ਖੇਤੀ ਬਿਲਾਂ ਨੂੰ ਲੈ ਕੇ ਪੰਜਾਬ ਦੇ ਮੁਁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ੁਬਾਨੀ ਜੰਗ ਹੁਣ ਕੋਰਟ ਤੱਕ ਪਹੁੰਚ ਸਕਦੀ ਹੈ। ਦਰਅਸਲ, ਵਿਵਾਦ ਇੱਕ ਵੀਡੀਓ ਨੂੰ ਲੈ ਕੇ ਖੜ੍ਹਾ ਹੋਇਆ ਹੈ, ਜਿਸ ਨੂੰ ਅਧਾਰ ਬਣਾ ਕੇ ਸੀਐਮ ਕੈਪਟਨ ਨੇ ਕੇਜਰੀਵਾਲ ਦੀ ਨੀਅਤ ‘ਤੇ ਸਵਾਲ ਖੜ੍ਹੇ ਕਰ ਦਿਁਤੇ ਹਨ। ਕੈਪਟਨ ਵੱਲੋੰ ਜਾਰੀ ਕੀਤੇ ਗਏ ਇਸ ਕਥਿਤ ਵੀਡੀਓ ਵਿੱਚ ਕੇਜਰੀਵਾਲ ਖੇਤੀ ਬਿਲਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਦੱਸ ਰਹੇ ਹਨ। ਇਸ ਕਥਿਤ ਵੀਡੀਓ ਨੂੰ ਅਧਾਰ ਬਣਾ ਕੇ ਕੈਪਟਨ ਨੇ ਕਿਹਾ ਹੈ ਕਿ ਕੇਜਰੀਵਾਲ ਅਤੇ ਉਹਨਾਂ ਦੀ ਪਾਰਟੀ ਕਿਸਾਨਾਂ ਦੀ ਹਮਦਰਦੀ ਦਾ ਮਹਿਜ਼ ਦਿਖਾਵਾ ਭਰ ਕਰ ਰਹੀ ਹੈ। ਆਲ ਪਾਰਟੀ ਮੀਟਿੰਗ ‘ਚੋਂ ਵਾਕਆਊਟ ਵੀ ਇਸੇ ਦਿਖਾਵੇ ਦਾ ਹਿੱਸਾ ਸੀ।
ਕੈਪਟਨ ਨੇ ਕਿਹਾ, “ਇਹ ਪਹਿਲੀ ਵਾਰ ਨਹੀਂ ਕਿ ਇਸ ਮੁੱਦੇ ‘ਤੇ ‘ਆਪ’ ਦਾ ਦੋਹਰਾ ਚਿਹਰਾ ਸਾਹਮਣੇ ਆਇਆ ਹੋਵੇ। 26 ਜਨਵਰੀ ਨੂੰ ਲਾਲ ਕਿਲੇ ‘ਤੇ ਆਪ ਪੰਜਾਬ ਦੇ ਮੈੰਬਰ ਅਮਰੀਕ ਮਿੱਕੀ ਦੀ ਸ਼ਮੂਲੀਅਤ ਵੀ ਦਰਸਾਉਂਦੀ ਹੈ ਕਿ ਆਪ ਕਿਸਾਨਾਂ ਨਾਲ ਨਹੀਂ, ਬਲਕਿ ਬੀਜੇਪੀ ਨਾਲ ਖੜ੍ਹੀ ਹੈ। ਕੇਜਰੀਵਾਲ ਨੂੰ ਕਿਸਾਨਾਂ ਦੀ ਇੰਨੀ ਹੀ ਪਰਵਾਹ ਸੀ, ਤਾੰ ਨਵੰਬਰ ਵਿੱਚ ਇੱਕ ਕਾਲੇ ਕਾਨੂੰਨ ਨੂੰ ਨੋਟੀਫਾਈ ਕਿਉੰ ਕੀਤਾ? ਰਾਜਧਾਨੀ ਦੀ ਰੋਡ ‘ਤੇ ਕੀਲਾੰ ਕਿਉਂ ਲੱਗਣ ਦਿੱਤੀਆਂ?”
ਓਧਰ ਜਿਸ ਵੀਡੀਓ ਨੂੰ ਲੈ ਕੇ ਕੈਪਟਨ ਨੇ ਕੇਜਰੀਵਾਲ ਨੂੰ ਖਰੀ-ਖਰੀ ਸੁਣਾਈ ਹੈ, ਉਸ ਨੂੰ ਖੁਦ ਅਰਵਿੰਦ ਕੇਜਰੀਵਾਲ ਫਰਜ਼ੀ ਵੀਡੀਓ ਦੱਸ ਰਹੇ ਹਨ। ਕੇਜਰੀਵਾਲ ਨੇ ਟਵੀਟ ਕੀਤਾ, “ਇਹ ਵੇਖ ਕੇ ਹੈਰਾਨ ਹਾੰ ਕਿ ਕੈਪਟਨ ਆਪਣੀ ਸਿਆਸੀ ਹੋਂਦ ਲਈ ਘਟੀਆ ਸਿਆਸਤ ‘ਤੇ ਉਤਰ ਆਏ ਹਨ। ਕੈਪਟਨ ਨੇ ਜੇਕਰ ਇਹ ਵੀਡੀਓ ਤੁਰੰਤ ਡਿਲੀਟ ਨਾ ਕੀਤਾ ਅਤੇ ਮੁਆਫੀ ਨਾ ਮੰਗੀ, ਤਾੰ ਮੈਂ ਉਹਨਾੰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾੰਗਾ। “