ਜਲਾਲਾਬਾਦ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਹੰਸ ਰਾਜ ਜੋਸਨ ਕਾਂਗਰਸ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਉਹਨਾਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ।
ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਹੰਸ ਰਾਜ ਜੋਸਨ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਏ ਜਾਣ ਦਾ ਵੀ ਐਲਾਨ ਕੀਤਾ ਗਿਆ। ਚਰਚਾ ਇਹ ਵੀ ਹੈ ਕਿ ਜੋਸਨ ਨੂੰ ਫਾਜ਼ਿਲਕਾ ਤੋਂ ਚੋਣ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ।
ਕੌਣ ਹਨ ਹੰਸ ਰਾਜ ਜੋਸਨ ?
ਹੰਸ ਰਾਜ ਜੋਸਨ ਫਾਜ਼ਿਲਕਾ ਖਾਸਕਰ ਜਲਾਲਾਬਾਦ ਹਲਕੇ ਤੋਂ ਕਾਂਗਰਸ ਦਾ ਵੱਡਾ ਚਿਹਰਾ ਹਨ। ਉਹ 1992 ਤੋਂ 1997 ਅਤੇ 2002 ਤੋਂ 2007 ਤੱਕ ਜਲਾਲਾਬਾਦ ਤੋਂ ਵਿਧਾਇਕ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਸੂਬੇ ਦੇ ਸਾਬਕਾ ਜੰਗਲਾਤ ਮੰਤਰੀ ਵੀ ਰਹਿ ਚੁੱਕੇ ਹਨ। ਹਾਲ ਹੀ ‘ਚ ਕਾਂਗਰਸ ਵੱਲੋਂ ਉਹਨਾਂ ਨੂੰ ਫ਼ਾਜ਼ਿਲਕਾ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
ਕਾਂਗਰਸ ‘ਤੇ ਚੁੱਕਦੇ ਰਹੇ ਸਵਾਲ
ਪਿਛਲੇ ਕੁਝ ਸਮੇਂ ਤੋਂ ਪੰਜਾਬ ਕਾਂਗਰਸ ‘ਤੇ ਸੀਨੀਅਰ ਆਗੂਆਂ ਨੂੰ ਅਣਗੌਲਿਆਂ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ। ਹੰਸ ਰਾਜ ਜੋਸਨ ਵੀ ਉਹਨਾਂ ਆਗੂਆਂ ‘ਚੋਂ ਇੱਕ ਹਨ, ਜਿਹਨਾਂ ਵੱਲੋਂ ਕਾਂਗਰਸ ਦੇ ਕੰਮਕਾਜ ‘ਤੇ ਕਈ ਵਾਰ ਸਵਾਲ ਚੁੱਕੇ ਗਏ।