September 13, 2022
(Chandigarh)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜਰਮਨੀ ਦੌਰੇ ਦੌਰਾਨ ਉਥੋੰ ਹੀ ਮੋਹਰੀ ਕੰਪਨੀ ਬੇਅਵਾਅ ਤੋਂ ਖੇਤੀਬਾੜੀ ਸੈਕਟਰ ਦੇ ਮਸਲਿਆੰ ਨੂੰ ਹੱਲ ਕਰਨ ਲਈ ਸਹਿਯੋਗ ਮੰਗਿਆ। ਆਪਣੇ ਮਿਊਨਿਖ ਦੌਰੇ ਦੌਰਾਨ ਉਹਨਾੰ ਨੇ ਬੇਅਵਾਅ ਕੰਪਨੀ ਦੇ ਮਨੋਨੀਤ ਸੀ.ਈ.ਓ. ਮਾਰਕਸ ਪੋਲਿੰਗਰ, ਸੀ.ਈ.ਓ. ਵਿਸਟਾ ਡਾ. ਹੇਕ ਬੈਕ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਈ.ਟੀ. ਡਿਵੈਲਪਮੈਂਟ ਬੇਅਵਾਅ ਗਰੁੱਪ ਟੋਬੀਅਸ ਹੌਰਟਸਮੈਨ ਨਾਲ ਮੁਲਾਕਾਤ ਕੀਤੀ।
ਖੇਤੀਬਾੜੀ ਨੂੰ ਟਿਕਾਊ ਕਿੱਤਾ ਬਣਾਉਣ ਲਈ ਹੱਲ ਸੁਝਾਉਣ ਦਾ ਸੱਦਾ
ਮੁੱਖ ਮੰਤਰੀ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਪੰਜਾਬ ਮੁੱਖ ਤੌਰ ਉਤੇ ਖੇਤੀਬਾੜੀ ਆਧਾਰਤ ਅਰਥਚਾਰਾ ਹੈ, ਜਿਸ ਦੀ ਜ਼ਿਆਦਾਤਰ ਵਸੋਂ ਦੀ ਨਿਰਭਰਤਾ ਖੇਤੀਬਾੜੀ ਉਤੇ ਆਧਾਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਆਪਣੀਆਂ ਖੇਤੀਬਾੜੀ ਗਤੀਵਿਧੀਆਂ ਨੂੰ ਆਧੁਨਿਕ ਲੀਹਾਂ ਉਤੇ ਢਾਲਣਾ ਚਾਹੁੰਦਾ ਹੈ ਤਾਂ ਕਿ ਸੂਬੇ ਦੇ ਕਿਸਾਨਾਂ ਦੀ ਵੱਡੇ ਪੱਧਰ ਉਤੇ ਭਾਈਵਾਲੀ ਯਕੀਨੀ ਬਣਾਈ ਜਾਵੇ। ਭਗਵੰਤ ਮਾਨ ਨੇ ਬੇਅਵਾਅ ਕੰਪਨੀ ਨੂੰ ਸੱਦਾ ਦਿੱਤਾ ਕਿ ਉਹ ਡਿਜ਼ੀਟਾਈਜੇਸ਼ਨ ਰਾਹੀਂ ਪੰਜਾਬ ਦੀ ਖੇਤੀਬਾੜੀ ਤੇ ਮਕੈਨਿਕੀਕਰਨ ਦੀ ਮਦਦ ਵਾਸਤੇ ਚਿਰ-ਸਥਾਈ ਖੇਤੀਬਾੜੀ ਕਿੱਤੇ ਲਈ ਹੱਲ ਮੁਹੱਈਆ ਕਰੇ। ਉਨ੍ਹਾਂ ਕਿਹਾ ਕਿ ਮੋਹਰੀ ਖੇਤੀਬਾੜੀ ਕਾਰੋਬਾਰ ਤੇ ਸੇਵਾਵਾਂ ਦੇਣ ਵਾਲੀ ਬੇਅਵਾਅ ਕੰਪਨੀ ਪੰਜਾਬ ਦੇ ਸਨਅਤੀ ਈਕੋ-ਢਾਂਚੇ ਨੂੰ ਵੈਲਯੂ ਚੇਨ ਨਾਲ ਜੋੜ ਕੇ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ‘ਚ ਹਿੱਸਾ ਲੈਣ ਦਾ ਸੱਦਾ
ਮੁੱਖ ਮੰਤਰੀ ਨੇ ਜਲਵਾਯੂ ਤਬਦੀਲੀ, ਸਿੰਜਾਈ, ਝਾੜ ਦੀ ਪੇਸ਼ੀਨਗੋਈ, ਵਾਢੀ ਦੀ ਪ੍ਰਗਤੀ ਦੇ ਵਿਸ਼ਲੇਸ਼ਣ, ਨਿਵੇਸ਼ ਯੋਜਨਾਵਾਂ ਦੀ ਪ੍ਰਮਾਣਿਕਤਾ ਵਾਸਤੇ ਜਲਵਾਯੂ ਤਬਦੀਲੀ ਦੇ ਮੁਲਾਂਕਣ ਅਤੇ ਇਸ ਦੇ ਖੇਤੀਬਾੜੀ ਉਤਪਾਦਨ ਉਤੇ ਪ੍ਰਭਾਵ ਵਰਗੇ ਮਸਲਿਆਂ ਦੇ ਹੱਲ ਦੀ ਲੋੜ ਉਤੇ ਵੀ ਜ਼ੋਰ ਦਿੱਤਾ। ਉਨ੍ਹਾਂ ਬੇਅਵਾਅ ਕੰਪਨੀ ਨੂੰ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਸੂਬੇ ਦੇ ਸਿਆਸੀ ਸਥਿਰਤਾ, ਵਧੀਆ ਕੁਨੈਕਟੀਵਿਟੀ, ਉਦਾਰ ਤੇ ਸਨਅਤ ਪੱਖੀ ਨੀਤੀਆਂ, ਸਾਫ਼ ਤੇ ਸਿਹਤਮੰਦ ਵਾਤਾਵਰਨ ਦੇ ਨਾਲ-ਨਾਲ ਮਿਆਰੀ ਜੀਵਨ ਵਰਗੇ ਸਨਅਤ ਪੱਖੀ ਲਾਭਾਂ ਤੋਂ ਲਾਹਾ ਲੈਣ ਦਾ ਸੱਦਾ ਦਿੱਤਾ। ਭਗਵੰਤ ਮਾਨ ਨੇ ਬੇਅਵਾਅ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੂੰ 23 ਤੇ 24 ਫਰਵਰੀ 2023 ਨੂੰ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਭਾਗ ਲੈਣ ਦਾ ਵੀ ਸੱਦਾ ਦਿੱਤਾ।
ਪੰਜਾਬ ਦੀਆਂ ਸਨਅਤ ਪੱਖੀ ਨੀਤੀਆਂ ਦੀ ਕੀਤੀ ਨਿਸ਼ਾਨਦੇਹੀ
ਸੂਬਾ ਸਰਕਾਰ ਦੀਆਂ ਸਨਅਤ ਪੱਖੀ ਨੀਤੀਆਂ ਦੀ ਨਿਸ਼ਾਨਦੇਹੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਵਧੀਆ ਸੜਕੀ, ਰੇਲਵੇ ਤੇ ਹਵਾਈ ਕੁਨੈਕਟੀਵਿਟੀ, ਕਿਰਤੀਆਂ ਦਾ ਅਨੁਕੂਲ ਵਿਹਾਰ, ਰਿਹਾਇਸ਼ ਤਬਦੀਲੀ ਦੀਆਂ ਕੋਈ ਪਾਬੰਦੀਆਂ ਨਹੀਂ ਅਤੇ ਨਿਰਵਿਘਨ ਬਿਜਲੀ ਸਪਲਾਈ, ਉੱਦਮੀਆਂ ਲਈ ਮੁਆਫ਼ਕ ਮਾਹੌਲ ਸਿਰਜਣ ਵਿੱਚ ਸਹਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬਿਉਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦੇ ਸਿੰਗਲ ਵਿੰਡੋ ਸਿਸਟਮਜ਼ ਨੂੰ ਸਰਲ ਕੀਤਾ ਗਿਆ ਹੈ ਅਤੇ ਰਿਆਇਤਾਂ ਨੂੰ ਸਮਾਂ-ਬੱਧ ਕਰ ਕੇ ਪੰਜਾਬ ਸਰਕਾਰ ਸੂਬੇ ਵਿੱਚ ਸਨਅਤ ਪੱਖੀ ਤੇ ਉਦਾਰ ਵਾਤਾਵਰਨ ਸਿਰਜ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਪੰਜਾਬ ਦੇਸ਼ ਭਰ ਵਿੱਚੋਂ ਨਿਵੇਸ਼ ਲਈ ਸਭ ਤੋਂ ਤਰਜੀਹੀ ਸਥਾਨ ਵਜੋਂ ਉੱਭਰਿਆ ਹੈ।
50 ਤੋੰ ਵੱਧ ਮੁਲਕਾੰ ‘ਚ ਬੇਅਵਾਅ ਕੰਪਨੀ ਦਾ ਕਾਰੋਬਾਰ
ਵਿਚਾਰ-ਵਟਾਂਦਰੇ ਵਿੱਚ ਭਾਗ ਲੈਂਦਿਆਂ ਬੇਅਵਾਅ ਕੰਪਨੀ ਦੇ ਮਨੋਨੀਤ ਸੀ.ਈ.ਓ. ਤੇ ਉਨ੍ਹਾਂ ਦੀ ਟੀਮ ਨੇ ਕੰਪਨੀ ਦੇ ਕਾਰੋਬਾਰ ਬਾਰੇ ਪੇਸ਼ਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੰਪਨੀ ਊਰਜਾ, ਖੇਤੀਬਾੜੀ ਤੇ ਬਿਲਡਿੰਗ ਮਟੀਰੀਅਲ ਦੇ ਨਾਲ-ਨਾਲ ਨਵੀਆਂ ਖੋਜਾਂ ਤੇ ਡਿਜ਼ੀਟਾਈਜੇਸ਼ਨ ਦੇ ਖੇਤਰਾਂ ਵਿੱਚ ਵੀ ਵਿਕਾਸ ਕਰ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੰਪਨੀ ਦਾ ਕਾਰੋਬਾਰ 50 ਤੋਂ ਵੱਧ ਮੁਲਕਾਂ ਵਿੱਚ ਚੱਲ ਰਿਹਾ ਹੈ ਅਤੇ ਕੰਪਨੀ ਦੀ ਸੇਲ ਤਕਰੀਬਨ 19.8 ਅਰਬ ਯੂਰੋ ਦੀ ਹੈ।
ਮੀਟਿੰਗ ਦੌਰਾਨ ਪੰਜਾਬ ਬਿਉਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ (ਇਨਵੈਸਟ ਪੰਜਾਬ) ਦੇ ਸੀ.ਈ.ਓ. ਕਮਲ ਕਿਸ਼ੋਰ ਯਾਦਵ ਨੇ ਪੰਜਾਬ ਦੇ ਸਨਅਤੀ ਈਕੋ-ਸਿਸਟਮ ਦੀਆਂ ਵਿਸ਼ੇਸ਼ਤਾਵਾਂ ਤੇ ਸਨਅਤ ਲਈ ਪੇਸ਼ ਮੌਕਿਆਂ ਬਾਰੇ ਵਿਸਤਾਰ ਨਾਲ ਪੇਸ਼ਕਾਰੀ ਦਿੱਤੀ।