November 26, 2022
(Chandigarh)
ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਤਸਵੀਰਾਂ ਪੋਸਟ ਕਰਨ ਨੂੰ ਲੈ ਕੇ ਆਏ ਦਿਨ ਪੰਜਾਬ ਪੁਲਿਸ ਵੱਲੋਂ FIR ਦਰਜ ਕੀਤੀਆਂ ਜਾ ਰਹੀਆਂ ਹਨ। ਇਸ ਵਿਚਾਲੇ ਹੁਣ ਸੂਬੇ ਦੇ DGP ਗੌਰਵ ਯਾਦਵ ਨੇ ਹੁਕਮ ਜਾਰੀ ਕੀਤਾ ਹੈ ਕਿ ਅਗਲੇ 3 ਦਿਨਾਂ ਵਿੱਚ ਕਿਸੇ ਵੀ ਅਜਿਹੇ ਸ਼ਖਸ ਖਿਲਾਫ਼ FIR ਦਰਜ ਨਹੀਂ ਹੋਵੇਗੀ, ਜਿਸਦੀ ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਤਸਵੀਰ ਵੇਖਣ ਨੂੰ ਮਿਲੇਗੀ।
ਦਰਅਸਲ, DGP ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਲੋਕਾਂ ਨੂੰ ਸੋਸ਼ਲ ਮੀਡੀਆ ਤੋਂ ਹਥਿਆਰਾਂ ਦੀ ਵਡਿਆਈ ਕਰਨ ਵਾਲੀ ਸਮੱਗਰੀ ਹਟਾਉਣ ਲਈ 3 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਇਸ ਸਮੇਂ ਦੌਰਾਨ ਅਜਿਹੀ ਕੋਈ ਵੀ FIR ਦਰਜ ਨਹੀਂ ਹੋਵੇਗੀ, ਤਾਂ ਜੋ ਲੋਕਾਂ ਨੂੰ ਸੋਸ਼ਲ ਮੀਡੀਆ ਤੋਂ ਕੰਟੈਂਟ ਹਟਾਉਣ ਲਈ ਥੋੜ੍ਹਾ ਸਮਾਂ ਮਿਲ ਜਾਵੇ। ਹਾਲਾਂਕਿ ਜੇਕਰ ਇਸ ਸਮੇਂ ਦੇ ਦੌਰਾਨ ਕੋਈ ਨਵੀਂ ਫੋਟੋ ਜਾਂ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰਦਾ ਹੈ, ਤਾਂ ਉਸ ਖਿਲਾਫ਼ ਕੀ ਐਕਸ਼ਨ ਲਿਆ ਜਾਵੇਗਾ, ਇਸ ਬਾਰੇ ਫਿਲਹਾਲ ਕੁਝ ਵੀ ਸਾਫ਼ ਨਹੀਂ ਹੈ।
ਮਾਨ ਸਰਕਾਰ ਨੇ ਲਾਈ ਹੈ ਪੂਰਨ ਪਾਬੰਦੀ
ਪੰਜਾਬ ਦੀ ਵਿਗੜਦੀ ਕਾਨੂੰਨ-ਵਿਵਸਥਾ ਨੂੰ ਵੇਖਦੇ ਹੋਏ ਸੂਬਾ ਸਰਕਾਰ ਵੱਲੋਂ ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਤਸਵੀਰਾਂ ਅਪਲੋਡ ਕਰਨ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹਥਿਆਰਾਂ ਨਾਲ ਤਸਵੀਰਾਂ ਅਪਲੋਡ ਕਰਨ ਵਾਲਿਆਂ ਖਿਲਾਫ਼ FIR ਦਰਜ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਹਥਿਆਰਾਂ ਦੇ ਕਲਚਰ ਨੂੰ ਪ੍ਰਮੋਟ ਕਰਦੇ ਗਾਣਿਆਂ ‘ਤੇ ਵੀ ਪਾਬੰਦੀ ਲਗਾਈ ਗਈ ਹੈ ਅਤੇ ਅਸਲਾ ਲਾਇਸੈਂਸ ਰਿਵਿਊ ਕਰਨ ਦੇ ਵੀ ਆਰਡਰ ਜਾਰੀ ਕੀਤੇ ਗਏ ਹਨ।
10 ਸਾਲ ਦੇ ਬੱਚੇ ‘ਤੇ ਵੀ FIR
ਕਾਬਿਲੇਗੌਰ ਹੈ ਕਿ ਪੰਜਾਬ ਪੁਲਿਸ ਵੱਲੋਂ ਬੀਤੇ ਦਿਨੀਂ ਦਰਜ ਕੀਤੀਆਂ ਗਈਆਂ FIRs ਦੀ ਕੜੀ ਵਿੱਚ ਇੱਕ 10 ਸਾਲਾ ਬੱਚੇ ‘ਤੇ ਵੀ FIR ਦਰਜ ਹੋਈ ਹੈ। ਇਹ ਮਾਮਲਾ ਅੰਮ੍ਰਿਤਸਰ ਦਾ ਹੈ। ਦਰਅਸਲ, ਬੱਚੇ ਦੇ ਪਿਤਾ ਵੱਲੋਂ ਉਸਦੀ ਹਥਿਆਰ ਨਾਲ ਤਸਵੀਰ ਸੋਸ਼ਲ਼ ਮੀਡੀਆ ‘ਤੇ ਪੋਸਟ ਕੀਤੀ ਗਈ ਸੀ, ਜਿਸਦੇ ਚਲਦੇ ਬੱਚੇ ਖਿਲਾਫ਼ FIR ਦਰਜ ਕੀਤੀ ਗਈ ਸੀ। 10 ਸਾਲਾ ਬੱਚੇ ਖਿਲਾਫ਼ ਦਰਜ ਹੋਈ FIR ਤੋਂ ਬਾਅਦ ਸਰਕਾਰ ਦੀ ਖੂਬ ਕਿਰਕਿਰੀ ਹੋਈ, ਜਿਸ ਤੋਂ ਬਾਅਦ ਹੀ ਲੋਕਾਂ ਨੂੰ ਸੋਸ਼ਲ ਮੀਡੀਆ ਤੋਂ ਕੰਟੈਂਟ ਹਟਾਉਣ ਲਈ 3 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।