ਮੁੱਖ ਮੰਤਰੀ ਨੇ ਆਖਿਆ ਕਿ ‘ਆਪ’ ਦੀ ਪ੍ਰਤਿਕਿਰਿਆ ਆਸ ਮੁਤਾਬਕ ਹੀ ਸੀ, ਕਿਉਂਕਿ ਇਸ ਪਾਰਟੀ ਨੇ ਕਦੇ ਵੀ ਕਿਸਾਨ ਭਾਈਚਾਰੇ ਦੇ ਹਿੱਤਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਪਹਿਲੀ ਸਰਕਾਰ ਸੀ, ਜਿਸ ਨੇ ਕੇਂਦਰ ਸਰਕਾਰ ਦੇ ਵਿਵਾਦਤ ਤੇ ਖਤਰਨਾਕ ਖੇਤੀ ਕਾਨੂੰਨਾਂ ਵਿੱਚੋਂ ਇੱਕ ਨੂੰ ਨੋਟੀਫਾਈ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੱਚਾਈ ਇਹ ਹੈ ਕਿ ‘ਆਪ’ ਨੂੰ ਖੇਤੀਬਾੜੀ ਖੇਤਰ ਨਾਲ ਜੁੜੇ ਲੋਕਾਂ ਦੀ ਭਲਾਈ ਦਾ ਕੋਈ ਫਿਕਰ ਨਹੀਂ ਅਤੇ ਕਿਸਾਨਾਂ ਦੇ ਹੱਕ ਵਿੱਚ ਕੀਤੇ ਜਾਣ ਵਾਲੇ ਹਰ ਫ਼ੈਸਲੇ ਦਾ ਉਹ ਵਿਰੋਧ ਕਰਦੇ ਹਨ।
‘Criticism by @AamAadmiParty of our decision to waive off debt of farm labourers and landless farmers, it has exposed anti-farmer stance of @ArvindKejriwal. We aren’t making false promises like them, just fulfilling ours’: @capt_amarinder pic.twitter.com/cwLUIkXEYk
— Raveen Thukral (@RT_MediaAdvPBCM) July 16, 2021
‘ਆਪ’ ਡਰਾਮੇਬਾਜ਼, ਕਾਂਗਰਸ ਭਰੋਸੇਮੰਦ- ਕੈਪਟਨ
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’, ਜਿਹੜੀ ਸਿਰਫ ਵੋਟਰਾਂ ਨੂੰ ਖਿੱਚਣ ਲਈ ਚੋਣਾਂ ਤੋਂ ਪਹਿਲਾਂ ਵਾਅਦਿਆਂ ਦਾ ਡਰਾਮਾ ਕਰਦੀ ਹੈ, ਦੇ ਉਲਟ ਕਾਂਗਰਸ ਸਰਕਾਰ ਆਪਣੇ ਵਾਅਦਿਆਂ ਨੂੰ ਲਾਗੂ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਚੇਤੇ ਕਰਵਾਉਂਦਿਆਂ ਕਿਹਾ ਕਿ ‘ਆਪ’ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਅਨੇਕਾਂ ਵਿੱਤੀ ਔਕੜਾਂ ਅਤੇ ਕੋਵਿਡ ਮਹਾਂਮਾਰੀ ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਬਾਵਜੂਦ 2017 ਚੋਣਾਂ ਮੌਕੇ ਕੀਤੇ ਹਰ ਵਾਅਦੇ ਨੂੰ ਲਾਗੂ ਕਰਨ ਲਈ ਵਚਨਬੱਧ ਹੈ।
ਅੰਕੜਿਆਂ ‘ਚ ਹੇਰਾਫੇਰੀ ਕਰਨ ‘ਚ ਕੇਜਰੀਵਾਲ ਅੱਗੇ- ਕੈਪਟਨ
ਕੇਜਰੀਵਾਲ ਵੱਲੋਂ ਹਰ ਸੂਬੇ, ਜਿੱਥੇ ਉਹ ਆਪਣੀ ਪਾਰਟੀ ਦੀ ਚੋਣ ਮੁਹਿੰਮ ਸ਼ੁਰੂ ਕਰਨ ਲਈ ਦੌਰਾ ਕਰ ਰਹੇ ਹਨ, ਵਿੱਚ ਮੁਫਤ ਬਿਜਲੀ ਯੂਨਿਟ ਦੇਣ ਦੇ ਕੀਤੇ ਜਾ ਰਹੇ ਵਾਅਦੇ ‘ਤੇ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਆਪ ਆਗੂ ਪੈਂਤੜੇਬਾਜ਼ੀ ਦਾ ਉਸਤਾਦ ਹੈ। ਦਿੱਲੀ ਦੇ ਅੰਕੜਿਆਂ ਦਾ ਵਿਸਲੇਸ਼ਣ ਦੱਸਦਾ ਹੈ ਕਿ ਕੌਮੀ ਰਾਜਧਾਨੀ ਦੇ ਬਾਸ਼ਿੰਦਿਆਂ ਨਾਲੋਂ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਸਸਤੀ ਬਿਜਲੀ ਮਿਲਦੀ ਹੈ। ਇਸ ਤੋਂ ਇਲਾਵਾ ਦਿੱਲੀ ਦੇ ਕਿਸਾਨਾਂ ਨੂੰ ਕੇਜਰੀਵਾਲ ਸਰਕਾਰ ਕੋਲੋਂ ਇਕ ਪੈਸੇ ਦੀ ਵੀ ਰਾਹਤ ਜਾਂ ਮਦਦ ਨਹੀਂ ਮਿਲਦੀ।” ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕੇਜਰੀਵਾਲ ਗਲਤ ਜਾਣਕਾਰੀ ਫੈਲਾਉਣ ਲਈ ਅੰਕੜਿਆਂ ਦੀ ਹੇਰਾਫਰੀ ਕਰਦੇ ਹਨ, ਜਿਸ ਵਿੱਚ ਕਿ ਉਹ ਪੂਰੀ ਤਰ੍ਹਾਂ ਮੁਹਾਰਤ ਰੱਖਦੇ ਹਨ।
ਕੈਪਟਨ ਨੇ ਕੀ ਐਲਾਨ ਕੀਤਾ ਸੀ?
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਖੇਤ ਮਜ਼ਦੂਰਾਂ ਅਤੇ ਭੂਮੀਹੀਣ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। 2 ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ 2.85 ਲੱਖ ਖੇਤ ਮਜਦੂਰਾਂ ਅਤੇ ਭੂਮੀਹੀਣ ਕਿਸਾਨਾਂ ਦੀ ਕਰਜ਼ ਮੁਆਫ਼ੀ ਦਾ ਐਲਾਨ ਕਰ ਦਿੱਤਾ ਸੀ। ਇਹ ਕਰਜ਼ ਮੁਆਫੀ ਦੀ ਰਾਸ਼ੀ 590 ਕਰੋੜ ਹੋਵੇਗੀ। ਇਸਦੇ ਲਈ ਸਰਕਾਰ ਨੇ 20 ਅਗਸਤ ਨੂੰ ਸੂਬਾ ਪੱਧਰੀ ਸਮਾਗਮ ਆਯੋਜਿਤ ਕੀਤੇ ਜਾਣ ਦੀ ਵੀ ਗੱਲ ਕਹੀ ਹੈ। ਆਮ ਆਦਮੀ ਪਾਰਟੀ ਨੇ ਕੈਪਟਨ ਦੇ ਇਸ ਐਲਾਨ ਨੂੰ ਚੁਣਾਵੀ ਜੁਮਲਾ ਦੱਸਦੇ ਹੋਏ ਸਵਾਲ ਖੜ੍ਹੇ ਕੀਤੇ ਸਨ।