ਡੈਸਕ: ਕ੍ਰਿਕਟਰ ਸੁਰੇਸ਼ ਰੈਣਾ ਦੀ ਭੂਆ ਦੇ ਪਰਿਵਾਰ ‘ਤੇ ਹਮਲੇ ਅਤੇ ਕਤਲ ਦੇ ਮਾਮਲੇ ਨੂੰ ਅੰਤਰਰਾਜੀ ਗਰੋਹ ਦੇ ਤਿੰਨ ਮੈਂਬਰਾਂ ਦੀ ਗ੍ਰਿਫ਼ਤਾਰੀ ਨਾਲ “ਹੱਲ” ਕਰ ਦਿੱਤਾ ਗਿਆ ਹੈ। ਲੁਟੇਿਰਆਂ ਨੇ ਘਰ ਵਿੱਚ ਲੁੱਟ ਦੌਰਾਨ ਰੈਣਾ ਦੇ ਫੁੱਫੜ ਤੇ ਉਸ ਦੇ ਪੁੱਤ ਦੀ ਹੱਤਿਆ ਕਰ ਦਿੱਤੀ ਸੀ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 11 ਹੋਰ ਮੁਲਜ਼ਮਾਂ ਨੂੰ ਅਜੇ ਗ੍ਰਿਫ਼ਤਾਰ ਕਰਨਾ ਬਾਕੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਹਮਲਾ ਇਕ ਅੰਤਰਰਾਜੀ ਗਿਰੋਹ ਨੇ ਕੀਤਾ ਸੀ। ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੂਸਰੇ ਪਾਸੇ ਰੈਨਾ ਅੱਜ ਥਰਿਆਲ ਪਿੰਡ ਆਪਣੇ ਫੁੱਫੜ ਦੇ ਘਰ ਪਹੁੰਚੇ। ਉਨ੍ਹਾਂ ਫੁੱਫੜ ਦੇ ਪਰਿਵਾਰ ‘ਤੇ ਹੋਏ ਹਮਲੇ ਬਾਰੇ ਜਾਣਕਾਰੀ ਲਈ। ਇਸ ਮੌਕੇ ਰੈਨਾ ਦੇ ਨਾਲ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਸਨ।
19 ਅਗਸਤ ਨੂੰ ਲੁੱਟ ਤੇ ਹਮਲੇ ਦੀ ਵਾਰਦਾਤ ‘ਚ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਤੇ ਫੁਫੇਰੇ ਭਰਾ ਕੌਸ਼ਲ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਭੂਆ ਆਸ਼ਾ ਰਾਣੀ ਨਿੱਜੀ ਹਸਪਤਾਲ ‘ਚ ਕੋਮਾ ‘ਚ ਹੈ। ਘਟਨਾ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਆਈਜੀਪੀ ਬਾਰਡਰ ਰੇਂਜ, ਅੰਮ੍ਰਿਤਸਰ ਦੇ ਅਧੀਨ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਸੀ ਤੇ ਐੱਸਐੱਸਪੀ ਪਠਾਨਕੋਟ, ਐੱਸਪੀ ਇਨਵੈਸਟੀਗੇਸ਼ਨ ਅਤੇ ਡੀਐੱਸਪੀ ਧਾਰ ਕਲਾਂ ਨੂੰ ਇਸ ਦੇ ਮੈਂਬਰ ਸਨ। ਡੀਜੀਪੀ ਅਨੁਸਾਰ ਫੜੇ ਮੁਲਜ਼ਮਾਂ ਕੋਲੋਂ ਦੋ ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ ਦੀ ਚੇਨ ਅਤੇ 1,530 ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੀ ਪਛਾਣ ਸਾਵਨ, ਮੁਹੱਬਤ ਅਤੇ ਸ਼ਾਹਰੁਖ ਖ਼ਾਨ ਵਜੋਂ ਹੋਈ ਹੈ। ਉਹ ਰਾਜਸਥਾਨ ਦੇ ਵਸਨੀਕ ਹਨ।