ਬਿਓਰੋ। ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਨੂੰ ਖ਼ਤਮ ਕਰਨ ਲਈ ਬਣਾਈ ਗਈ 3-ਮੈਂਬਰੀ ਕਮੇਟੀ ਵੱਲੋਂ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਰਿਪੋਰਟ ਸੌਂਪ ਦਿੱਤੀ ਗਈ ਹੈ। ਸੀਨੀਅਰ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ, ਹਰੀਸ਼ ਰਾਵਤ ਅਤੇ ਜੇ.ਪੀ. ਅੱਗਰਵਾਲ ਦੀ ਇਸ ਨੇ ਬੀਤੇ ਹਫਤੇ ਲਗਾਤਾਰ 5 ਦਿਨ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਵਨ ਟੂ ਵਨ ਮੀਟਿੰਗਾਂ ਕੀਤੀਆਂ ਸਨ।
ਰਿਪੋਰਟ ‘ਚ ਇਹਨਾਂ ਸਿਫਾਰਿਸ਼ਾਂ ਦੇ ਅਸਾਰ
ਕਮੇਟੀ ਵੱਲੋਂ ਹਾਈਕਮਾਨ ਨੂੰ ਸੌੰਪੀ ਗਈ ਆਪਣੀ ਰਿਪੋਰਟ ‘ਚ ਤਿੰਨ ਸਿਫਾਰਿਸ਼ਾਂ ਕੀਤੇ ਜਾਣ ਦੀ ਪੂਰੀ ਚਰਚਾ ਹੈ। ਇਸ ਫਾਰਮੂਲੇ ਤਹਿਤ ਕੈਪਟਨ ਦੀ ਕੁਰਸੀ ਤਾਂ ਸੁਰੱਖਿਅਤ ਰਹੇਗੀ, ਪਰ ਉਹਨਾਂ ਦੇ ਥੱਲੇ 2 ਡਿਪਟੀ ਸੀਐੱਮ ਲਾਏ ਜਾ ਸਕਦੇ ਹਨ, ਜਿਹਨਾਂ ‘ਚੋਂ ਇੱਕ ਨਵਜੋਤ ਸਿੱਧੂ ਹੋ ਸਕਦੇ ਹਨ ਅਤੇ ਦੂਜਾ ਦਲਿਤ ਸਮਾਜ ਤੋਂ ਹੋ ਸਕਦਾ ਹੈ। ਨਾਲ ਹੀ ਪੰਜਾਬ ਕਾਂਗਰਸ ਪ੍ਰਧਾਨ ਬਦਲੇ ਜਾਣ ਦੀ ਵੀ ਪੇਸ਼ਕਸ਼ ਰੱਖੀ ਜਾ ਸਕਦੀ ਹੈ।
5 ਦਿਨਾਂ ਤੱਕ ਹੋਇਆ ਮੈਰਾਥਨ ਮੰਥਨ
ਦੱਸ ਦਈਏ ਕਿ 31 ਮਈ ਸੋਮਵਾਰ ਤੋਂ ਲੈ ਕੇ 4 ਜੂਨ ਸ਼ੁੱਕਰਵਾਰ ਤੱਕ ਹਾਈਕਮਾਨ ਵੱਲੋਂ ਗਠਿਤ ਕਮੇਟੀ ਨੇ ਸੂਬੇ ਦੇ 100 ਤੋਂ ਵੀ ਵੱਧ ਆਗੂਆਂ ਨਾਲ ਮੁਲਾਕਾਤ ਕੀਤੀ, ਜਿਹਨਾਂ ‘ਚ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸੀਐੱਮ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਵੀ ਸ਼ਾਮਲ ਹਨ। ਇਹਨਾਂ ਤੋਂ ਇਲਾਵਾ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ, ਸਾਰੇ ਕੈਬਨਿਟ ਮੰਤਰੀ, ਨਰਾਜ਼ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਵੀ ਕਮੇਟੀ ਦੇ ਸਾਹਮਣੇ ਆਪਣੀ ਗੱਲ ਰੱਖ ਚੁੱਕੇ ਹਨ।
ਮੈਰਾਥਨ ਮੰਥਨ ਨਾਲ ਖਤਮ ਹੋਵੇਗਾ ਵਿਵਾਦ ?
ਇਹ ਮੈਰਾਥਨ ਮੰਥਨ ਇਸ ਲਈ ਬੇਹੱਦ ਜ਼ਰੂਰੀ ਸੀ, ਕਿਉਂਕਿ ਕਾਂਗਰਸ ਪਾਰਟੀ ਦੇ ਕਈ ਵਿਧਾਇਕ ਸੀਐੱਮ ਅਮਰਿੰਦਰ ਸਿੰਘ ਦੇ ਕੰਮਕਾਜ ‘ਤੇ ਸਵਾਲ ਚੁੱਕ ਰਹੇ ਹਨ। ਬੇਅਦਬੀਆਂ ਅਤੇ ਗੋਲੀ ਕਾਂਡ ਦੇ ਨਾਲ-ਨਾਲ ਡਰੱਗਜ਼ ਅਤੇ ਰੇਤ ਮਾਫੀਆ ‘ਤੇ ਵੀ ਕਾਰਵਾਈ ਦੀ ਮੰਗ ਕਰਦਿਆਂ ਵਿਧਾਇਕਾਂ ਤੇ 2 ਮੰਤਰੀਆਂ ਨੇ ਸੀਐੱਮ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਲਿਹਾਜ਼ਾ ਹੁਣ ਵੇਖਣਾ ਹੋਵੇਗਾ ਕਿ ਇਸ ਮੈਰਾਥਨ ਮੰਥਨ ਤੋਂ ਬਾਅਦ ਕਾਂਗਰਸ ਦਾ ਇਹ ਅੰਦਰੂਨੀ ਰੱਫੜ ਖਤਮ ਹੋਵੇਗਾ ਜਾਂ ਫਿਰ ਗੱਲ ਉਥੇ ਹੀ ਖੜ੍ਹੀ ਰਹੇਗੀ।