ਚੰਡੀਗੜ੍ਹ। ਪੰਜਾਬ ‘ਚ ਚੋਣਾਂ ਨੂੰ ਹੁਣ 8 ਮਹੀਨਿਆਂ ਤੋਂ ਵੀ ਘੱਟ ਦਾ ਸਮਾਂ ਬਾਕੀ ਬਚਿਆ ਹੈ। ਲਿਹਾਜ਼ਾ ਆਪਸੀ ਝਗੜਿਆਂ ‘ਚ ਉਲਝੀ ਕੈਪਟਨ ਸਰਕਾਰ ਤੇਜ਼ੀ ਨਾਲ ਵਾਅਦਿਆਂ ਨੂੰ ਪੂਰਾ ਕਰਨ ‘ਤੇ ਜ਼ੋਰ ਦੇ ਰਹੀ ਹੈ। ਰੁਜ਼ਗਾਰ ਦੇ ਮੁੱਦੇ ‘ਤੇ ਵੀ ਸਰਕਾਰ ਹਰਕਤ ‘ਚ ਹੈ ਅਤੇ ਖਾਲੀ ਭਰੇ ਅਹੁਦਿਆਂ ਨੂੰ ਤੇਜ਼ੀ ਨਾਲ ਭਰਨ ਦੀ ਕਵਾਇਦ ਛੇੜੀ ਹੋਈ ਹੈ।
ਖਾਲੀ ਅਹੁਦਿਆਂ ਦਾ ਮੰਗਿਆ ਬਿਓਰਾ
ਮੁੱਖ ਸਕੱਤਰ ਵਿਨੀ ਮਹਾਜਨ ਨੇ ਮੰਗਲਵਾਰ ਨੂੰ ਭਰਤੀ ਪ੍ਰਕਿਰਿਆ ਦੀ ਸਮੀਖਿਆ ਕਰਦੇ ਹੋਏ ਸਬੰਧਤ ਵਿਭਾਗਾਂ ਨੂੰ ਇਸ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਮੁੱਖ ਸਕੱਤਰ ਨੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਸਿੱਧੀ ਭਰਤੀ ਦੇ ਕੋਟੇ ਦੀ ਸ਼੍ਰੇਣੀ ਤਹਿਤ ਖਾਲੀ ਪਈਆਂ ਅਸਾਮੀਆਂ ਦੇ ਵੇਰਵੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਨੂੰ ਦਿੱਤੇ ਜਾਣ ਤਾਂ ਜੋ ਸਰਕਾਰੀ ਵਿਭਾਗਾਂ ਵਿਚ ਇਕ ਲੱਖ ਨੌਜਵਾਨਾਂ ਦੀ ਭਰਤੀ ਲਈ ਰਾਜ ਰੋਜ਼ਗਾਰ ਯੋਜਨਾ ਦੇ ਦੂਜੇ ਪੜਾਅ ਨੂੰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾ ਸਕੇ।
60 ਹਜ਼ਾਰ ਤੋਂ ਵੱਧ ਅਹੁਦਿਆਂ ‘ਤੇ ਭਰਤੀ ਜਾਰੀ
ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ ਵਿੱਚ ਇੱਕ ਲੱਖ ਨੌਜਵਾਨਾਂ ਨੂੰ ਭਰਤੀ ਕਰਨ ਸਬੰਧੀ ਰਾਜ ਰੋਜ਼ਗਾਰ ਯੋਜਨਾ ਨੂੰ 14 ਅਕਤੂਬਰ, 2020 ਨੂੰ ਮਨਜ਼ੂਰੀ ਦੇਣ ਦੇ ਨਾਲ-ਨਾਲ 61,336 ਅਸਾਮੀਆਂ ਨੂੰ ਭਰਨ ਦੀ ਵੀ ਸਹਿਮਤੀ ਦਿੱਤੀ ਸੀ। ਉਦੋਂ ਤੋਂ ਹੁਣ ਤੱਕ ਲਗਭਗ 45,735 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਸ ਵੇਲੇ ਭਰਤੀ ਪ੍ਰਕਿਰਿਆ ਅਧੀਨ ਹਨ, ਜਦੋਂ ਕਿ 1 ਅਪ੍ਰੈਲ, 2020 ਤੋਂ ਹੁਣ ਤੱਕ ਵੱਖ-ਵੱਖ ਵਿਭਾਗਾਂ ਵਿੱਚ 9,311 ਉਮੀਦਵਾਰਾਂ ਦੀ ਨਿਯੁਕਤੀ ਕੀਤੀ ਗਈ ਹੈ।
ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਗਰੁੱਪ-ਡੀ ਨੂੰ ਛੱਡ ਕੇ ਸਾਰੇ ਕਰਮਚਾਰੀਆਂ ਦੀ ਏ.ਸੀ.ਆਰ. ਨੂੰ ਆਈ.ਐਚ.ਆਰ.ਐਮ.ਐਸ. ਪੋਰਟਲ ਜ਼ਰੀਏ ਆਨਲਾਈਨ ਭਰੇ ਜਾਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਫਿਜ਼ੀਕਲ ਤੌਰ ‘ਤੇ ਏ.ਸੀ.ਆਰ. ਭਰਨ ਦੀ ਪੁਰਾਣੀ ਰੀਤ ਨੂੰ ਬਦਲਿਆ ਜਾਵੇ।