September 25, 2022
(Chandigarh)
ਸੁਪਰੀਮ ਕੋਰਟ ਤੋਂ ਮਾਨਤਾ ਮਿਲਣ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਤਖਤਾਪਲਟ ਹੋ ਗਿਆ ਹੈ। ਹਰਿਆਣਾ ਦੇ ਕੈਥਲ ਸਥਿਤ ਨੀਮ ਸਾਹਿਬ ਗੁਰਦੁਆਰਾ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਬੈਠਕ ਵਿੱਚ ਜਗਦੀਸ਼ ਸਿੰਘ ਝੀਂਡਾ ਨੂੰ ਸਰਬ-ਸੰਮਤੀ ਨਾਲ HSGPC ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ।
ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਮੀਟਿੰਗ ਵਿੱਚ 33 ਮੈਂਬਰਾਂ ਨੇ ਕਮੇਟੀ ਦੇ ਸੀਨੀਅਰ ਮੈਂਬਰ ਅਮਰਿੰਦਰ ਸਿੰਘ ਅਰੋੜਾ ਨੂੰ ਕਮੇਟੀ ਦਾ ਪ੍ਰਧਾਨ ਚੁਣਨ ਦਾ ਹੱਕ ਦਿੱਤਾ। ਅਰੋੜਾ ਨੇ ਉਹਨਾਂ ਦਾ ਨਾਂਅ ਪ੍ਰਧਾਨਗੀ ਦੇ ਅਹੁਦੇ ਲਈ ਰੱਖਿਆ, ਜਿਸ ਤੋਂ ਬਾਅਦ ਸਾਰਿਆਂ ਨੇ ਇਸ ‘ਤੇ ਸਰਬ-ਸੰਮਤੀ ਨਾਲ ਮੁਹਰ ਲਗਾ ਦਿੱਤੀ। ਝੀਂਡਾ ਨੇ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਹੁਣ HSGPC ਦੇ ਪ੍ਰਧਾਨ ਨਹੀਂ ਹਨ। ਝੀਂਡਾ ਨੇ ਕਿਹਾ ਕਿ ਕਮੇਟੀ ਹੁਣ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲੇਗੀ ਅਤੇ ਕਮੇਟੀ ਦੇ ਇਸ ਫ਼ੈਸਲੇ ਬਾਰੇ ਜਾਣਕਾਰੀ ਦੇਣਗੇ।
ਕਮੇਟੀ ਦੇ ਸੀਨੀਅਰ ਮੈਂਬਰ ਅਮਰਿੰਦਰ ਸਿੰਘ ਅਰੋੜਾ ਨੇ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਲੰਮੇ ਸਮੇਂ ਤੱਕ ਇਸ ਕਮੇਟੀ ਲਈ ਸੰਘਰਸ਼ ਕੀਤਾ ਹੈ ਅਤੇ ਹੁਣ ਪ੍ਰਧਾਨ ਦੇ ਤੌਰ ‘ਤੇ ਉਹ ਆਪਣੀ ਸੇਵਾ ਨਿਭਾਉਣਗੇ।