November 25, 2022
(Rohtak)
ਰੇਪ ਅਤੇ ਕਤਲ ਦਾ ਮੁਲਜ਼ਮ ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਖ਼ਤਮ ਹੋ ਗਈ ਹੈ। ਸ਼ੁੱਕਰਵਾਰ ਨੂੰ ਸ਼ਾਮ ਕਰੀਬ 5 ਵਜੇ ਰਾਮ ਰਹੀਮ ਵਾਪਸ ਰੋਹਤਕ ਦੀ ਸੁਨਾਰੀਆ ਜੇਲ੍ਹ ਵਾਪਸ ਪਹੁੰਚ ਗਿਆ ਹੈ। ਜੇਲ੍ਹ ਵਿੱਚ ਵਾਪਸੀ ਕਰਨ ਤੋਂ ਪਹਿਲਾਂ ਰਾਮ ਰਹੀਮ ਆਪਣੀ ਮੂੰਹ ਬੋਲੀ ਧੀ ਹਨੀਪ੍ਰੀਤ ਦੇ ਨਾਲ ਲਾਈਵ ਹੋਇਆ।
ਲਾਈਵ ਦੇ ਦੌਰਾਨ ਉਸਨੇ ਪ੍ਰੇਮੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸੇ ਦੌਰਾਨ ਰਾਮ ਰਹੀਮ ਦੀ ਜੇਲ੍ਹ ਵਾਪਸੀ ਨੂੰ ਲੈ ਕੇ ਹਨੀਪ੍ਰੀਤ ਭਾਵੁਕ ਹੋ ਗਈ, ਜਿਸ ‘ਤੇ ਰਾਮ ਰਹੀਮ ਨੇ ਉਸ ਨੂੰ ਚੁੱਪ ਕਰਵਾਇਆ।
ਪੈਰੋਲ ਦੌਰਾਨ ਸੁਰਖੀਆਂ ‘ਚ ਰਾਮ ਰਹੀਮ
40 ਦਿਨਾਂ ਦੀ ਪੈਰੋਲ ਦੇ ਦੌਰਾਨ ਰਾਮ ਰਹੀਮ ਸੁਰਖੀਆਂ ਵਿੱਚ ਰਿਹਾ। ਉਸਦੇ ਸਤਿਸੰਗ ਦੌਰਾਨ ਕਈ ਸਿਆਸਤਦਾਨ ਨਤਮਸਤਕ ਹੋਏ। ਨਾਲ ਹੀ ਆਪਣੇ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਨੂੰ ਲੈ ਕੇ ਵੀ ਉਹ ਚਰਚਾ ਵਿੱਚ ਰਿਹਾ। ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਵੀ ਹੋਇਆ ਅਤੇ ਮਾਮਲਾ ਹਾਈਕੋਰਟ ‘ਚ ਵੀ ਪਹੁੰਚਿਆ, ਪਰ ਇਸ ਸਭ ਦੇ ਬਾਵਦੂਦ ਪੈਰੋਲ ਬਰਕਰਾਰ ਰਹੀ।
ਪੈਰੋਲ ਦੌਰਾਨ ਪੰਜਾਬ ‘ਚ ਡੇਰਾ ਪ੍ਰੇਮੀ ਦਾ ਕਤਲ
ਰਾਮ ਰਹੀਮ ਦੀ ਪੈਰੋਲ ਦੇ ਦੌਰਾਨ ਫ਼ਰੀਦਕੋਟ ਵਿੱਚ ਡੇਰਾ ਪ੍ਰੇਮੀ ਅਤੇ ਬੇਅਦਬੀ ਦੇ ਮੁਲਜ਼ਮ ਪ੍ਰਦੀਪ ਸਿੰਘ ਦਾ ਕਤਲ ਵੀ ਹੋਇਆ। ਪ੍ਰਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਅਤੇ ਕਿਹਾ ਕਿ ਉਸਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਬਦਲਾ ਲਿਆ ਹੈ। ਦੱਸ ਦਈਏ ਕਿ ਬੇਅਦਬੀ ਦੇ ਮਾਮਲੇ ਵਿੱਚ ਹੀ ਰਾਮ ਰਹੀਮ ਵੀ ਮੁਲਜ਼ਮ ਹੈ। ਕਤਲ ਤੋਂ ਬਾਅਦ ਰਾਮ ਰਹੀਮ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ।
40 ਦਿਨਾਂ ‘ਚ ਕੀਤੇ 300 ਤੋਂ ਵੱਧ ਸਤਿਸੰਗ
ਰਾਮ ਰਹੀਮ ਨੇ ਆਪਣੀ ਪੈਰੋਲ ਦੇ ਦੌਰਾਨ 40 ਦਿਨਾਂ ‘ਚ 300 ਤੋਂ ਵੱਧ ਸਤਿਸੰਗ ਕੀਤੇ। ਇਸ ਦੌਰਾਨ ਰਾਮ ਰਹੀਮ ਨੇ ਹਿੰਦੁਤਵ ‘ਤੇ ਜ਼ੋਰ ਦਿੱਤਾ। ਉਹਨਾਂ ਨੇ ਵੇਦਾਂ ਨੂੰ ਸਭ ਤੋਂ ਵੱਡਾ ਗ੍ਰੰਥ ਦੱਸਿਆ। ਨਾਲ ਹੀ ਹਨੀਪ੍ਰੀਤ ਨੂੰ ਗੱਦੀ ਮਿਲਣ ਦੀਆਂ ਚਰਚਾਵਾਂ ‘ਤੇ ਵਿਰਾਮ ਲਗਾਇਆ ਅਤੇ ਕਿਹਾ ਕਿ ਅਸੀਂ ਵੀ ਗੁਰੂ ਸੀ, ਹਾਂ ਅਤੇ ਰਹਾਂਗੇ।
ਜੇਲ੍ਹ ਜਾਣ ਤੋਂ ਪਹਿਲਾਂ ਲਾਂਚ ਕੀਤਾ ਗਾਣਾ
ਰਾਮ ਰਹੀਮ ਨੇ ਸੁਨਾਰੀਆ ਜੇਲ੍ਹ ਵਿੱਚ ਵਾਪਸੀ ਤੋਂ ਪਹਿਲਾਂ ਆਪਣਾ ਤੀਜਾ ਗਾਣਾ ਵੀ ਲਾਂਚ ਕਰ ਦਿੱਤਾ। ਵੀਰਵਾਰ ਰਾਤ ਨੂੰ ਕਰੀਬ 12 ਵਜੇ ਨਵੇਂ ਗਾਣੇ ‘ਚੈਟ ਪੇ ਚੈਟ’ ਲਾਂਚ ਕੀਤਾ। ਇਸ ਗਾਣੇ ਵਿੱਚ ਰਾਮ ਰਹੀਮ ਮੋਬਾਈਲ ਅਤੇ ਡਿਜੀਟਲ ਗੈਜੇਟਸ ਦੇ ਸਰੀਰ ‘ਤੇ ਪੈਣ ਵਾਲੇ ਪ੍ਰਭਾਵ ਦੇ ਨੁਕਸਾਨ ਦੱਸ ਰਿਹਾ ਹੈ।