰਚਾ ਕੀਤੀ ਗਈ, ਜਿਸ ਤੋਂ ਬਾਅਦ ਸੂਬਾ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਦਾਅਵਾ ਕੀਤਾ ਕਿ ਜਲਦ ਸਾਰਾ ਮਾਮਲਾ ਸੁਲਝਾ ਲਿਆ ਜਾਵੇਗਾ।
ਹਰੀਸ਼ ਰਾਵਤ ਨੇ ਕਿਹਾ ਕਿ ਜੂਨ ਦੇ ਪਹਿਲੇ ਹਫ਼ਤੇ ਹੀ ਕਾਂਗਰਸ ਦੇ ਵਿਧਾਇਕਾਂ ਤੇ ਸਾਂਸਦਾਂ ਨੂੰ ਮੀਟਿੰਗ ਲਈ ਦਿੱਲੀ ਸੱਦਿਆ ਜਾਵੇਗਾ ਅਤੇ ਜੇਕਰ ਲੋੜ ਪਈ, ਤਾਂ ਕਮੇਟੀ ਚੰਡੀਗੜ੍ਹ ਆ ਕੇ ਵੀ ਬੈਠਕਾਂ ਕਰੇਗੀ। ਹਾਲਾਂਕਿ ਉਹਨਾਂ ਨੇ ਕਾਂਗਰਸੀ ਆਗੂਆਂ ਵੱਲੋਂ ਬੀਤੇ ਦਿਨੀਂ ਦਿੱਤੇ ਬਿਆਨਾਂ ਨੂੰ ਗਲਤ ਠਹਿਰਾਇਆ, ਪਰ ਨਾਲ ਹੀ ਕਿਹਾ, “ਇਹਨਾਂ ਗੱਲਾਂ ਨੂੰ ਭੁੱਲ ਕੇ ਅੱਗੇ ਵਧਣਾ ਪਏਗਾ। ਕਮੇਟੀ 2022 ਦੀਆਂ ਚੋਣਾਂ ਸਾਰਿਆਂ ਨੂੰ ਨਾਲ ਲੈ ਕੇ ਲੜਵਾਉਣ ਦੀ ਕੋਸ਼ਿਸ਼ ਕਰੇਗੀ।”
ਸਿੱਧੂ ਕਾਂਗਰਸ ਦਾ ਭਵਿੱਖ- ਰਾਵਤ
ਹਰੀਸ ਰਾਵਤ ਦੇ ਤੇਵਰ ਨਵਜੋਤ ਸਿੱਧੂ ਨੂੰ ਲੈ ਕੇ ਨਰਮ ਵੀ ਵਿਖਾਈ ਦਿੱਤੇ। ਉਹਨਾਂ ਕਿਹਾ, “ਸਿੱਧੂ ਕਾਂਗਰਸ ਦੇ ਮਜਬੂਤ ਲੀਡਰ ਹਨ। ਸਾਡੀ ਕੋਸ਼ਿਸ਼ ਕੈਪਟਨ ਅਤੇ ਸਿੱਧੂ ਨੂੰ ਮਿਲ ਕੇ ਚੋਣ ਲੜਾਉਣ ਦੀ ਹੋਵੇਗੀ।” ਰਾਵਤ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਦੇ ਖਿਲਾਫ਼ ਵੀ ਐਕਸ਼ਨ ਨਹੀਂ ਲਵੇਗੀ, ਬਲਕਿ ਆਗੂਆਂ ਨੂੰ ਐਕਸ਼ਨ ਮੋਡ ‘ਚ ਲਿਆਵੇਗੀ। ਲੀਡਰਸ਼ਿਪ ਬਾਰੇ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਫਿਲਹਾਲ ਲੀਡਰਸ਼ਿਪ ‘ਚ ਬਦਲਾਅ ਵਾਲੀ ਕੋਈ ਗੱਲ ਨਹੀਂ ਹੋਈ ਹੈ।
ਨਰਾਜ਼ ਆਗੂ ਬਣਾ ਰਹੇ ਰਣਨੀਤੀ
ਇੱਕ ਪਾਸੇ ਦਿੱਲੀ ‘ਚ ਨਰਾਜ਼ ਆਗੂਆਂ ਨੂੰ ਮਨਾਉਣ ਦੀ ਕਵਾਇਦ ਜਾਰੀ ਹੈ, ਤਾਂ ਇਧਰ ਪੰਜਾਬ ‘ਚ ਨਰਾਜ਼ ਆਗੂ ਆਪਣੀ ਰਣਨੀਤੀ ਬਣਾ ਰਹੇ ਹਨ। ਸ਼ਨੀਵਾਰ ਨੂੰ ਇੱਕ ਵਾਰ ਫਿਰ ਨਰਾਜ਼ ਆਗੂਆਂ ਵੱਲੋਂ ਬੈਠਕ ਕੀਤੀ ਗਈ। ਚਰਚਾ ਹੈ ਕਿ ਇਸ ਬੈਠਕ ‘ਚ ਇਹ ਤੈਅ ਕੀਤਾ ਗਿਆ ਹੈ ਕਿ ਹਾਈਕਮਾਨ ਕੋਲ ਵਿਧਾਇਕਾਂ ਵੱਲੋਂ ਕੀ ਕੁਝ ਕਿਹਾ ਜਾਵੇਗਾ। ਦੱਸਣਯੋਗ ਹੈ ਕਿ ਇਹ ਬੈਠਕ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਅਗਵਾਈ ‘ਚ ਕੀਤੀ ਗਈ, ਜਿਸ ‘ਚ ਵਿਧਾਇਕ ਪਰਗਟ ਸਿੰਘ ਤੇ ਸਤਕਾਰ ਕੌਰ ਸਣੇ ਕਈ ਹੋਰ ਵਿਧਾਇਕ ਮੌਜੂਦ ਸਨ।