December 4, 2022
(Chandigarh)
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਖੁੱਲ੍ਹ ਕੇ ਬੋਲੇ ਹਨ। ਦਿਲਜੀਤ ਨੇ ਮੂਸੇਵਾਲਾ ਦੇ ਕਤਲ ਲਈ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇੱਕ ਇੰਟਰਵਿਊ ਦੇ ਦੌਰਾਨ ਦਿਲਜੀਤ ਨੇ ਕਿਹਾ, “ਮੈਨੂੰ ਨਹੀਂ ਲਗਦਾ ਕਿ ਇੱਕ ਕਲਾਕਾਰ ਕਿਸੇ ਦਾ ਕੁਝ ਗਲਤ ਕਰ ਸਕਦਾ ਹੈ। ਮੈਂ ਆਪਣਾ ਤਜ਼ਰਬਾ ਦੱਸ ਰਿਹਾ ਹਾਂ। ਉਹਨਾਂ ਦਾ ਕਿਸੇ ਨਾਲ ਕੁਝ ਹੋ ਸਕਦਾ ਹੈ, ਇਸ ਗੱਲ ਤੋਂ ਮੈਂ ਸਹਿਮਤ ਨਹੀਂ ਹਾਂ।”
ਮਾਂ-ਬਾਪ ਦਾ ਦਰਦ ਕਲਪਨਾ ਤੋਂ ਪਰੇ- ਦੁਸਾਂਝ
ਦੁਸਾਂਝ ਨੇ ਕਿਹਾ, “ਇਹ ਬੇਹੱਦ ਦੁੱਖ ਦੀ ਗੱਲ ਹੈ। ਇਸਦੇ ਬਾਰੇ ਗੱਲ ਕਰਨਾ ਵੀ ਮੁਸ਼ਕਿਲ ਹੈ। ਤੁਸੀਂ ਸੋਚੋ ਕਿ ਜੇਕਰ ਕਿਸੇ ਦਾ ਇੱਕ ਪੁੱਤਰ ਹੋਵੇ ਅਤੇ ਉਹ ਵੀ ਮਰ ਜਾਵੇ, ਤਾਂ ਮਾਤਾ-ਪਿਤਾ ਉਸਦੇ ਬਿਨ੍ਹਾਂ ਕਿਵੇਂ ਰਹਿਣਗੇ। ਤੁਸੀਂ ਇਸ ਗੱਲ ਦੀ ਕਲਪਨਾ ਵੀ ਨਹੀਂ ਕਰ ਸਕਦੇ।”
‘100 ਫ਼ੀਸਦ ਸਰਕਾਰ ਦੀ ਨਲਾਇਕੀ’
ਦਿਲਜੀਤ ਦੁਸਾਂਝ ਨੇ ਕਿਹਾ ਕਿ ਇਸਦੇ ਲਈ 100 ਫ਼ੀਸਦ ਸਰਕਾਰ ਦੀ ਨਲਾਇਕੀ ਹੈ। ਉਹਨਾਂ ਕਿਹਾ, “ਇਹ ਪਾਲੀਟਿਕਸ ਹੈ ਅਤੇ ਪਾਲੀਟਿਕਸ ਬਹੁਤ ਗੰਦੀ ਹੈ। ਅਸੀਂ ਰੱਬ ਤੋਂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਇਨਸਾਫ਼ ਮਿਲੇ ਅਤੇ ਅਜਿਹੀ ਟ੍ਰੈਜਡੀ ਕਦੇ ਨਾ ਹੋਵੇ। ਅਸੀਂ ਇਸ ਦੁਨੀਆ ਵਿੱਚ ਇੱਕ-ਦੂਜੇ ਨੂੰ ਮਾਰਨ ਲਈ ਨਹੀਂ ਆਏ ਹਾਂ, ਪਰ ਅਜਿਹਾ ਸ਼ੁਰੂ ਤੋਂ ਹੁੰਦਾ ਆਇਆ ਹੈ। ਪਹਿਲਾਂ ਵੀ ਕਲਾਕਾਰ ਮਾਰੇ ਗਏ ਹਨ।”
ਦੁਸਾਂਝ ਨੇ ਕਿਹਾ, “ਮੈਨੂੰ ਯਾਦ ਹੈ ਜਦੋਂ ਮੈਂ ਸ਼ੁਰੂਆਤ ਕੀਤੀ ਸੀ, ਉਦੋਂ ਦਿੱਕਤਾਂ ਹੁੰਦੀਆਂ ਸਨ। ਲੋਕਾਂ ਨੂੰ ਲਗਦਾ ਸੀ ਕਿ ਇਹ ਵਿਅਕਤੀ ਇੰਨਾ ਸਫਲ ਕਿਉਂ ਹੋ ਰਿਹਾ ਹੈ, ਪਰ ਕਿਸੇ ਨੂੰ ਮਾਰਨਾ…ਮੈਨੂੰ ਨਹੀਂ ਪਤਾ। ਇਹ 100 ਫ਼ੀਸਦ ਸਰਕਾਰ ਦੀ ਗਲਤੀ ਹੈ ਅਤੇ ਮੇਰੇ ਮੁਤਾਬਕ ਇਹ ਸਿਆਸਤ ਹੈ।”
ਸੁਖਬੀਰ ਵੱਲੋਂ ਦਿਲਜੀਤ ਦੇ ਬਿਆਨ ਦਾ ਸਮਰਥਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿਲਜੀਤ ਦੁਸਾਂਝ ਦੇ ਬਿਆਨ ਦੀ ਹਮਾਇਤ ਕੀਤੀ ਹੈ। ਸੁਖਬੀਰ ਨੇ ਟਵੀਟ ਕੀਤਾ, “ਮੂਸੇਵਾਲਾ ਦੇ ਕਤਲ ‘ਤੇ ਦਿਲਜੀਤ ਦੁਸਾਂਝ ਨੇ ਸਹੀ ਕਿਹਾ ਕਿ ਇਹ 100% ਸਰਕਾਰ ਦੀ ਨਲਾਇਕੀ ਹੈ। ਪੰਜਾਬ ਨੇ ਇੱਕ ਬਹੁਤ ਪਿਆਰਾ, ਜਵਾਨ ਅਤੇ ਚਾਹਵਾਨ ਪੁੱਤਰ ਗੁਆ ਦਿੱਤਾ ਹੈ। ਉਸ ਦੀ ਸੁਰੱਖਿਆ ਵਾਪਸ ਲੈਣ ਅਤੇ ਮੀਡੀਆ ਨੂੰ ਉਸ ਜਾਣਕਾਰੀ ਨੂੰ ਲੀਕ ਕਰਨ ਦੀ ਜ਼ਿੰਮੇਵਾਰੀ ਤੈਅ ਕਰੋ।”
On #SidhuMooseWala's killing, @diljitdosanjh rightly says, "Sarkar Ki Nalayki Hai 100 %."
Punjab lost a much loved, young and aspiring son.
Fix responsibility for the withdrawal of his security & leak of that info to the media @BhagwantMann. pic.twitter.com/yD0v0Ob1oW
— Sukhbir Singh Badal (@officeofssbadal) December 4, 2022
ਦੱਸ ਦਈਏ ਕਿ ਮੂਸੇਵਾਲਾ ਉਹਨਾਂ 424 ਲੋਕਾਂ ਵਿੱਚ ਸ਼ਾਮਲ ਸਨ, ਜਿਹਨਾਂ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਨੇ ਕਟੌਤੀ ਕੀਤੀ ਸੀ। ਗਾਇਕ ਦੇ ਕਤਲ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਨੇ ਉਸਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।