ਫ਼ਰੀਦਕੋਟ। ਪੰਜਾਬ ਦੀਆੰ ਜੇਲ੍ਹਾੰ ਵਿੱਚ ਸਰਚ ਅਭਿਆਨ ਦੌਰਾਨ ਫ਼ਰੀਦਕੋਟ ਜੇਲ੍ਹ ‘ਚ ਪ੍ਰਸ਼ਾਸਨ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਜੇਲ੍ਹ ਵਾਰਡਨ ਨੇ ਅਸਿਸਟੈੰਟ ਜੇਲ੍ਹ ਸੁਪਰੀਡੈੰਟ ਵਿੰਨੀ ਟਾੰਕ ਨੂੰ 79 ਗ੍ਰਾਮ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ, ਉਸਨੇ ਇਹ ਹੈਰੋਇਨ ਪੈਕਟਾੰ ਵਿੱਚ ਪਾ ਕੇ ਫਾਈਲ ‘ਚ ਲੁਕੋਈ ਹੋਈ ਸੀ।
ਦੱਸਿਆ ਜਾ ਰਿਹਾ ਹੈ ਕਿ ਉਹ ਫਾਈਲ ‘ਚ ਛੋਟੇ-ਛੋਟੇ ਪੈਕੇਟ ਲੁਕੋ ਕੇ ਉਸ ਨੂੰ ਜੇਲ੍ਹ ਵਿੱਚ ਲਿਜਾ ਰਹੇ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਪੈਕੇਟ ਉਹਨਾੰ ਵੱਲੋੰ ਕੈਦੀਆੰ ਨੂੰ ਵੰਡੇ ਜਾਣੇ ਸਨ। ਅਸਿਸਟੈੰਟ ਸਬ-ਇੰਸਪੈਕਟਰ ਕੋਲੋੰ ਮੌਕੇ ‘ਤੇ 67 ਹਜ਼ਾਰ ਦੀ ਨਗਦੀ ਤੇ 3 ਮੋਬਾਈਲ ਫੋਨ ਵੀ ਬਰਾਮਦ ਹੋਏ ਹਨ। ਜਾਣਕਾਰੀ ਇਹ ਵੀ ਹੈ ਕਿ ਫੜੇ ਜਾਣ ‘ਤੇ ਉਸਨੇ ਜੇਲ੍ਹ ਦੇ ਅਧਿਕਾਰੀਆੰ ਨਾਲ ਹੱਥੋਪਾਈ ਵੀ ਕੀਤੀ।
ਘਰ ‘ਚ ਤਲਾਸ਼ੀ ਦੌਰਾਨ 6 ਲੱਖ ਬਰਾਮਦ
ਅਸਿਸਟੈੰਟ ਜੇਲ੍ਹ ਸੁਪਰੀਡੈੰਟ ਦੀ ਗ੍ਰਿਫ਼ਤਾਰੀ ਤੋੰ ਬਾਅਦ ਉਹਨਾੰ ਦੇ ਘਰ ਦੀ ਵੀ ਤਲਾਸ਼ੀ ਲਈ ਗਈ, ਜਿਸ ਦੌਰਾਨ 6 ਲੱਖ ਰੁਪਏ ਦੀ ਨਗਦੀ ਵੀ ਬਰਾਮਦ ਹੋਈ ਹੈ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈੰਸ ਨੇ ਐਲਾਨ ਕੀਤਾ ਕਿ ਕਾਲੀ ਭੇਡ ਨੂੰ ਫੜਨ ਦੀ ਇਸ ਕਾਰਵਾਈ ਲਈ ਜੇਲ੍ਹ ਵਾਰਡਨ ਅਤੇ ਬਾਕੀ ਸਟਾਫ਼ ਨੂੰ ਰਿਵਾਰਡ ਦਿੱਤਾ ਜਾਵੇਗਾ।
Police have recovered 6 Lakh Cash from house of Arrested Asst. Jail Supdt.
We are committed to #DrugFreeJails https://t.co/IbdKcEYumF
— Harjot Singh Bains (@harjotbains) August 7, 2022
ਡੋਪ ਟੈਸਟ ‘ਚ 45% ਕੈਦੀ ਪਾਏ ਗਏ ਸਨ ਨਸ਼ੇ ਦੇ ਆਦੀ
ਕਾਬਿਲੇਗੌਰ ਹੈ ਕਿ ਪੰਜਾਬ ਦੀਆੰ ਜੇਲ੍ਹਾੰ ਵਿੱਚ ਡੋਪ ਟੈਸਟ ਕਰਵਾਏ ਜਾ ਰਹੇ ਹਨ। ਹਾਲ ਹੀ ਵਿੱਚ ਫਰੀਦਕੋਟ ਜੇਲ੍ਹ ‘ਚ ਵੀ ਕੈਦੀਆੰ ਦੇ ਡੋਪ ਟੈਸਟ ਹੋਏ ਸਨ, ਜਿਸ ਵਿੱਚ ਜੇਲ੍ਹ ਦੇ 45% ਕੈਦੀ ਨਸ਼ੇ ਦੇ ਆਦੀ ਪਾਏ ਗਏ ਸਨ। ਕੁੱਲ 2,333 ਕੈਦੀਆੰ ‘ਚੋੰ 1,064 ਕੈਦੀ ਡੋਪ ਟੈਸਟ ‘ਚ ਫੇਲ੍ਹ ਹੋ ਗਏ ਸਨ। 155 ਮਹਿਲਾ ਕੈਦੀਆੰ ਦੀ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਸੀ।