ਫ਼ਰੀਦਕੋਟ। ਬਰਗਾੜੀ ਬੇਅਦਬੀ ਕੇਸ ਦੀ ਜਾਂਚ ਕਰ ਰਹੀ SIT ਨੇ ਆਪਣੀ ਜਾਂਚ ਤੇਜ਼ ਕਰਦਿਆਂ 6 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। CBI ਵੱਲੋਂ ਕੇਸ ਦੀਆਂ ਫਾਈਲਾਂ ਪੰਜਾਬ ਪੁਲਿਸ ਨੂੰ ਸੌੰਪਣ ਅਤੇ IG ਬਾਰਡਰ ਰੇਂਜ ਐੱਸ.ਪੀ.ਐੱਮ. ਪਰਮਾਰ ਵੱਲੋਂ ਕਮਾਨ ਸੰਭਾਲਣ ਤੋਂ ਬਾਅਦ SIT ਦੀ ਇਹ ਪਹਿਲੀ ਵੱਡੀ ਕਾਰਵਾਈ ਹੈ।
ਗ੍ਰਿਫ਼ਤਾਰ ਕੀਤੇ ਸਾਰੇ ਮੁਲਜ਼ਮ ਕੋਟਕਪੂਰਾ ਅਤੇ ਫ਼ਰੀਦਕੋਟ ਦੇ ਵਾਸੀ ਦੱਸੇ ਜਾ ਰਹੇ ਹਨ। ਇਹਨਾਂ ‘ਚ ਸੁਖਜਿੰਦਰ ਸਿੰਘ, ਬਲਜੀਤ ਸਿੰਘ, ਸ਼ਕਤੀ ਸਿੰਘ, ਰਣਜੀਤ ਸਿੰਘ ਅਤੇ ਨਿਸ਼ਾਨ ਸਿੰਘ ਸ਼ਾਮਲ ਹਨ। ਇਹ ਸਾਰੇ ਹੀ ਡੇਰਾ ਸਿਰਸਾ ਪ੍ਰੇਮੀ ਦੱਸੇ ਜਾ ਰਹੇ ਹਨ।
4 ਮਹੀਨੇ ਪਹਿਲਾਂ ਹੀ ਬਦਲਿਆ ਸੀ ਮੁਖੀ
ਦੱਸਣਯੋਗ ਹੈ ਕਿ SIT ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੁਖਜਿੰਦਰ ਸਿੰਘ ਉਰਫ ਸੰਨੀ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਹੀ ਹਾਈਕੋਰਟ ਨੇ ਕਰੀਬ 4 ਮਹੀਨੇ ਪਹਿਲਾਂ ਪੰਜਾਬ ਸਰਕਾਰ ਨੂੰ SIT ਦਾ ਮੁਖੀ ਬਦਲੇ ਜਾਣ ਦ ਆਦੇਸ਼ ਦਿੱਤਾ ਸੀ। ਦਰਅਸਲ, ਸੰਨੀ ਨੇ ਤਤਕਾਲੀ SIT ਮੁਖੀ ਆਰ.ਐਁਸ. ਖੱਟੜਾ ‘ਤੇ ਪੱਖਪਾਤ ਦਾ ਇਲਜ਼ਾਮ ਲਾਇਆ ਸੀ। ਹਾਲਾਂਕਿ ਹਾਈਕੋਰਟ ਨੇ ਖੱਟੜਾ ਨੂੰ ਕਾਬਿਲ ਅਫ਼ਸਰ ਦੱਸਿਆ, ਪਰ ਮੁਲਜ਼ਮ ਵੱਲੋਂ ਜਤਾਏ ਗਏ ਖਦਸ਼ੇ ਦੂਰ ਕਰਨ ਲਈ ਹਾਈਕੋਰਟ ਨੇ ਨਵਾਂ SIT ਮੁਖੀ ਤੈਨਾਤ ਕੀਤੇ ਜਾਣ ਦਾ ਸਰਕਾਰ ਨੂੰ ਹੁਕਮ ਦੇ ਦਿੱਤਾ ਸੀ।
ਬੇਅਦਬੀਆਂ ਨਾਲ ਜੁੜੇ ਤਿੰਨੇ ਕੇਸਾਂ ਦੇ ਮੁਖੀ ਬਦਲੇ ਗਏ
ਜ਼ਿਕਰੇਖਾਸ ਹੈ ਕਿ 6 ਸਾਲ ਪਹਿਲਾਂ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ, ਬੇਅਦਬੀ ਅਤੇ ਫਿਰ ਬਹਿਬਲ ਕਲਾਂ ਗੋਲੀਕਾਂਡ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਬਣਾਈਆਂ ਗਈਆਂ ਤਿੰਨੇ SIT ਦੇ ਮੁਖੀ ਪਿਛਲੇ ਦਿਨੀਂ ਬਦਲੇ ਗਏ ਹਨ।
- ਪਹਿਲਾਂ ਹਾਈਕੋਰਟ ਦੇ ਆਦੇਸ਼ ‘ਤੇ ਬਰਗਾੜੀ ਤੋਂ ਪਾਵਨ ਸਰੂਪ ਚੋਰੀ ਹੋਣ ਅਤੇ ਬੇਅਦਬੀ ਮਾਮਲੇ ਦੀ ਜਾਂਚ ਆਰ.ਐੱਸ. ਖੱਟੜਾ ਤੋਂ ਲੈ ਕੇ IG ਬਾਰਡਰ ਰੇਂਜ ਐੱਸ.ਪੀ.ਐੱਸ. ਪਰਮਾਰ ਨੂੰ ਸੌੰਪੀ ਗਈ।
- ਪਿਛਲੇ ਮਹੀਨੇ ਹਾਈਕੋਰਟ ਵੱਲੋਂ ਕੋਟਕਪੂਰਾ ਫਾਇਰਿੰਗ ਕੇਸ ਦੀ ਜਾਂਚ ਰੱਦ ਕਰਨ ਅਤੇ ਕੁੰਵਰ ਵਿਜੇ ਪ੍ਰਤਾਪ ਨੂੰ ਜਾਂਚ ਤੋਂ ਦੂਰ ਰੱਖੇ ਜਾਣ ਦੇ ਫ਼ੈਸਲੇ ਤੋਂ ਬਾਅਦ ਇਸ ਮਾਮਲੇ ‘ਚ ਨਵੀਂ SIT ਦਾ ਗਠਨ ਕੀਤਾ ਗਿਆ ਅਤੇ ਜਾਂਚ ਦਾ ਜ਼ਿੰਮਾ ADGP ਵਿਜੀਲੈਂਸ ਐੱਲ.ਕੇ. ਯਾਦਵ ਨੂੰ ਸੌੰਪਿਆ ਗਿਆ।
- ਓਧਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਦੇ ਚਲਦੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ IG ਜਲੰਧਰ ਰੇਂਜ ਨੌਨਿਹਾਲ ਸਿੰਘ ਨੂੰ ਸੌੰਪੀ ਗਈ ਹੈ।