ਚੰਡੀਗੜ੍ਹ। ਦੇਸ਼ ‘ਚ ਇੱਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਮਹਾਂਗਠਜੋੜ ਦੀ ਮੰਗ ਉਠਣ ਲੱਗੀ ਹੈ। ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ, ਬਾਕੀ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਮੋਦੀ ਸਰਕਾਰ ਨੂੰ ਲੋਕਤਾਂਤਰਿਕ ਤਰੀਕੇ ਨਾਲ ਸੱਤਾ ਤੋਂ ਲਾਂਭੇ ਕਰਨ ਲਈ ਰਾਸ਼ਟਰ ਵਿਆਪੀ ਮੁਹਿੰਮ ਸ਼ੁਰੂ ਕਰਨ। ਜਾਖੜ ਨੇ ਇਸਦੇ ਲਈ 30 ਮਈ ਦਾ ਦਿਨ ਵੀ ਸੁਝਾਇਆ ਹੈ, ਜਦੋਂ ਮੋਦੀ ਸਰਕਾਰ ਨੂੰ ਦੂਜੀ ਵਾਰ ਸੱਤਾ ‘ਚ ਆਏ 2 ਸਾਲ ਪੂਰੇ ਹੋਣ ਜਾ ਰਹੇ ਹਨ।
‘ਹਰ ਮੁਹਾਜ ‘ਤੇ ਨਾਕਾਮ ਮੋਦੀ ਸਰਕਾਰ’
ਕਿਸਾਨ ਅੰਦੋਲਨ ਅਤੇ ਕੋਰੋਨਾ ਮਹਾਂਮਾਰੀ ਦਾ ਜ਼ਿਕਰ ਕਰਦਿਆਂ ਸੁਨੀਲ ਜਾਖੜ ਨੇ ਕਿਹਾ, “ਮੋਦੀ ਸਰਕਾਰ ਹਰ ਮੁਹਾਜ ‘ਤੇ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਕੋਰੋਨਾ ਕਾਲ ‘ਚ ਲੋਕ ਦਰ-ਦਰ ਭਟਕੇ ਰਹੇ ਹਨ ਅਤੇ ਹਜ਼ਾਰਾਂ ਮਨੁੱਖੀ ਦੇਹਾਂ ਨੂੰ ਅੰਤਿਮ ਸਸਕਾਰ ਵੀ ਨਸੀਬ ਨਹੀਂ ਹੋ ਸਕੇ। ਇਸ ਸਭ ਨੇ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਅਜਿਹੀ ਗੈਰ-ਸੰਵੇਦਨਸ਼ੀਲ ਸਰਕਾਰ ਨੂੰ ਸੱਤਾ ‘ਚ ਰਹਿਣ ਦਾ ਕੋਈ ਹੱਕ ਨਹੀਂ ਹੈ। ਇਸ ਲਈ ਜ਼ਰੂਰੀ ਹੈ ਕਿ ਸਾਰੀਆਂ ਪਾਰਟੀਆਂ ਦੇਸ਼ ਦੇ ਸੰਘੀ ਢਾਂਚੇ, ਦੇਸ਼ ਦੇ ਗਰੀਬ ਅਤੇ ਕਿਸਾਨ ਦੀ ਹੋਂਦ ਲਈ ਖਤਰਾ ਬਣੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਲੋਕਤਾਂਤਰਿਕ ਤਰੀਕੇ ਨਾਲ ਹਟਾਉਣ ਲਈ ਇਕ ਵੱਡੀ ਮੁਹਿੰਮ ਦਾ ਅਗਾਜ ਕਰਨ ਤਾਂ ਜੋ ਦੇਸ਼, ਲੋਕਤੰਤਰ ਅਤੇ ਦੇਸ਼ ਦੇ ਕਿਸਾਨ ਨੂੰ ਇਸ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਬਚਾਇਆ ਜਾ ਸਕੇ।”
‘ਸੋਨੀਆ ਗਾਂਧੀ ਕਰਨ ਮੁਹਿੰਮ ਦੀ ਅਗਵਾਈ’
ਸੁਨੀਲ ਜਾਖੜ ਨੇ ਕਿਹਾ, “ਇਸ ਮੁਹਿੰਮ ਦੀ ਅਗਵਾਈ ਲਈ ਸੋਨੀਆ ਗਾਂਧੀ ਸਭ ਤੋਂ ਢੁਕਵੇਂ ਆਗੂ ਹਨ ਅਤੇ ਮੇਰੀ ਅਪੀਲ ਹੈ ਕਿ ਸ੍ਰੀਮਤੀ ਗਾਂਧੀ ਇਸ ਸੰਕਟ ਦੇ ਸਮੇਂ ਵਿਚ ਦੇਸ਼ ਦੇ ਲੋਕਤੰਤਰ ਦੀ ਰਾਖੀ ਲਈ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਇਕ ਰਣਨੀਤੀ ਉਲੀਕਦੇ ਹੋਏ ਇਸ ਮੁਹਿੰਮ ਨੂੰ ਆਰੰਭ ਕਰਨ।” ਉਹਨਾਂ ਨੇ ਕਿਹਾ, “ਇਹ ਸਿਰਫ ਕਾਲੇ ਖੇਤੀ ਕਾਨੂੰਨਾਂ ਦੀ ਹੀ ਗੱਲ ਨਹੀਂ ਹੈ, ਜੇਕਰ ਇਹ ਸਰਕਾਰ ਸੱਤਾ ਵਿਚ ਬਣੀ ਰਹੇਗੀ ਤਾਂ ਇਸ ਦੇਸ਼ ਦਾ ਕੁਝ ਵੀ ਨਹੀਂ ਬਚੇਗਾ। ਇਸ ਲਈ ਸਭ ਨੂੰ ਦੇਸ਼ ਨੂੰ ਬਚਾਉਣ ਲਈ ਅਜਿਹੀ ਮੁਹਿੰਮ ਦੀ ਰੂਪਰੇਖਾ ਉਲੀਕ ਕੇ ਉਸ ਤੇ ਕੰਮ ਕਰਨਾ ਚਾਹੀਦਾ ਹੈ।”