December 4, 2022
ਰਾਜਸਥਾਨ ਦੇ ਨਾਮੀ ਗੈਂਗਸਟਰ ਰਾਜੂ ਠੇਠ ਦੇ ਕਤਲ ‘ਚ ਸ਼ਾਮਲ 4 ਸ਼ੂਟਰਾਂ ਸਮੇਤ 5 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਪੁਲਿਸ ਦੇ ਮੁਤਾਬਕ, 2 ਬਦਮਾਸ਼ਾਂ ਨੂੰ ਹਰਿਆਣਾ ਬਾਰਡਰ ਨੇੜੇ ਡਾਬਲਾ ਤੋਂ ਕਾਬੂ ਕੀਤਾ ਗਿਆ ਹੈ, ਜਦਕਿ 3 ਦੀ ਗ੍ਰਿਫ਼ਤਾਰੀ ਝੁੰਜਨੂੰ ਦੇ ਪੌਂਖ ਪਿੰਡ ਤੋਂ ਹੋਈ ਹੈ।
ਪੌਂਖ ਪਿੰਡ ਵਿੱਚ ਬਦਮਾਸ਼ਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਰਾਤ ਭਰ ਆਪਰੇਸ਼ਨ ਚਲਾਇਆ ਸੀ। ਇਸ ਆਪਰੇਸ਼ਨ ਵਿੱਚ 200 ਤੋਂ ਵੱਧ ਪੁਲਿਸ ਜਵਾਨਾਂ ਦੀਆਂ 15 ਟੀਮਾਂ ਸ਼ਾਮਲ ਸਨ, ਜਿਸ ਨੂੰ ਝੁੰਜਨੂੰ ਅਤੇ ਸੀਕਰ ਦੇ SP ਲੀਡ ਕਰ ਰਹੇ ਸਨ। ਝੁੰਜਨੂੰ ਦੇ ਪਹਾੜੀ ਇਲਾਕੇ ਵਿੱਚ ਪੁਲਿਸ ਅਤੇ ਮੁਲਜ਼ਮਾਂ ਵਿਚਕਾਰ ਮੁਠਭੇੜ ਵੀ ਹੋਈ, ਜਿਸ ਦੌਰਾਨ ਇੱਕ ਬਦਮਾਸ਼ ਦੇ ਪੈਰ ਵਿੱਚ ਗੋਲੀ ਵੀ ਵੱਜੀ।
4 ਸ਼ੂਟਰਾਂ ‘ਚੋਂ 2 ਰਾਜਸਥਾਨ ਤੇ 2 ਹਰਿਆਣਾ ਦੇ
ਰਾਜਸਥਾਨ ਦੇ DGP ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਫੜੇ ਗਏ ਸ਼ੂਟਰਾਂ ਵਿਚੋਂ 2 ਮਨੀਸ਼ ਜਾਟ ਅਤੇ ਵਿਕਰਮ ਗੁੱਜਰ ਸੀਕਰ ਦੇ ਹੀ ਰਹਿਣ ਵਾਲੇ ਹਨ। ਓਧਰ ਸਤੀਸ਼ ਕੁਮਹਾਰ ਅਤੇ ਜਤਿਨ ਮੇਘਵਾਲ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਵਾਸੀ ਹਨ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਚੀਨ ਅਤੇ ਤੁਰਕੀ ਵਿੱਚ ਬਣੇ 5 ਵਿਦੇਸ਼ੀ ਹਥਿਆਰ ਬਰਾਮਦ ਹੋਏ ਹਨ। ਇਹਨਾਂ ਨੇ 52 ਰਾਊਂਡ ਸੀਕਰ ‘ਚ, 3 ਬਬਈ ਵਿੱਚ ਅਤੇ ਮੁਠਭੇੜ ਦੌਰਾਨ 5 ਰਾਊਂਡ ਫਾਇਰ ਕੀਤੇ। ਇਹਨਾਂ ਮੁਲਜ਼ਮਾਂ ਕੋਲੋਂ ਚੋਰੀ ਦੀ ਕਰੇਟਾ ਗੱਡੀ ਵੀ ਬਰਾਮਦ ਕੀਤੀ ਹੈ।
ਸ਼ਨੀਵਾਰ ਨੂੰ ਦਿਨ-ਦਿਹਾੜੇ ਕੀਤਾ ਗਿਆ ਸੀ ਕਤਲ
ਦੱਸ ਦਈਏ ਕਿ ਸ਼ਨੀਵਾਰ ਨੂੰ ਸਵੇਰੇ ਕਰੀਬ 10 ਵਜੇ ਰਾਜਸਥਾਨ ਦੇ ਨਾਮੀ ਗੈਂਗਸਟਰ ਰਾਜੂ ਠੇਠ ਦਾ ਸੀਕਰ ਦੇ ਪਿਪਰਾਲੀ ਰੋਡ ਸਥਿਤ ਉਸਦੇ ਘਰ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ। ਕੋਚਿੰਗ ਇੰਸਟੀਚਿਊਟ ਦੀ ਯੂਨੀਫਾਰਮ ਪਾਏ ਬਦਮਾਸ਼ਾਂ ਨੇ ਘਰ ਦੇ ਬਾਹਰ ਖੜੇ ਠੇਠ ‘ਤੇ ਗੋਲੀਆਂ ਚਲਾ ਦਿੱਤੀਆਂ। ਠੇਠ ਨੂੰ 3 ਤੋਂ ਵੱਧ ਗੋਲੀਆਂ ਵੱਜੀਆਂ ਸਨ।