ਬਿਓਰੋ। ਬੁੱਧਵਾਰ ਨੂੰ ਪੰਜਾਬ ‘ਚ ਦਹਿਸ਼ਤ ਦੇ ਇੱਕ ਹੋਰ ਵੱਡੇ ਨਾੰਅ ਦਾ ਅੰਤ ਹੋ ਗਿਆ। ਖ਼ਬਰ ਆਈ ਸੀ ਪੰਜਾਬ ਪੁਲਿਸ ਦੀ ਸਿਰਦਰਦੀ ਬਣ ਚੁੱਕੇ ਨਸ਼ੇ ਦੇ ਵੱਡੇ ਸੌਦਾਗਰ ਅਤੇ A ਕੈਟੇਗਰੀ ਦੇ ਗੈਂਗਸਟਰ ਜੈਪਾਲ ਭੁੱਲਰ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ‘ਚ ਮਾਰ ਗਿਰਾਇਆ ਗਿਆ ਹੈ। ਪਰ ਆਖਰ ਪੰਜਾਬ ਪੁਲਿਸ ਨੂੰ ਅਜਿਹੀ ਕੀ ਲੀਡ ਮਿਲੀ ਕਿ ਪੁਲਿਸ ਜੈਪਾਲ ਅਤੇ ਉਸਦੇ ਸਾਥੀ ਤੱਕ ਪਹੁੰਚ ਸਕੀ, ਇਸਦਾ ਖੁਲਾਸਾ ਖੁਦ ਸੂਬੇ ਦੇ DGP ਦਿਨਕਰ ਗੁਪਤਾ ਨੇ ਕੀਤਾ ਹੈ।
ਗੈਂਗਸਟਰਾਂ ਦੇ ਐਨਕਾਊਂਟਰ ਤੋਂ ਬਾਅਦ DGP ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਇਸ ਪੂਰੀ ਕਹਾਣੀ ਤੋਂ ਪਰਦਾ ਚੁੱਕਿਆ। DGP ਨੇ ਦੱਸਿਆ ਕਿ ਇਹਨਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਨੇ JACK MANHUNT ਨਾਮੀ ਵੱਡਾ ਆਪਰੇਸ਼ਨ ਕੋਡ ਚਲਾਇਆ ਸੀ, ਜਿਸ ਤਹਿਤ ਪੁਲਿਸ ਦੀਆਂ ਕਈ ਟੀਮਾਂ ਨੂੰ ਹੋਰਨਾਂ ਰਾਜਾਂ ਦੇ ਪੁਲਿਸ ਬਲਾਂ ਦੀ ਸਹਾਇਤਾ ਨਾਲ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਲਈ ਵੱਖ-ਵੱਖ ਰਾਜਾਂ ਵਿੱਚ ਭੇਜਿਆ ਗਿਆ।
ਪੁਲਿਸ ਨੇ ਦਬੋਚਿਆ ਜੈਪਾਲ ਦਾ ਕਰੀਬੀ
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਹੀ ਭਰਤ ਕੁਮਾਰ ਵਾਸੀ ਸਾਹਨੇਵਾਲ, ਲੁਧਿਆਣਾ ਨੂੰ ਰਾਜਪੁਰਾ ਖੇਤਰ ਵਿੱਚ ਸ਼ੰਭੂ ਬਾਰਡਰ ਨੇੜਿਓਂ ਗ੍ਰਿਫਤਾਰ ਕੀਤਾ ਸੀ। ਭਰਤ, ਜੈਪਾਲ ਭੁੱਲਰ ਦਾ ਕਰੀਬੀ ਸੀ, ਜੋ ਜੈਪਾਲ ਅਤੇ ਜਸਪ੍ਰੀਤ ਜੱਸੀ ਦੇ ਪੰਜਾਬ ‘ਚੋਂ ਭੱਜਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਗਵਾਲੀਅਰ ਖੇਤਰ ਵਿੱਚ ਜੈਪਾਲ ਨੂੰ ਲੌਜਿਸਟਿਕਸ ਸਹਾਇਤਾ ਦੇ ਰਿਹਾ ਸੀ। ਯਾਨੀ ਪੰਜਾਬ ਤੋਂ ਫਰਾਰ ਹੋਣ ਤੋਂ ਬਾਅਦ ਜੈਪਾਲ ਅਤੇ ਜੱਸੀ ਵੀ ਪਹਿਲਾਂ ਗਵਾਲੀਅਰ ‘ਚ ਵੀ ਲੁਕੇ ਸਨ, ਜਿਥੋਂ ਉਸਦੇ 2 ਸਾਥੀ ਗ੍ਰਿਫ਼ਤਾਰ ਕੀਤੇ ਗਏ ਸਨ। ਟੀਮ ਨੇ ਉਸ ਪਾਸੋਂ ਰਜਿਸਟਰਟ੍ਰੇਸ਼ਨ ਨੰਬਰ WB-02-R-4500 ਵਾਲੀ ਇੱਕ ਹੌਂਡਾ ਅਕੌਰਡ ਗੱਡੀ ਸਮੇਤ .30 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਸੀ।
ਰਾਜ਼ਦਾਰ ਨੇ ਹੀ ਖੋਲ੍ਹਿਆ ਸਭ ਤੋਂ ਵੱਡਾ ‘ਰਾਜ਼’
DGP ਮੁਤਾਬਕ, ਭਰਤ ਨੇ ਹੀ ਖੁਲਾਸਾ ਕੀਤਾ ਕਿ ਜੈਪਾਲ ਅਤੇ ਜੱਸੀ ਦੋਵੇਂ ਕੋਲਕਾਤਾ ਵਿੱਚ ਕਿਰਾਏ ਦੇ ਅਪਾਰਟਮੈਂਟ ਵਿੱਚ ਰਹਿ ਰਹੇ ਹਨ। ਇਸ ਬਾਰੇ ਪਤਾ ਲੱਗਣ ‘ਤੇ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਤੁਰੰਤ ਕੋਲਕਾਤਾ ਲਈ ਉਡਾਣ ਰਾਹੀਂ ਇੱਕ ਵਿਸ਼ੇਸ਼ ਟੀਮ ਰਵਾਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ, ਪੰਜਾਬ ਪੁਲਿਸ ਵੱਲੋਂ ਕੋਲਕਾਤਾ ਪੁਲਿਸ ਨਾਲ ਤਾਲਮੇਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੋਸ਼ੀਆਂ ਦੇ ਮੌਜੂਦਾ ਟਿਕਾਣਿਆਂ ਬਾਰੇ ਜਾਣਕਾਰੀ ਦਿੱਤੀ, ਤਾਂ ਜੋ ਉਨ੍ਹਾਂ ਨੁੰ ਗ੍ਰਿਫ਼ਤਾਰ ਕੀਤਾ ਜਾ ਸਕੇ।
ਦੁਪਹਿਰ ਬਾਅਦ ਆਈ ਐਨਕਾਊਂਟਰ ਦੀ ਖ਼ਬਰ
DGP ਨੇ ਦੱਸਿਆ ਕਿ ਕੋਲਕਾਤਾ ਪੁਲਿਸ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬਾਅਦ ਦੁਪਹਿਰ ਜਾਣਕਾਰੀ ਦਿੱਤੀ ਕਿ STF ਕੋਲਕਾਤਾ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਦੋਵੇਂ ਅਪਰਾਧੀ ਮਾਰੇ ਗਏ ਹਨ, ਜਿਸ ਦੌਰਾਨ ਉਨ੍ਹਾਂ ਦੇ ਇੱਕ ਪੁਲਿਸ ਇੰਸਪੈਕਟਰ ਨੂੰ ਵੀ ਗੋਲੀਆਂ ਲੱਗੀਆਂ ਹਨ। ਉਹਨਾਂ ਕਿਹਾ, “ਮੈਂ ਪੱਛਮੀ ਬੰਗਾਲ ਪੁਲਿਸ, ਖਾਸ ਕਰਕੇ ਪੱਛਮੀ ਬੰਗਾਲ ਪੁਲਿਸ ਦੇ ADGP ਅਤੇ STF ਮੁਖੀ ਵਿਨੀਤ ਗੋਇਲ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਪੰਜਾਬ ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ ‘ਤੇ ਤੁਰੰਤ ਕਾਰਵਾਈ ਕਰਦਿਆਂ ਕੋਲਕਾਤਾ ਦੇ ਅਪਾਰਟਮੈਂਟ ‘ਤੇ ਛਾਪੇਮਾਰੀ ਕੀਤੀ, ਜਿਥੇ ਜੈਪਾਲ ਅਤੇ ਉਸਦਾ ਸਾਥੀ ਜੱਸੀ ਲੁਕੇ ਹੋਏ ਸਨ।
ਆਖਰ ਸੁਲਝਿਆ 2 ASI ਦੇ ਕਤਲ ਦਾ ਮਾਮਲਾ
DGP ਨੇ ਕਿਹਾ ਕਿ ਇਹ ਆਪਰੇਸ਼ਨ ਅੰਦਰੂਨੀ ਸੁਰੱਖਿਆ (ਆਈ.ਐਸ.) ਵਿੰਗ ਅਤੇ ਓ.ਸੀ.ਸੀ.ਯੂ. ਦੇ ਅਧਿਕਾਰੀਆਂ ਦੀ ਸਮਰਪਿਤ ਟੀਮ ਦੁਆਰਾ ਵਿਖਾਈ ਗਈ ਸ਼ਾਨਦਾਰ ਕਾਰਗੁਜ਼ਾਰੀ ਅਤੇ ਵੱਖ-ਵੱਖ ਪੁਲਿਸ ਬਲਾਂ ਅਤੇ ਕੇਂਦਰੀ ਏਜੰਸੀਆਂ ਵਿਚਕਾਰ ਤਾਲਮੇਲ ਦਾ ਨਤੀਜਾ ਹੈ। ਇਸੇ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਜਗਰਾਓਂ ਵਿਖੇ 15 ਮਈ ਨੂੰ ਹੋਏ 2 ASI ਦੇ ਕਤਲ ਕੇਸ ਨੂੰ ਵੀ ਸੁਲਝਾ ਲਿਆ ਗਿਆ ਹੈ।
ਭਰਤ ਸਣੇ 10 ‘ਪਿਆਦੇ’ ਪੁਲਿਸ ਨੇ ਦਬੋਚੇ
ਦੱਸ ਦਈਏ ਕਿ ਜਗਰਾਓਂ ‘ਚ ਹੋਏ 2 ASI ਦੇ ਕਤਲ ਮਾਮਲੇ ਦੇ ਬਾਅਦ ਤੋਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਸ਼ਹਿਰ-ਸ਼ਹਿਰ ਅਤੇ ਦੇਸ਼ ਦੇ ਹੋਰ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੰਜਾਬ ਪੁਲਿਸ ਨੇ ਕਰੀਬ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਹਨਾਂ ‘ਚ ਬੁੱਧਵਾਰ ਨੂੰ ਫੜਿਆ ਗਿਆ ਭਰਤ ਵੀ ਇੱਕ ਹੈ। ਪਰ ਸਿਰਫ਼ ਇਹ ਕਹਿਣਾ ਕਿ ਭਰਤ ਤੋਂ ਮਿਲੀ ਜਾਣਕਾਰੀ ਨਾਲ ਹੀ ਪੁਲਿਸ ਜੈਪਾਲ ਤੱਕ ਪਹੁੰਚ ਸਕੀ, ਇਹ ਸ਼ਾਇਦ ਗਲਤ ਹੋਵੇਗਾ। ਦਰਅਸਲ, ਇੱਕ ਤੋਂ ਬਾਅਦ ਇੱਕ ਮੁਲਜਮ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਲਗਾਤਾਰ ਸਬੂਤ ਤੇ ਸੂਹਾਂ ਮਿਲਦੀਆਂ ਗਈਆਂ, ਇਸੇ ਦੇ ਚਲਦੇ ਹੀ ਪੰਜਾਬ ਪੁਲਿਸ ਨੂੰ ਇਸ ਵੱਡੇ ਆਪਰੇਸ਼ਨ ਨੂੰ ਅੰਜਾਮ ਦੇਣ ‘ਚ ਕਾਮਯਾਬ ਹੋ ਸਕੀ।