ਨਿਊਜ਼ ਡੈਸਕ। ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ‘ਤੇ ਜਾਰੀ ਕਿਸਾਨ ਅੰਦੋਲਨ ਨੂੰ 6 ਮਹੀਨੇ ਪੂਰੇ ਹੋ ਗਏ ਹਨ। 6 ਮਹੀਨਿਆਂ ਦੇ ਅੰਦੋਲਨ ਦੇ ਬਾਵਜੂਦ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਹੱਕ ‘ਚ ਨਜ਼ਰ ਨਹੀਂ ਆ ਰਹੀ। ਲਿਹਾਜ਼ਾ ਕਿਸਾਨ ਬੁੱਧਵਾਰ ਨੂੰ 6 ਅੰਦੋਲਨ ਦੇ ਮਹੀਨੇ ਪੂਰੇ ਹੋਣ ‘ਤੇ ਕਾਲੇ ਦਿਵਸ ਵਜੋਂ ਮਨਾ ਰਹੇ ਹਨ।
ਕਿਸਾਨਾਂ ਦਾ ਇਹ 6 ਮਹੀਨੇ ਲੰਮਾ ਸੰਘਰਸ਼ ਬੇਹੱਦ ਮੁਸ਼ਕਿਲਾਂ ਭਰਿਆ ਰਿਹਾ। ਬੇਸ਼ੱਕ ਇਹਨਾਂ 6 ਮਹੀਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਇੱਕਜੁਟਤਾ ਵਿਖਾਉਣ ਦੀ ਪੂਰੀ ਕੋਸ਼ਿਸ਼ ਹੋਈ, ਪਰ ਕਈ ਮੌਕੇ ਅਜਿਹੇ ਵੀ ਆਏ, ਜਦੋਂ ਕਿਸਾਨ ਅੰਦੋਲਨ ਕਈ ਤਰ੍ਹਾਂ ਦੇ ਵਿਵਾਦਾਂ ‘ਚ ਘਿਰਿਆ ਰਿਹਾ ਅਤੇ ਇਸ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਦੱਸਦੇ ਹਾਂ ਆਖਰ ਉਹ ਕਿਹੜੇ ਵਿਵਾਦ ਰਹੇ, ਜਿਹਨਾਂ ਕਾਰਨ ਸਮੇਂ-ਸਮੇਂ ‘ਤੇ ਅੰਦੋਲਨ ‘ਤੇ ਸਵਾਲ ਚੁੱਕੇ ਜਾਂਦੇ ਰਹੇ।
26 ਜਨਵਰੀ ਹਿੰਸਾ ਸਭ ਤੋਂ ਵੱਡਾ ਮੁੱਦਾ
26 ਨਵੰਬਰ, 2020 ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ 3 ਮਹੀਨੇ ਯਾਨੀ 26 ਜਨਵਰੀ, 2021 ਤੱਕ ਲਗਭਗ ਸ਼ਾਂਤਮਈ ਤਰੀਕੇ ਨਾਲ ਜਾਰੀ ਰਿਹਾ। ਪਰ ਕਿਉਂਕਿ ਇੰਨੇ ਸਮੇਂ ਦੌਰਾਨ ਵੀ ਕੇਂਦਰ ਸਰਕਾਰ ਸਿਰਫ਼ ਕਿਸਾਨਾਂ ਨਾਲ ਮੀਟਿੰਗਾਂ ਤੇ ਮੀਟਿੰਗਾਂ ਹੀ ਕਰਦੀ ਰਹੀ, ਕਿਸੇ ਸਿੱਟੇ ‘ਤੇ ਨਹੀਂ ਪਹੁੰਚਿਆ ਗਿਆ, ਲਿਹਾਜ਼ਾ ਕਿਸਾਨਾਂ ਨੇ 26 ਜਨਵਰੀ ਨੂੰ ਦਿੱਲੀ ਕੂਚ ਦਾ ਮਨ ਬਣਾ ਲਿਆ। ਕਿਸਾਨਾਂ ਵੱਲੋਂ ਦਿੱਲੀ ਪੁਲਿਸ ਤੋਂ ਟ੍ਰੈਕਟਰ ਪਰੇਡ ਦੀ ਇਜਾਜ਼ਤ ਮੰਗੀ ਗਈ। ਦਿੱਲੀ ਪੁਲਿਸ ਨੇ ਕੁਝ ਸ਼ਰਤਾਂ ਨਾਲ ਟ੍ਰੈਕਟਰ ਪਰੇਡ ਦੀ ਇਜਾਜ਼ਤ ਦੇ ਵੀ ਦਿੱਤੀ, ਜਿਹਨਾਂ ‘ਚੋਂ ਸਭ ਤੋਂ ਮੁੱਖ ਸ਼ਰਤ ਸੀ ਕਿ ਕਿਸਾਨ ਦਿੱਲੀ ਦੇ ਆਊਟਰ ਹਿੱਸੇ ‘ਚ ਹੀ ਟ੍ਰੈਕਟਰ ਪਰੇਡ ਕਰਨਗੇ। ਇਸਦੇ ਲਈ ਬਕਾਇਦਾ ਇੱਕ ਰੂਟ ਵੀ ਤੈਅ ਕੀਤਾ ਗਿਆ ਸੀ।
ਇਸ ਟ੍ਰੈਕਟਰ ਪਰੇਡ ‘ਤੇ ਵਿਵਾਦ ਉਸ ਵੇਲੇ ਖੜ੍ਹਾ ਹੋਇਆ, ਜਦੋਂ ਕੁਝ ਕਿਸਾਨ(ਜਾਂ ਕਹਿ ਲਓ ਸ਼ਰਾਰਤੀ ਤੱਤ) ਦਿੱਲੀ ਪੁਲਿਸ ਦਾ ਰੂਟ ਨਾ ਮੰਨਦੇ ਹੋਏ ਟ੍ਰੈਕਟਰ ਪਰੇਡ ਦੀ ਆੜ ‘ਚ ਲਾਲ ਕਿਲ੍ਹੇ ਵੱਲ ਵਧਣ ਲੱਗੇ। ਲਾਲ ਕਿਲ੍ਹੇ ਵੱਲ ਵਧਦੇ ਹੋਏ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਦੀਆਂ ਸੜਕਾਂ ‘ਤੇ ਖੂਬ ਹਿੰਸਾ ਅਤੇ ਤੋੜਫੋੜ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਉਹਨਾਂ ‘ਤੇ ਟ੍ਰੈਕਟਰ ਤੱਕ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।
ਅਖੀਰ ਇਹ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ‘ਤੇ ਪਹੁੰਚ ਗਏ ਅਤੇ ਇੱਕ ਤਰ੍ਹਾਂ ਨਾਲ ਕਿਲ੍ਹੇ ‘ਤੇ ਕਬਜ਼ਾ ਹੀ ਕਰ ਲਿਆ। ਹੋਰ ਤਾਂ ਹੋਰ, ਕਿਸਾਨਾਂ ਵੱਲੋਂ ਲਾਲ ਕਿਲ੍ਹੇ ‘ਤੇ ਕੇਸਰੀ ਝੰ਼ਡਾ ਵੀ ਲਹਿਰਾਇਆ ਗਿਆ। ਇਸ ਪੂਰੀ ਹਿੰਸਾ ਦੌਰਾਨ 250 ਤੋਂ ਵੱਧ ਪੁਲਿਸਕਰਮੀ ਜ਼ਖਮੀ ਹੋਏ ਸਨ।
ਇਸ ਪੂਰੇ ਕਾਂਡ ਤੋਂ ਬਾਅਦ ਜਦੋਂ ਹਿੰਸਾ ਦੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ, ਤਾਂ ਖੁਲਾਸਾ ਹੋਇਆ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ ਵੱਲੋਂ ਕਥਿਤ ਤੌਰ ‘ਤੇ ਇਸ ਪੂਰੇ ਪ੍ਰਦਰਸ਼ਨ ਦੀ ਅਗਵਾਈ ਕੀਤੀ ਗਈ ਸੀ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਹਿੰਸਾ ਤੋਂ ਕਿਨਾਰਾ ਕਰ ਲਿਆ, ਇਸਦੀ ਨਿਖੇਧੀ ਕੀਤੀ ਅਤੇ ਇਹ ਵੀ ਕਿਹਾ ਕਿ ਦੀਪ ਸਿੱਧੂ ਨੂੰ 32 ਕਿਸਾਨ ਜਥੇਬੰਦੀਆਂ ਪਹਿਲਾਂ ਤੋਂ ਹੀ ਖੁਦ ਤੋਂ ਵੱਖ ਕਰ ਚੁੱਕੀਆਂ ਹਨ।
ਇਸ ਸਭ ਦੇ ਵਿਚਾਲੇ ਦਿੱਲੀ ਪੁਲਿਸ ਵੱਲੋਂ ਤੈਅ ਕੀਤੇ ਗਏ ਰੂਟ ਤੋਂ ਟ੍ਰੈਕਟਰ ਮਾਰਚ ਦੀਆਂ ਤਸਵੀਰਾਂਵੀ ਸਾਹਮਣੇ ਆਈਆਂ। 32 ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਪੁਲਿਸ ਦੇ ਦੱਸੇ ਰੂਟ ਉੱਪਰ ਹੀ ਟ੍ਰੈਕਟਰ ਮਾਰਚ ਕੱਢਿਆ ਗਿਆ ਸੀ, ਲਾਲ ਕਿਲ੍ਹਾ ਹਿੰਸਾ ਉਹਨਾਂ ਦੀ ਯੋਜਨਾ ਦਾ ਹਿੱਸਾ ਨਹੀਂ ਸੀ।
ਲਾਲ ਕਿਲ੍ਹਾ ਹਿੰਸਾ ਤੋਂ ਬਾਅਦ ਖ਼ਬਰਾਂ ਇਹ ਵੀ ਆਈਆਂ ਕਿ ਸਰਕਾਰ, ਕਿਸਾਨਾਂ ‘ਤੇ ਐਕਸ਼ਨ ਦੀ ਤਿਆਰੀ ‘ਚਹੈ। ਪਰ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਹੰਝੂ ਇਸ ਕਦਰ ਕਿਸਾਨਾਂ ਲਈ ਸਮਰਥਨ ਜੁਟਾਉਣ ਲੱਗੇ ਕਿ ਸਰਕਾਰ ਨੂੰ ਮੁੜ ਝੁਕਣ ਲਈ ਮਜਬੂਰ ਹੋਣਾ ਪਿਆ। ਯਾਦ ਰਹੇ ਕਿ ਲਾਲ ਕਿਲ੍ਹਾ ਹਿੰਸਾ ਤੋਂ ਬਾਅਦ ਜਦੋਂ ਕਿਸਾਨ ਅੰਦੋਲਨ ‘ਤੇ ਸਵਾਲ ਉਠਣ ਲੱਗੇ, ਤਾਂ ਕਿਸਾਨਾਂ ਨੇ ਇਸ ਪੂਰੀ ਹਿੰਸਾ ਨੂੰ ਬੀਜੇਪੀ ਦੀ ਸਾਜ਼ਿਸ਼ ਦੱਸਣ ‘ਚ ਵੀ ਕੋਈ ਕਸਰ ਨਹੀਂ ਛੱਡੀ ਸੀ ਅਤੇ ਕੁਝ ਇਸੇ ਤਰ੍ਹਾਂ ਦਾ ਬਿਆਨ ਮੀਡੀਆ ਨੂੰ ਦਿੰਦੇ ਹੋਏ ਕਿਸਾਨ ਆਗੂ ਰਾਕੇਸ਼ ਟਿਕੈਤ ਮੀਡੀਆ ਸਾਹਮਣੇ ਭਾਵੁਕ ਹੋ ਗਏ ਸਨ।
ਅੰਦੋਲਨ ਦਾ ‘ਖਾਲਿਸਤਾਨੀ’ ਕੁਨੈਕਸ਼ਨ !
26 ਜਨਵਰੀ ਹਿੰਸਾ ਤੋਂ ਬਾਅਦ ਕਿਸਾਨਾਂ ਦੇ ਇਸ ਅੰਦੋਲਨ ਨੂੰ ਖਾਲਿਸਤਾਨੀ ਰੰਗ ਵੀ ਦਿੱਤਾ ਜਾਣ ਲੱਗਾ। ਹਾਲਾਂਕਿ ਕਿਸਾਨ ਅੰਦੋਲਨ ‘ਚ ਖਾਲਿਸਤਾਨੀ ਤੱਤਾਂ ਦੀ ਸ਼ਮੂਲੀਅਤ ਦੇ ਇਲਜ਼ਾਮ ਲਾਲ ਕਿਲ੍ਹਾ ਹਿੰਸਾ ਤੋਂ ਪਹਿਲਾਂ ਵੀ ਲੱਗਦੇ ਰਹੇ, ਪਰ 26 ਜਨਵਰੀ ਦੀ ਹਿੰਸਾ ਦੇ ਅੰਦੋਲਨ ਦੇ ਵਿਰੋਧੀਆਂ ਨੂੰ ਜਿਵੇਂ ਹੋਰ ਬੋਲਣ ਦਾ ਮੌਕਾ ਦੇ ਦਿੱਤਾ ਹੋਵੇ। ਇਲਜ਼ਾਮ ਲਗਾਏ ਜਾਣ ਲੱਗੇ ਕਿ ਕਿਸਾਨ ਅੰਦੋਲਨ ਵਿਦੇਸ਼ਾਂ ‘ਚ ਬੈਠੇ ਖਾਲਿਸਤਾਨੀਆਂ ਦੀ ਸ਼ੈਅ ‘ਤੇ ਚਲਾਇਆ ਜਾ ਰਿਹਾ ਹੈ ਅਤੇ ਇਸ ‘ਤੇ ਹੋਣ ਵਾਲਾ ਪੂਰਾ ਖਰਚ ਖਾਲਿਸਤਾਨੀ ਸਮਰਥਕ ਦੇ ਰਹੇ ਹਨ।
ਅੰਦੋਲਨ ਦੇ ਖਾਲਿਸਤਾਨੀ ਕੁਨੈਕਸ਼ਨ ਦੇ ਇਲਜ਼ਾਮਾਂ ਨੂੰ ਉਸ ਵੇਲੇ ਹੋਰ ਵੀ ਹਵਾ ਮਿਲੀ, ਜਦੋਂ ਨਾਮਵਰ ਵਿਦੇਸ਼ੀ ਹਸਤੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਜਾਣ ਲੱਗੀ। ਨੌਰਵੇ ਦੀ ਪੌਪ ਸਟਾਰ ਰਿਹਾਨਾ ਤੇ 18 ਸਾਲਾ ਕਲਾਈਮੇਟ ਐਕਟੀਵਿਸਟ ਗ੍ਰੇਟਾ ਥਨਬਰਗ ਸਮੇਤ ਕਈ ਵਿਦੇਸ਼ੀ ਹਸਤੀਆਂ ਨੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ, ਜਿਸ ਤੋਂ ਬਾਅਦ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇਸ ਸਮਰਥਨ ਦੀ ਆੜ ‘ਚ ਕਿਸੇ ਸਾਜ਼ਿਸ਼ ਵੱਲ ਇਸ਼ਾਰਾ ਕੀਤਾ।
ਪੂਰਾ ਵਿਵਾਦ ਉਸ ਵੇਲੇ ਹੋਰ ਵੀ ਵੱਧ ਗਿਆ, ਜਦੋਂ ਕਿਸਾਨ ਅੰਦੋਲਨ ਸਬੰਧੀ ਇੱਕ ਟੂਲਕਿਟ ਚਰਚਾ ‘ਚ ਆਈ। ਕਿਸਾਨਾਂ ਦੇ ਸਮਰਥਨ ‘ਚ ਸਵੀਡਨ ਦੀ ਕਲਾਈਮੈਟ ਐਕਟੀਵਿਸਟ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ ਸੀ, ਜਿਸ ‘ਚ ਅੰਦੋਲਨ ਕਿਵੋਂ ਕਰਨਾ ਹੈ, ਇਸਦੀ ਜਾਣਕਾਰੀ ਵਾਲੇ ਟੂਲਕਿਟ ਨੂੰ ਸਾਂਝਾ ਕੀਤਾ ਗਿਆ। ਟੂਲਕਿਟ ਵਿੱਚ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਣ ਲਈ ਕਿਹਾ ਗਿਆ। ਟਵੀਟ ਵਿੱਚ ਕਿਹੜਾ ਹੈਸ਼ਟੈਗ ਲਗਾਉਣਾ ਹੈ, ਕਿਵੇਂ ਬਚਣਾ ਹੈ, ਇਸਦੀ ਪੂਰੀ ਜਾਣਕਾਰੀ ਦਿੱਤੀ ਗਈ। ਗ੍ਰੇਟਾ ਨੇ ਪਹਿਲਾਂ ਵਾਲੇ ਟੂਲਕਿਟ ਨੂੰ ਡਿਲੀਟ ਕਰਕੇ ਉਸਨੂੰ ਅਪਡੇਟ ਕਰਕੇ ਮੁੜ ਵੀ ਸ਼ੇਅਰ ਕੀਤਾ। ਦੱਸਣਯੋਗ ਹੈ ਕਿ ਟੂਲਕਿਟ ਇਕ ਅਜਿਹਾ ਡੋਕਿਊਮੈਂਟ ਹੈ, ਜਿਸ ‘ਚ ਦਸਿਆ ਜਾਂਦਾ ਹੈ ਕਿ ਕਿਸੇ ਮੁੱਦੇ ਨੂੰ ਲੈ ਕੇ ਸਮਰਥਨ ਕਿਵੇਂ ਜੁਟਾਉਣਾ ਹੈ, ਕੀ ਕਰਨਾ ਹੈ, ਕਿਵੇਂ ਕਰਨਾ ਹੈ ਅਤੇ ਕਿਵੇਂ ਬਚਣਾ ਹੈ। ਗ੍ਰੇਟਾ ਵੱਲੋਂ ਜਾਰੀ ਕੀਤੇ ਇਸ ਟੂਲਕਿਟ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ FIR ਵੀ ਦਰਜ ਕੀਤੀ ਗਈ।
ਬਾਲੀਵੁੱਡ ਅਦਾਕਾਰਾ ਕੰਗਨਾ ਵੀ ਵਾਰ-ਵਾਰ ਇਸ ਵਿਵਾਦ ‘ਚ ਆਪਣੀ ਬਿਆਨਬਾਜ਼ੀ ਕਰਦੀ ਰਹੀ। ਉਹਨਾਂ ਵੱਲੋਂ ਆਏ ਦਿਨ ਟਵੀਟ ਕਰ ਕਿਸਾਨਾਂ ਨੂੰ ਖਾਲਿਸਤਾਨੀ ਤੇ ਅੱਤਵਾਦੀ ਕਿਹਾ ਜਾਂਦਾ ਰਿਹਾ। ਅੰਦੋਲਨ ਦਾ ਸਮਰਥਨ ਕਰਨ ਵਾਲੀਆਂ ਹਸਤੀਆਂ ਖਾਸਕਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਉਹਨਾਂ ਨਾਲ ਟਵਿਟਰ ‘ਤੇ ਖੂਬ ਉਲਝੇ ਅਤੇ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕਰਦੇ ਰਹੇ। ਕੰਗਨਾ ਨੂੰ ਆਪਣੇ ਟਵੀਟਸ ਕਾਰਨ ਖੂਬ ਅਲੋਚਨਾ ਦਾ ਸਾਹਮਣਾ ਕਰਨਾ ਪਿਆ।
ਜਦੋਂ ਨਿਸ਼ਾਨੇ ‘ਤੇ ਆਏ ਸਿਆਸਤਦਾਨ
ਕਿਸਾਨਾਂ ਦਾ ਇਹ ਅੰਦੋਲਨ ਉਸ ਵੇਲੇ ਹੋਰ ਹਿੰਸਕ ਹੋਣ ਲੱਗਿਆ, ਜਦੋਂ ਸ਼ਹਿਰ-ਸ਼ਹਿਰ ਕਿਸਾਨਾਂ ਵੱਲੋਂ ਬੀਜੇਪੀ ਆਗੂਆਂ ਦਾ ਵਿਰੋਧ ਹੋਣ ਲੱਗਿਆ। ਵਿਰੋਧ ਦੀ ਆੜ ‘ਚ ਕਿਸਾਨਾਂ ਵੱਲੋਂ ਕਥਿਤ ਤੌਰ ‘ਤੇ ਬੀਜੇਪੀ ਆਗੂਆਂ ‘ਤੇ ਹਮਲੇ ਕੀਤੇ ਜਾਣ ਲੱਗੇ। ਸਭ ਤੋਂ ਵੱਡਾ ਹਮਲਾ ਮਾਰਚ ਮਹੀਨੇ ‘ਚ ਬੀਜੇਪੀ ਵਿਧਾਇਕ ਅਰੁਣ ਨਾਰੰਗ ‘ਤੇ ਹੋਇਆ। ਅਬੋਹਰ ਤੋਂ ਬੀਜੇਪੀ ਵਿਧਾਇਕ ਅਰੁਣ ਨਾਰੰਗ ਜਦੋਂ ਮਲੋਟ ‘ਚ ਇੱਕ ਪ੍ਰੈੱਸ ਕਾਨਫ਼ਰੰਸ ਕਰਨ ਆਏ, ਤਾਂ ਪਹਿਲਾਂ ਤੋਂ ਹੀ ਮੌਜੂਦ ਕਿਸਾਨਾਂ ਨੇ ਉਹਨਾਂ ‘ਤੇ ਹਮਲਾ ਬੋਲ ਦਿੱਤਾ ਅਤੇ ਸਰੇ-ਬਜ਼ਾਰ ਉਹਨਾਂ ਦੇ ਕੱਪੜੇ ਤੱਕ ਫਾੜ ਦਿੱਤੇ।
ਅਜਿਹਾ ਹੀ ਇੱਕ ਹਮਲਾ ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹੋਇਆ। ਜਲੰਧਰ ਤੋਂ ਪਠਾਨਕੋਟ ਜਾਂਦੇ ਸਮੇਂ ਟੋਲ ਪਲਾਜ਼ਾ ‘ਤੇ ਕੁਝ ਆਗੂਆਂ ਵੱਲੋਂ ਉਹਨਾਂ ਗੱਡੀ ‘ਤੇ ਹਮਲਾ ਕੀਤਾ ਗਿਆ। ਕਿਸਾਨਾਂ ਨੇ ਅਸ਼ਵਨੀ ਸ਼ਰਮਾ ਨੇ ਕਾਫਲੇ ਨੂੰ ਘੇਰ ਲਿਆ ਸੀ। ਹਾਲਾਂਕਿ ਸੁਰੱਖਿਆ ਕਰਮੀਆਂ ਨੂੰ ਅਸ਼ਵਨੀ ਸ਼ਰਮਾ ਨੂੰ ਕਿਸੇ ਤਰ੍ਹਾਂ ਦੂਰ ਲਿਜਾ ਕੇ ਉਹਨਾਂ ਨੂੰ ਬਚਾ ਲਿਆ।
ਇਸੇ ਸਾਲ ਜਨਵਰੀ ਮਹੀਨੇ ‘ਚ ਇੱਕ ਵਿਰੋਧ ਹਰਿਆਣਾ ਦੇ ਕਰਨਾਲ ‘ਚ ਵੀ ਵੇਖਣ ਨੂੰ ਮਿਲਿਆ, ਜਿਥੇ ਬੀਜੇਪੀ ਵੱਲੋਂ ਆਯੋਜਿਤ ਕਿਸਾਨ ਮਹਾਂਪੰਚਾਇਤ ਲਈ ਪਹੁੰਚੇ ਹਰਿਆਣਾ ਦੇ ਸੀਐੱਮ ਮਨੋਹਰ ਲਾਲ ਦਾ ਚੌਪਰ ਤਕ ਇਸ ਲਈ ਲੈਂਡ ਨਹੀਂ ਕੀਤਾ ਜਾ ਸਕਿਆ, ਕਿਉਂਕਿ ਵੱਡੀ ਗਿਣਤੀ ਕਿਸਾਨ ਇਥੇ ਸੀਐੱਮ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ। ਸੀਐੱਮ ਮਨੋਹਰ ਲਾਲ ਇਥੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫ਼ਾਇਦੇ ਸਮਝਾਉਣ ਲਈ ਪਹੁੰਚ ਰਹੇ ਸਨ।
ਨਾ ਸਿਰਫ਼ ਬੀਜੇਪੀ, ਬਲਕਿ ਕਾਂਗਰਸੀ ਆਗੂਆਂ ਨੂੰ ਵੀ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਸਾਂਸਦ ਰਵਨੀਤ ਬਿੱਟੂ ਇਸੇ ਸਾਲ ਜਨਵਰੀ ਮਹੀਨੇ ਦਿੱਲੀ ਸਥਿਤ ਗੁਰੂ ਤੇਗ ਬਹਾਦਰ ਮੈਮੋਰੀਅਲ ਵਿਖੇ ਪਹੁੰਚੇ ਸਨ, ਜਿਥੇ ਜਨ ਸੰਸਦ ਦੌਰਾਨ ਉਹਨਾਂ ‘ਤੇ ਹਮਲਾ ਕੀਤਾ ਗਿਆ। ਹਮਲੇ ਦੌਰਾਨ ਬਿੱਟੂ ਦੀ ਦਸਤਾਰ ਲੱਥ ਗਈ ਅਤੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਗਈ। ਬਿੱਟੂ ਨਾਲ ਉਸ ਵੇਲੇ ਕੋਈ ਵੀ ਸੁਰੱਖਿਆ ਕਰਮੀ ਮੌਜੂਦ ਨਹੀਂ ਸੀ, ਇਸ ਲਈ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਹਮਲੇ ਤੋਂ ਬਾਅਦ ਬਿੱਟੂ ਨੇ ਹਮਲੇ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਦੱਸਿਆ ਅਤੇ ਦੋਹਰਾਇਆ ਕਿ ਉਹ ਕਿਸਾਨ ਅੰਦੋਲਨ ਨਾਲ ਖੜ੍ਹੇ ਰਹਿਣਗੇ।
ਅੰਦੋਲਨ ਦੌਰਾਨ ਰੇਪ ਦਾ ਵੱਡਾ ਇਲਜ਼ਾਮ
ਇਸੇ ਮਹੀਨੇ ਦੀ ਸ਼ੁਰੂਆਤ ‘ਚ ਕਿਸਾਨ ਅੰਦੋਲਨ ‘ਤੇ ਇੱਕ ਹੋਰ ਵੱਡਾ ਦਾਗ ਲੱਗਿਆ, ਜੋ ਸ਼ਾਇਦ ਕਦੇ ਮਿਟਣ ਵਾਲਾ ਨਹੀਂ। ਦਰਅਸਲ, ਟਿਕਰੀ ਬਾਰਡਰ ‘ਤੇ ਜਾਰੀ ਅੰਦੋਲਨ ‘ਚ ਸ਼ਾਮਲ ਹੋਈ ਪੱਛਮੀ ਬੰਗਾਲ ਦੀ ਇੱਕ 26 ਸਾਲਾ ਕੁੜੀ ਨਾਲ ਬਲਾਤਕਾਰ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਸ ਕੁੜੀ ਦੀ 30 ਅਪ੍ਰੈਲ ਨੂੰ ਕੋਰੋਨਾ ਦੇ ਚਲਦੇ ਮੌਤ ਹੋਣ ਦੇ ਬਾਅਦ ਇਸ ਘਟਨਾ ਦਾ ਖੁਲਾਸਾ ਹੋਇਆ। ਕੁੜੀ ਦੇ ਪਿਤਾ ਦੀ ਸ਼ਿਕਾਇਤ ਦੇ ਅਧਾਰ ‘ਤੇ ਪੁਲਿਸ ਨੇ 2 ਮਹਿਲਾਵਾਂ ਸਣੇ 6 ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੀੜਤ ਮਹਿਲਾ 11 ਅਪ੍ਰੈਲ ਨੂੰ ਪੱਛਮੀ ਬੰਗਾਲ ਤੋਂ ਇਹਨਾਂ ਮੁਲਜ਼ਮਾਂ ਦੇ ਨਾਲ ਹੀ ਟਿਕਰੀ ਬਾਰਡਰ ‘ਤੇ ਪ੍ਰਦਰਸ਼ਨ ‘ਚ ਸ਼ਾਮਲ ਹੋਣ ਆਈ ਸੀ। ਇਲਜ਼ਾਮ ਹੈ ਕਿ ਦਿੱਲੀ ਆਉਂਦੇ ਸਮੇਂ ਟਰੇਨ ‘ਚ ਅਤੇ ਕਿਸਾਨ ਅੰਦੋਲਨ ‘ਚ ਹਿੱਸਾ ਲੈਣ ਸਮੇਂ ਉਸ ਨਾਲ ਰੇਪ ਕੀਤਾ ਗਿਆ। ਅੰਦੋਲਨ ਦੇ ਦੌਰਾਨ ਹੀ ਮਹਿਲਾ ਕੋਰੋਨਾ ਪਾਜ਼ੀਟਿਵ ਹੋ ਗਈ ਅਤੇ 30 ਅਪ੍ਰੈਲ ਨੂੰ ਕੋਰੋਨਾ ਦੇ ਚਲਦੇ ਉਸਦੀ ਮੌਤ ਹੋ ਗਈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਦਰਸ਼ਨ ‘ਚ ਸ਼ਾਮਲ ਕਿਸਾਨ ਜਥੇਬੰਦੀਆਂ ‘ਤੇ ਸਭ ਕੁਝ ਜਾਣਦੇ ਹੋਏ ਵੀ ਮਾਮਲਾ ਲੁਕਾਉਣ ਦਾ ਇਲਜ਼ਾਮ ਲੱਗਿਆ, ਜਿਸ ‘ਤੇ ਸਫ਼ਾਈ ਦੇਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਪੀੜਤਾ ਦੇ ਪਿਤਾ ਨਾਲ ਵਰਚੁਅਲ ਪ੍ਰੈੱਸ ਕਾਨਫਰੰਸ ਕੀਤੀ ਗਈ। ਆਗੂਆਂ ਨੇ ਕਿਹਾ ਕਿ ਉਹ ਹਰ ਹਾਲ ‘ਚ ਦੋਸ਼ੀਆਂ ਨੂੰ ਸਜ਼ਾ ਦਵਾਉਣਾ ਚਾਹੁੰਦੇ ਸਨ, ਪਰ ਪੀੜਤਾ ਦੇ ਪਿਤਾ FIR ਦਰਜ ਕਰਵਾਉਣ ਨੂੰ ਤਿਆਰ ਨਹੀਂ ਸਨ। ਕਿਸਾਨ ਆਗੂਆਂ ਦੇ ਸਮਝਾਉਣ ‘ਤੇ ਹੀ ਪੀੜਤਾ ਦੇ ਪਿਤਾ ਨੇ ਰੇਪ ਦੀ ਸ਼ਿਕਾਇਤ ਦਰਜ ਕਰਵਾਈ।
ਕੋਰੋਨਾ ਕਾਲ ‘ਚ ਕਿਸਾਨ ਅੰਦੋਲਨ
ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋਇਆ ਸੀ, ਉਸ ਵੇਲੇ ਕੋਰੋਨਾ ਦੀ ਪਹਿਲੀ ਲਹਿਰ ਦਾ ਕਹਿਰ ਘੱਟ ਹੋ ਚੁੱਕਿਆ ਸੀ ਤੇ ਹਾਲਾਤ ਸੁਧਰਨ ਲੱਗੇ ਸਨ। ਇਸ ਲਈ ਸ਼ੁਰੂਆਤੀ ਦਿਨਾਂ ‘ਚ ਕੋਰੋਨਾ ਦੇ ਚਲਦੇ ਕਿਸਾਨ ਅੰਦੋਲਨ ਨੂੰ ਜ਼ਿਆਦਾ ਕੋਸਿਆ ਨਹੀਂ ਗਿਆ। ਹਾਲਾਂਕਿ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਇਹ ਹਦਾਇਤ ਜ਼ਰੂਰ ਦਿੱਤੀ ਗਈ ਸੀ ਕਿ ਕਿਸਾਨ ਅੰਦੋਲਨ ਨੂੰ ਮਰਕਜ ਦੀ ਰਾਹ ‘ਤੇ ਜਾਣ ਤੋਂ ਰੋਕਣ ਲਈ ਗਾਈਡਲਾਈਂਸ ਤੈਅ ਕੀਤੀਆਂ ਜਾਣ।
ਇਸ ਤੋਂ ਬਾਅਦ ਮਾਰਚ ਮਹੀਨੇ ‘ਚ ਜਦੋਂ ਕੋਰੋਨਾ ਦੀ ਦੂਜੀ ਲਹਿਰ ਨੇ ਕਹਿਰ ਵਿਖਾਉਣਾ ਸ਼ੁਰੂ ਕੀਤਾ, ਤਾਂ ਵੇਖਦੇ ਹੀ ਵੇਖਦੇ ਕੋਰੋਨਾ ਆਪਣੇ ਸਾਰੇ ਰਿਕਾਰਡ ਤੋੜਦਾ ਹੋਇਆ ਪੈਰ ਪਸਾਰਨ ਲੱਗਿਆ। ਜਦੋਂ ਕੋਰੋਨਾ ਆਪਣੇ ਪੂਰੇ ਚਰਮ ‘ਤੇ ਸੀ, ਤਾਂ ਇੱਕ ਵਾਰ ਕੋਰੋਨਾ ਕਾਲ ‘ਚ ਕਿਸਾਨ ਅੰਦੋਲਨ ਚਲਾਏ ਜਾਣ ਨੂੰ ਲੈ ਕੇ ਸਵਾਲ ਉਠਣ ਲੱਗੇ। ਚਰਚਾ ਹੋਣ ਲੱਗੀ ਕਿ ਕਿਸਾਨ ਕੋਰੋਨਾ ਨਿਯਮਾਂ ਦੀ ਪਾਲਣਾ ਕੀਤੇ ਬਿਨ੍ਹਾਂ ਅੰਦੋਲਨ ਕਰ ਰਹੇ ਹਨ। ਕਿਸਾਨਾਂ ਨੇ ਟੈਸਟਿੰਗ ਤੱਕ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਹਰਿਆਣਾ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਕੀਤੇ ਜਾਣ ਦੇ ਬਾਵਜੂਦ ਕਿਸਾਨ ਕੋਰੋਨਾ ਟੈਸਟ ਕਰਵਾਉਣ ਨੂੰ ਤਿਆਰ ਨਹੀਂ ਹੋਏ।
ਵਿਵਾਦ ਉਸ ਵੇਲੇ ਹੋਰ ਵੱਧ ਗਿਆ, ਜਦੋਂ ਪੰਜਾਬ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਬਿਆਨ ਦੇ ਦਿੱਤਾ ਕਿ ਦਿੱਲੀ ਮੋਰਚੇ ਤੋਂ ਆਪਣੇ ਪਿੰਡ ਵਾਪਸ ਪਰਤ ਰਹੇ ਕਿਸਾਨ ਕੋਰੋਨਾ ਟੈਸਟ ਨਹੀਂ ਕਰਵਾਉਂਦੇ, ਜੋ ਪਿੰਡਾਂ ‘ਚ ਕੋਰੋਨਾ ਦੇ ਫੈਲਾਅ ਦਾ ਇੱਕ ਵੱਡਾ ਕਾਰਨ ਹੈ।
ਪਟਿਆਲਾ ‘ਚ ਕਿਸਾਨਾਂ ਵੱਲੋਂ 3 ਦਿਨਾ ਪ੍ਰਦਰਸ਼ਨ ਦੇ ਐਲਾਨ ਮਗਰੋਂ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੋਰੋਨਾ ਦਾ ਹਵਾਲਾ ਦੇ ਕੇ ਕਿਸਾਨਾਂ ਨੂੰ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ ਸੀ, ਪਰ ਕਿਸਾਨ ਕਿਸੇ ਦੀ ਵੀ ਸੁਣਨ ਨੂੰ ਤਿਆਰ ਨਹੀਂ।
ਹਾਲਾਂਕਿ ਕਿਸਾਨ ਇਹ ਜ਼ਰੂਰ ਕਹਿੰਦੇ ਹਨ ਕਿ ਉਹ ਨਹੀਂ ਚਾਹੁੰਦੇ ਕਿ ਕੋਈ ਮਹਾਂਮਾਰੀ ਦੀ ਚਪੇਟ ‘ਚ ਆਵੇ, ਪਰ ਸੰਘਰਸ਼ ਵੀ ਨਹੀਂ ਛੱਡ ਸਕਦੇ। ਕਿਸਾਨਾਂ ਮੁਤਾਬਕ, “ਇਹ ਉਹਨਾਂ ਲਈ ਜ਼ਿੰਦਗੀ ਅਤੇ ਮੌਤ ਦਾ ਮਾਮਲਾ ਹੈ। ਨਾ ਸਿਰਫ਼ ਉਹਨਾਂ ਲਈ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ।”
PM ਨੂੰ ਲਿਖੀ ਚਿੱਠੀ ‘ਤੇ ਵਿਚਾਰਾਂ ‘ਚ ਮਤਭੇਦ
5 ਦਿਨ ਪਹਿਲਾਂ ਖ਼ਬਰ ਆਈ ਕਿ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਮੁੜ ਤੋਰਨ ਦੀ ਮੰਗ ਕੀਤੀ ਗਈ ਹੈ। ਇਸ ਚਿੱਠੀ ‘ਚ ਕਿਸਾਨਾਂ ਨੇ ਕਿਹਾ ਸੀ ਕਿ ਲੋਕਤਾਂਤਰਿਕ ਸਰਕਾਰ ਦਾ ਮੁਖੀ ਹੋਣ ਦੇ ਨਾਤੇ ਇਸ ਗੰਭੀਰ ਚਰਚਾ ਨੂੰ ਅੱਗੇ ਤੋਰਨ ਦੀ ਜ਼ਿੰਮੇਵਾਰੀ ਪੀਐੱਮ ਦੀ ਹੀ ਬਣਦੀ ਹੈ। ਪ੍ਰਧਾਨ ਮੰਤਰੀ ਨੂੰ ਲਿਖੀ ਇਹ ਚਿੱਠੀ ਕਿਸਾਨ ਜਥੇਬੰਦੀਆਂ ਵਿਚਾਲੇ ਮਤਭੇਦ ਦਾ ਕਾਰਨ ਬਣ ਗਈ।
ਇੱਕ ਦਿਨ ਬਾਅਦ ਖ਼ਬਰ ਆਈ ਕਿ ਪੀਐੱਮ ਨੂੰ ਲਿਖੀ ਚਿੱਠੀ ਸਿਰਫ਼ 9 ਆਗੂਆਂ ਵੱਲੋਂ ਲਿਖੀ ਗਈ ਹੈ, ਜਦਕਿ ਬਾਕੀ ਕਿਸਾਨ ਆਗੂ ਇਸ ਚਿੱਠੀ ਨੂੰ ਲਿਖਣ ਦੇ ਹੱਕ ‘ਚ ਨਹੀਂ ਸਨ। ਕਾਬਿਲੇਗੌਰ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਕਿਸਾਨ ਜਥੇਬੰਦੀਆਂ ਦੇ ਵਿਚਾਰਾਂ ‘ਚ ਮਤਭੇਦ ਸਾਹਮਣੇ ਆਏ ਹੋਣ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਗੂਆਂ ਵਿਚਾਲੇ ਵਿਚਾਰ-ਤਕਰਾਰ ਚਲਦੀ ਆਈ ਹੈ, ਪਰ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਤੇ ਜਾ ਰਹੇ ਇਸ ਅੰਦੋਲਨ ਲਈ ਕਿਸਾਨ ਆਗੂ ਮੁੜ ਸਭ ਕੁਝ ਭੁੱਲ ਕੇ ਇਕਜੁੱਟ ਹੀ ਨਜ਼ਰ ਆਉਂਦੇ ਹਨ।
ਬਹਿਰਹਾਲ, ਇਹਨਾਂ ਸਾਰੇ ਵਿਵਾਦਾਂ ਨੂੰ ਝੱਲਦਾ ਹੋਇਆ ਹੁਣ ਕਿਸਾਨ ਅੰਦੋਲਨ 7ਵੇਂ ਮਹੀਨੇ ‘ਚ ਦਾਖਲ ਹੋ ਚੁੱਕਿਆ ਹੈ। ਸ਼ੁਰੂਆਤ ਤੋਂ ਹੀ ਇਹ ਕਿਹਾ ਜਾਂਦਾ ਰਿਹਾ ਹੈ ਕਿ ਅੰਦੋਲਨ ਲੰਮਾ ਚੱਲੇਗਾ, ਪਰ ਇੰਨਾ ਲੰਮਾ ਚੱਲੇਗਾ, ਇਸਦੀ ਸ਼ਾਇਦ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ। ਇੰਨੇ ਲੰਮੇਂ ਸਮੇਂ ਤੋਂ ਬਾਅਦ ਵੀ ਅੰਦੋਲਨ ਫਿਲਹਾਲ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਗੈਰ ਕੁਝ ਮੰਨਣ ਨੂੰ ਤਿਆਰ ਨਹੀਂ, ਤਾਂ ਓਧਰ ਸਰਕਾਰ ਕਈ ਵਾਰ ਕਿਸਾਨਾਂ ਨੂੰ ਸਾਫ-ਸਾਫ ਕਹਿ ਚੁੱਕੀ ਹੈ ਕਿ ਗੱਲਬਾਤ ਉਦੋਂ ਹੀ ਅੱਗੇ ਤੋਰੀ ਜਾਵੇਗੀ, ਜਦੋਂ ਕਿਸਾਨ ਅੰਦੋਲਨ ਖ਼ਤਮ ਕਰਕੇ ਸਰਕਾਰ ਕੋਲ ਚਰਚਾ ਲਈ ਆਉਣਗੇ। ਅਜਿਹੇ ‘ਚ ਇਹ ਅੰਦੋਲਨ ਫਿਲਹਾਲ ਆਪਣੇ ਅੰਜਾਮ ਵੱਲ ਵਧਦਾ ਨਜ਼ਰ ਨਹੀਂ ਆ ਰਿਹਾ।