ਚੰਡੀਗੜ੍ਹ। ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦਾ ਹਾਲੇ ਐਲਾਨ ਵੀ ਨਹੀਂ ਹੋਇਆ ਕਿ ਕਾਂਗਰਸ ‘ਚ ਜ਼ਬਰਦਸਤ ਬਵਾਲ ਖੜ੍ਹਾ ਹੋ ਗਿਆ। ਹੁਣ ਸੀਐੱਮ ਕੈਪਟਨ ਦੀ ਨਰਾਜ਼ਗੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸੀਐੱਮ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਸਪੱਸ਼ਟ ਸ਼ਬਦਾਂ ‘ਚ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੀ ਖਿਲਾਫਤ ਕਰ ਦਿੱਤੀ ਹੈ।
ਸੋਨੀਆ ਨੂੰ ਕੈਪਟਨ ਦੀ ਸਿੱਧੀ ਚੇਤਾਵਨੀ !
ਸੂਤਰਾਂ ਮੁਤਾਬਕ, ਸੋਨੀਆ ਨੂੰ ਲਿਖੀ ਚਿੱਠੀ ‘ਚ ਕੈਪਟਨ ਨੇ ਕਿਹਾ ਹੈ ਕਿ ਪੁਰਾਣੇ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਕਰਕੇ ਸਿੱਧੂ ਨੂੰ ਪ੍ਰਧਾਨ ਬਣਾਉਣਾ ਠੀਕ ਨਹੀਂ ਹੋਵੇਗਾ। ਇਸਦੇ ਪਿੱਛੇ ਕੈਪਟਨ ਨੇ ਸਿੱਖਾਂ ਤੇ ਹਿੰਦੂਆਂ ਦੇ ਧਾਰਮਿਕ ਅਤੇ ਜਾਤੀਗਤ ਸਮੀਕਰਨਾਂ ਦਾ ਹਵਾਲਾ ਦਿੱਤਾ ਹੈ। ਨਾਲ ਹੀ ਕੈਪਟਨ ਨੇ ਸਿੱਧੂ ਦੇ ਵਰਕਿੰਗ ਸਟਾਈਲ ‘ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਇਸ ਨਾਲ ਕਾਂਗਰਸ ਨੂੰ ਨੁਕਸਾਨ ਹੋਵੇਗਾ। ਖ਼ਬਰਾਂ ਇਥੋਂ ਤੱਕ ਹਨ ਕਿ ਚਿੱਠੀ ‘ਚ ਕੈਪਟਨ ਨੇ ਹਾਈਕਮਾਂਡ ਨੂੰ ਪੰਜਾਬ ਦੇ ਮਾਮਲਿਆਂ ‘ਚ ਜ਼ਰੂਰਤ ਤੋਂ ਜ਼ਿਆਦਾ ਦਖਲ ਨਾ ਦੇਣ ਦੀ ਵੀ ਸਲਾਹ ਦਿੱਤੀ ਹੈ।
ਕੈਪਟਨ ਨੂੰ ਮਨਾਉਣ ਲਈ ਚੰਡੀਗੜ੍ਹ ਆਉਣਗੇ ਰਾਵਤ
ਕਾਂਗਰਸ ਇੰਚਾਰਜ ਹਰੀਸ਼ ਰਾਵਤ ਸ਼ਨੀਵਾਰ ਨੂੰ ਚੰਡੀਗੜ੍ਹ ਆ ਰਹੇ ਹਨ। ਜਾਣਕਾਰੀ ਮੁਤਾਬਕ, ਹਰੀਸ਼ ਰਾਵਤ ਕੈਪਟਨ ਨਾਲ ਮੁਲਾਕਾਤ ਕਰਕੇ ਸੋਨੀਆ ਗਾਂਧੀ ਦਾ ਸੁਨੇਹਾ ਉਹਨਾਂ ਤੱਕ ਪਹੁੰਚਾਉਣਗੇ ਅਤੇ ਉਹਨਾਂ ਦੀ ਨਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਹਰੀਸ਼ ਰਾਵਤ ਚੰਡੀਗੜ੍ਹ ‘ਚ ਕੁਝ ਹੋਰ ਆਗੂਆਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ।
ਸੋਨੀਆ ਨੂੰ ਮਿਲੇ ਸਨ ਨਵਜੋਤ ਸਿੱਧੂ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਹੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਬੈਠਕ ‘ਚ ਰਾਹੁਲ ਗਾਂਧੀ ਵੀ ਮੌਜੂਦ ਰਹੇ ਸਨ। ਹਾਲਾਂਕਿ ਇਸ ਬੈਠਕ ਤੋਂ ਬਾਅਦ ਨਵਜੋਤ ਸਿੱਧੂ ਮੀਡੀਆ ਨਾਲ ਗੱਲ ਕੀਤੇ ਬਿਨ੍ਹਾਂ ਹੀ ਰਵਾਨਾ ਹੋ ਗਏ, ਪਰ ਇਸ ਮੁਲਾਕਾਤ ਤੋਂ ਬਾਅਦ ਸਿੱਧੂ ਦੇ ਕਰੀਬੀਆਂ ਦਾ ਦਾਅਵਾ ਸੀ ਕਿ ਸਿੱਧੂ ਨੂੰ ਪ੍ਰਧਾਨਗੀ ਦਾ ਅਹੁਦਾ ਮਿਲਣਾ ਪੱਕਾ ਹੈ। ਬਹਿਰਹਾਲ, ਹੁਣ ਕੈਪਟਨ ਦੀ ਚਿੱਠੀ ਦੀ ਖ਼ਬਰ ਮੀਡੀਆ ‘ਚ ਆਉਣ ਤੋਂ ਬਾਅਦ ਮਾਮਲੇ ‘ਚ ਨਵਾਂ ਟਵਿਸਟ ਆ ਗਿਆ ਹੈ ਅਤੇ ਪੰਜਾਬ ਕਾਂਗਰਸ ‘ਚ ਸਿੱਧੂ ਦੀ ਰਾਹ ਫਿਲਹਾਲ ਬੇਹੱਦ ਮੁਸ਼ਕਿਲ ਨਜ਼ਰ ਆ ਰਹੀ ਹੈ।