Home Politics ਕਾਂਗਰਸ ਸਾਂਸਦ ਦੇ ਬਿਆਨ 'ਤੇ ਪੰਜਾਬ ਦੀ ਸਿਆਸਤ 'ਚ ਉਬਾਲ, ਗ੍ਰਿਫ਼ਤਾਰੀ ਦੀ...

ਕਾਂਗਰਸ ਸਾਂਸਦ ਦੇ ਬਿਆਨ ‘ਤੇ ਪੰਜਾਬ ਦੀ ਸਿਆਸਤ ‘ਚ ਉਬਾਲ, ਗ੍ਰਿਫ਼ਤਾਰੀ ਦੀ ਉਠੀ ਮੰਗ

ਬਿਓਰੋ। ਆਪਣੇ ਬੜਬੋਲੇਪਨ ਦੇ ਚਲਦੇ ਕਾਂਗਰਸ ਸਾਂਸਦ ਰਵਨੀਤ ਬਿੱਟੂ ਇੱਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਇਸ ਵਾਰ ਵਿਵਾਦ SAD-BSP ਗਠਜੋਖ ‘ਤੇ ਉਹਨਾਂ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਹੈ। ਦਰਅਸਲ, ਰਵਨੀਤ ਬਿੱਟੂ ਨੇ ਗਠਜੋੜ ਦੇ ਤਹਿਤ ਅਕਾਲੀ ਦਲ ਵੱਲੋਂ ਚਮਕੌਰ ਸਾਹਿਬ ਅਤੇ ਅਨੰਦਪੁਰ ਸਾਹਿਬ ਵਰਗੀਆਂ ਸੀਟਾਂ BSP ਨੂੰ ਦੇਣ ‘ਤੇ ਸਵਾਲ ਖੜ੍ਹੇ ਕੀਤੇ। ਬਿੱਟੂ ਨੇ ਕਿਹਾ ਕਿ ਅਕਾਲੀ ਦਲ ਨੇ ਸਿੱਖਾਂ ਦੀਆਂ ਪਵਿੱਤਰ ਸੀਟਾਂ BSP ਨੂੰ ਦੇ ਦਿੱਤੀਆਂ।

ਬਿਆਨ ‘ਤੇ ਭੜਕੀ BSP

ਰਵਨੀਤ ਬਿੱਟੂ ਦੇ ਬਿਆਨ ‘ਤੇ BSP ਨੇ ਸਖਤ ਇਤਰਾਜ਼ ਜਤਾਇਆ ਹੈ। BSP ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਿੱਟੂ ਨੇ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਨੂੰ ਸਹੀ ਤਰੀਕੇ ਨਹੀਂ ਪੜ੍ਹਿਆ, ਜਿਹਨਾਂ ਨੇ ਬਰਾਬਰਤਾ ਦੀ ਗੱਲ ਕਹੀ ਹੈ। ਗੜ੍ਹੀ ਨੇ ਬਿੱਟੂ ‘ਤੇ ਜ਼ੋਰਦਾਰ ਹਮਲਾ ਬੋਲਦਿਆਂ ਕਿਹਾ ਕਿ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਉਹਨਾਂ ਲੋਕਾਂ ਨੂੰ ਵੀ ਗਲਤ ਸਾਬਿਤ ਕਰ ਦਿੱਤਾ, ਜਿਹਨਾਂ ਨੇ ਉਹਨਾਂ ਨੂੰ ਚੁਣ ਕੇ ਲੋਕ ਸਭਾ ਭੇਜਣ ਦਾ ਕੰਮ ਕੀਤਾ। ਗੜ੍ਹੀ ਵੱਲੋਂ ਰਵਨੀਤ ਬਿੱਟੂ ਨੂੰ ਮਾਣਹਾਨੀ ਦਾ ਨੋਟਿਸ ਵੀ ਭੇਜਿਆ ਗਿਆ ਹੈ।

ਬਠਿੰਡਾ ‘ਚ ਬਿੱਟੂ ਦੇ ਖਿਲਾਫ਼ ਸ਼ਿਕਾਇਤ

BSP ਨੇ ਰਵਨੀਤ ਬਿੱਟੂ ਦੇ ਬਿਆਨ ਨੂੰ ਦਲਿਤਾਂ ਦਾ ਅਪਮਾਨ ਦੱਸਦੇ ਹੋਏ ਬਠਿੰਡਾ SSP ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਬਿੱਟੂ ‘ਤੇ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਨਾਲ ਹੀ ਬਿੱਟੂ ਦੇ ਖਿਲਾਫ਼ ਕਈ ਥਾਈਂ ਵਿਰੋਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ।

SC ਕਮਿਸ਼ਨ ਕੋਲ ਪਹੁੰਚਿਆ ਅਕਾਲੀ ਦਲ

ਰਵਨੀਤ ਬਿੱਟੂ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ SC ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ SC/ST ਐਕਟ ਤਹਿਤ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਅਕਾਲੀ ਦਲ ਨੇ ਕਿਹਾ ਕਿ ਬਿੱਟੂ ਨੇ ਆਪਣੇ ਬਿਆਨ ਦੇ ਜ਼ਰੀਏ ਘਟੀਆ ਮਾਨਸਿਕਤਾ ਦਾ ਸਬੂਤ ਦਿੱਤਾ ਹੈ

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਸਾਧਿਆ ਨਿਸ਼ਾਨਾ

ਇਹਨੀਂ ਦਿਨੀਂ ਪੰਜਾਬ ਦੇ ਲਗਭਗ ਹਰ ਮੁੱਦੇ ਨੂੰ ਲੈ ਕੇ ਕਾਂਗਰਸ ਨੂੰ ਘੇਰਨ ਵਾਲੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਸ ਮੁੱਦੇ ਨੂੰ ਲੈ ਕੇ ਵੀ ਕਾਂਗਰਸ ‘ਤੇ ਹਮਲਾ ਬੋਲਿਆ ਹੈ। ਉਹਨਾਂ ਟਵੀਟ ਕੀਤਾ, “ਪੰਜਾਬ ‘ਚ ਬੇਤੁਕੇ ਰੰਗਮੰਚ ਦਾ ਪ੍ਰਸਾਰ ਜਾਰੀ ਹੈ। ਪਹਿਲਾਂ ਹੀ ਪੰਜਾਬ ਕਾਂਗਰਸ ਆਪਣੇ ਘਰੇਲੂ ਕਲੇਸ਼ ਨਾਲ ਜੂਝ ਰਹੀ ਹੈ, ਅਜਿਹੇ ‘ਚ ਰਵਨੀਤ ਬਿੱਟੂ ਨੇ ਆਪਣੀ ਪਾਰਟੀ ਦੇ ਐਂਂਟੀ-ਦਲਿਤ ਚਿਹਰੇ ਨੂੰ ਸਾਹਮਣੇ ਲੈ ਆਉਂਦਾ ਹੈ। ਉਹਨਾਂ ਦੇ ਗੈਰ-ਕਾਨੂੰਨੀ ਬੋਲ ਸਾਡੇ ਸਮਾਜ ਦੇ ਵੱਡੇ ਵਰਗ ਦਾ ਅਪਮਾਨ ਹਨ।”

‘ਆਪ’ ਨੇ ਮੰਗੀ ਬਿੱਟੂ ਦੀ ਗ੍ਰਿਫ਼ਤਾਰੀ

ਆਮ ਆਦਮੀ ਪਾਰਟੀ ਵੀ ਰਵਨੀਤ ਬਿੱਟੂ ‘ਤੇ ਹਮਲਾਵਰ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਸਸਤੀ ਸ਼ੋਹਰਤ ਹਾਸਲ ਕਰਨ ਲਈ ਬਿੱਟੂ ਅਜਿਹੀ ਬਿਆਨਬਾਜ਼ੀ ਕਰਦੇ ਹਨ। ਚੀਮਾ ਨੇ ਉਹਨਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

ਵਿਵਾਦ ਤੋਂ ਬਾਅਦ ਬਿੱਟੂ ਦੀ ਸਫਾਈ

ਵਿਵਾਦ ਵਧਣ ਤੋਂ ਬਾਅਦ ਬਿੱਟੂ ਨੇ ਆਪਣੇ ਬਿਆਨ ‘ਤੇ ਸਫਾਈ ਦਿੱਤੀ ਹੈ। ਉਹਨਾਂ ਕਿਹਾ, “ਮੇਰੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ। ਮੈਂ ਇਹ ਸੀਟਾਂ BSP ਨੂੰ ਦੇਣ ਦੇ ਵਿਰੋਧ ‘ਚ ਨਹੀਂ ਹਾਂ। ਮੈਂ ਇਹ ਵੀ ਕਿਹਾ ਸੀ ਕਿ ਬੇਅਦਬੀ ਕਾਂਡ ਦੇ ਚਲਦੇ ਅਕਾਲੀ ਦਲ ਪੰਥਕ ਸੀਟਾਂ ਤੋਂ ਭੱਜਣ ਦਾ ਕੰਮ ਕਰ ਰਿਹਾ ਹੈ।

ਅਨੰਦਪੁਰ ਤੋਂ 25 ਸਾਲਾਂ ਤੋਂ ਨਹੀਂ ਲੜਿਆ ਅਕਾਲੀ ਦਲ

ਕਾਂਗਰਸ ਸਾਂਸਦ ਰਵਨੀਤ ਬਿੱਟੂ ਨੇ ਜਿਹਨਾਂ 2 ਸੀਟਾਂ ਨੂੰ ਲੈ ਕੇ ਅਕਾਲੀ ਦਲ ‘ਤੇ ਪੰਥਕ ਸੀਟਾਂ ਤੋਂ ਭੱਜਣ ਦਾ ਇਲਜ਼ਾਮ ਲਗਾਇਆ ਹੈ, ਉਹਨਾਂ ‘ਚੋਂ ਇੱਕ ਸੀਟ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ 25 ਸਾਲਾਂ ਤੋਂ ਕਦੇ ਚੋਣ ਨਹੀਂ ਲੜਿਆ। ਇਹ ਸੀਟ ਹਮੇਸ਼ਾ ਤੋਂ ਅਕਾਲੀ ਦਲ ਆਪਣੀ ਪੁਰਾਣੀ ਸਹਿਯੋਗੀ ਬੀਜੇਪੀ ਨੂੰ ਦਿੰਦਾ ਰਿਹਾ ਹੈ।

ਗਠਜੋੜ ‘ਚ BSP ਨੂੰ 20 ਸੀਟਾਂ

ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਜਿਸ ਸੀਟ ਸ਼ੇਅਰਿੰਗ ਫਾਰਮੂਲੇ ਤਹਿਤ ਲੜਨ ਦਾ ਐਲਾਨ ਕੀਤਾ ਹੈ, ਉਸ ਤਹਿਤ BSP 20 ਅਤੇ ਅਕਾਲੀ ਦਲ 97 ਸੀਟਾਂ ‘ਤੇ ਚੋਣ ਲੜੇਗਾ। BSP ਨੂੰ ਜੋ ਸੀਟਾਂ ਮਿਲੀਆਂ ਹਨ, ਉਹਨਾਂ ‘ਚ ਚਮਕੌਰ ਸਾਹਿਬ ਅਤੇ ਅਨੰਦਪੁਰ ਸਾਹਿਬ ਤੋਂ ਇਲਾਵਾ ਇਹ ਸੀਟਾਂ ਸ਼ਾਮਲ ਹਨ:- ਜਲੰਧਰ ਵੈਸਟ, ਜਲੰਧਰ ਉੱਤਰੀ, ਫਗਵਾੜਾ, ਹੁਸ਼ਿਆਰਪੁਰ ਸ਼ਹਿਰੀ, ਟਾਂਡਾ, ਦਸੂਹਾ, ਬਸੀ ਪਠਾਣਾ, ਮਹਿਲ ਕਲਾਂ, ਨਵਾਂਸ਼ਹਿਰ, ਲੁਧਿਆਣਾ ਉੱਤਰੀ, ਸੁਜਾਨਪੁਰ, ਭੋਆ, ਪਠਾਨਕੋਟ, ਮੋਹਾਲੀ, ਅੰਮ੍ਰਿਤਸਰ ਉੱਤਰੀ, ਅੰਮ੍ਰਿਤਸਰ ਕੇਂਦਰੀ, ਪਾਇਲ।

RELATED ARTICLES

LEAVE A REPLY

Please enter your comment!
Please enter your name here

Most Popular

Recent Comments