ਬਿਓਰੋ। ਦਿੱਲੀ ਦੀਆਂ ਸਰਹੱਦਾਂ ‘ਤੇ ਤਿੰਨ ਖੇਤੀ ਕਾਨੂੰੁਨਾਂ ਦੇ ਖਿਲਾਫ਼ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਹਨ, ਪਰ ਇਸ ਵਿਚਾਲੇ ਟਿਕਰੀ ਬਾਰਡਰ ਤੋਂ ਇੱਕ ਹੈਰਾਨ-ਪਰੇਸ਼ਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਲਜ਼ਾਮ ਹੈ ਕਿ ਇਥੇ ਇੱਕ 26 ਸਾਲਾ ਕੁੜੀ ਨਾਲ ਬਲਾਤਕਾਰ ਕੀਤਾ ਗਿਆ। ਹੈਰਾਨੀ ਹੈ ਕਿ ਇਹ ਘਟਨਾ ਕੁੜੀ ਦੀ ਮੌਤ ਤੋਂ ਬਾਅਦ ਸਾਹਮਣੇ ਆਈ ਹੈ। ਦਰਅਸਲ, ਕਿਸਾਨ ਅੰਦੋਲਨ ਦੀ ਹਮਾਇਤ ‘ਚ ਪੱਛਮੀ ਬੰਗਾਲ ਤੋਂ ਆਈ 26 ਸਾਲਾ ਮਹਿਲਾ ਐਕਟੀਵਿਸਟ ਦੀ 30 ਅਪ੍ਰੈਲ ਨੂੰ ਟਿਕਰੀ ਬਾਰਡਰ ‘ਤੇ ਕੋਰੋਨਾ ਦੇ ਚਲਦੇ ਮੌਤ ਹੋ ਗਈ ਸੀ।
ਮਾਮਲੇ ‘ਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਕੁੜੀ ਦੇ ਪਿਤਾ ਨੇ ਰੇਪ ਦਾ ਕੇਸ ਦਰਜ ਕਰਵਾਇਆ। ਪੁਲਿਸ ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ 2 ਮਹਿਲਾਵਾਂ ਸਣੇ 6 ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ। ਜਾਣਕਾਰੀ ਮੁਤਾਬਕ, ਮਹਿਲਾ 11 ਅਪ੍ਰੈਲ ਨੂੰ ਪੱਛਮੀ ਬੰਗਾਲ ਤੋਂ ਇਹਨਾਂ ਮੁਲਜ਼ਮਾਂ ਦੇ ਨਾਲ ਹੀ ਟਿਕਰੀ ਬਾਰਡਰ ‘ਤੇ ਪ੍ਰਦਰਸ਼ਨ ‘ਚ ਸ਼ਾਮਲ ਹੋਣ ਆਈ ਸੀ। ਇਲਜ਼ਾਮ ਹੈ ਕਿ ਦਿੱਲੀ ਆਉਂਦੇ ਸਮੇਂ ਟਰੇਨ ‘ਚ ਅਤੇ ਕਿਸਾਨ ਅੰਦੋਲਨ ‘ਚ ਹਿੱਸਾ ਲੈਣ ਸਮੇਂ ਉਸ ਨਾਲ ਰੇਪ ਕੀਤਾ ਗਿਆ। ਅੰਦੋਲਨ ਦੇ ਦੌਰਾਨ ਹੀ ਮਹਿਲਾ ਕੋਰੋਨਾ ਪਾਜ਼ੀਟਿਵ ਹੋ ਗਈ ਅਤੇ 30 ਅਪ੍ਰੈਲ ਨੂੰ ਕੋਰੋਨਾ ਦੇ ਚਲਦੇ ਉਸਦੀ ਮੌਤ ਹੋ ਗਈ।
ਮੁਲਜ਼ਮਾਂ ਨੂੰ ਬਖਸ਼ਾਂਗੇ ਨਹੀਂ- ਅਨਿਲ ਵਿਜ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਘਟਨਾ ਦਾ ਸਖਤ ਨੋਟਿਸ ਲਿਆ ਹੈ। ਉਹਨਾਂ ਕਿਹਾ ਕਿ ਅੰਦੋਲਨ ਦੀ ਆੜ ‘ਚ ਅਜਿਹੇ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾਣਗੇ। ਮਾਮਲੇ ਦੀ ਜਾਂਚ ਲਈ ਬਹਾਦੁਰਗੜ੍ਹ ਦੇ DSP ਦੀ ਅਗਵਾਈ ‘ਚ ਤਿੰਨ ਇੰਸਪੈਕਟਰ ਅਤੇ ਸਾਈਬਰ ਸੈੱਲ ਨੂੰ ਮਿਲਾ ਕੇ SIT ਦਾ ਗਠਨ ਵੀ ਕਰ ਦਿੱਤਾ ਗਿਆ ਹੈ।
ਅੰਦੋਲਨ ‘ਚ ਸ਼ਰਾਰਤੀ ਤੱਤਾਂ ਦੀ ਸ਼ਮੂਲੀਅਤ ਸਾਬਿਤ- BJP
ਰੇਪ ਦੀ ਇਸ ਘਟਨਾ ਨੂੰ ਲੈ ਕੇ ਪੰਜਾਬ ਬੀਜੇਪੀ ਨੇ ਕਿਸਾਨ ਅੰਦੋਲਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਘਟਨਾ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਨਾਲ ਸਾਫ਼ ਹੋ ਗਿਆ ਹੈ ਕਿ ਅੰਦੋਲਨ ‘ਚ ਸ਼ਰਾਰਤੀ ਤੱਤ ਸ਼ਾਮਲ ਹਨ। ਸ਼ਰਮਾ ਨੇ ਇਲਜ਼ਾਮ ਲਗਾਇਆ ਕਿ ਕਿਸਾਨ ਆਗੂਆਂ ਨੇ ਪੀੜਤਾ ਨੂੰ ਇਨਸਾਫ਼ ਦਵਾਉਣ ਦੀ ਬਜਾਏ ਇਸ ਗੰਭੀਰ ਅਪਰਾਧ ਨੂੰ ਲੁਕਾਉਣ ਦੀ ਕੋਸ਼ਿਸ਼ ਦਾ ਮਹਾਂਪਾਪ ਕੀਤਾ ਹੈ।
ਸੰਯੁਕਤ ਕਿਸਾਨ ਮੋਰਚੇ ਦੀ ਸਫ਼ਾਈ
ਰੇਪ ਦੀ ਇਸ ਘਟਨਾ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਸਫਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਮੁਲਜ਼ਮਾਂ ਦਾ ਉਹਨਾਂ ਦੇ ਅੰਦੋਲਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਿਸਾਨ ਮੋਰਚੇ ਨੇ ਕਿਹਾ ਕਿ ਪੀੜਤਾ ਦੇ ਪਿਤਾ ਤਾਂ ਕੇਸ ਦਰਜ ਕਰਵਾਉਣ ਨੂੰ ਹੀ ਤਿਆਰ ਨਹੀਂ ਸਨ, ਮੋਰਚੇ ਦੇ ਜ਼ੋਰ ਪਾਉਣ ‘ਤੇ ਹੀ ਉਹਨਾਂ ਵੱਲੋਂ ਕੇਸ ਦਰਜ ਕਰਵਾਇਆ ਗਿਆ। ਉਹਨਾਂ ਮੁਲਜ਼ਮਾਂ ਦੇ ਸਮਾਜਿਕ ਬਾਈਕਾਟ ਦਾ ਵੀ ਐਲਾਨ ਕੀਤਾ ਹੈ। ਨਾਲ ਹੀ ਪੀੜਤਾ ਨੂੰ ਇਨਸਾਫ਼ ਦਵਾਉਣ ਦੀ ਗੱਲ ਕਹੀ ਹੈ।
ਪੀੜਤਾ ਦੇ ਪਿਤਾ ਆਏ ਸਾਹਮਣੇ
ਕਿਸਾਨ ਅੰਦੋਲਨ ‘ਤੇ ਉਠ ਰਹੇ ਸਵਾਲਾਂ ਵਿਚਾਲੇ ਰੇਪ ਪੀੜਤਾ ਦੇ ਪਿਤਾ ਨੇ ਸਾਹਮਣੇ ਆ ਕੇ ਸੰਯੁਕਤ ਕਿਸਾਨ ਮੋਰਚੇ ਦਾ ਬਚਾਅ ਕੀਤਾ ਹੈ। ਕਿਸਾਨ ਆਗੂਆਂ ਦੀ ਪ੍ਰੈੱਸ ਕਾਨਫ਼ਰੰਸ ‘ਚ ਸ਼ਾਮਲ ਪੀੜਤਾ ਦੇ ਪਿਤਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ ਹੈ ਅਤੇ ਇਨਸਾਫ਼ ਦਵਾਉਣ ਦੀ ਗੱਲ ਕਹੀ ਹੈ। ਪੀੜਤਾ ਦੇ ਪਿਤਾ ਮੁਤਾਬਕ, ਉਹਨਾਂ ਨੇ ਸਿਰਫ ਅਨਿਲ ਮਲਿਕ ਅਤੇ ਅਨੂਪ ਨਾੰਅ ਦੇ 2 ਲੋਕਾਂ ਖਿਲਾਫ਼ ਕੇਸ ਦਰਜ ਕਰਵਾਇਆ ਸੀ, ਪਰ ਪੁਲਿਸ ਮਾਮਲੇ ‘ਚ ਬੇਕਸੂਰ ਲੋਕਾਂ ਨੂੰ ਵੀ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਮੁਤਾਬਕ, ਪੁਲਿਸ ਨੇ ਜਿਹਨਾਂ 2 ਕੁੜੀਆਂ ਖਿਲਾਫ਼ ਕੇਸ ਦਰਜ ਕੀਤਾ ਹੈ, ਉਹਨਾਂ ਨੂੰ ਵੀ ਗਲਤ ਫਸਾਇਆ ਗਿਆ ਹੈ।
ਮੁਲਜ਼ਮ ਨੇ ਖਾਰਜ ਕੀਤੇ ਇਲਜ਼ਾਮ
ਇਸ ਸਭ ਦੇ ਵਿਚਾਲੇ ਮੁਲਜ਼ਮ ਅਨੂਪ ਚਾਨੌਟ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਆਪਣੇ ‘ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ ਅਤੇ ਇਹਨਾਂ ਇਲਜ਼ਾਮਾਂ ਨੂੰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਅਨੂਪ ਸਿੰਘ ਨੇ ਕਿਹਾ ਕਿ ਜੇ ਉਸਦੀ ਗਲਤੀ ਹੈ, ਤਾਂ ਉਸਨੂੰ ਪੰਚਾਇਤ ‘ਚ ਖੜ੍ਹਾ ਕੇ ਜੁੱਤੀਆਂ ਮਾਰੀਆਂ ਜਾਣ। ਉਸਨੇ ਕਿਹਾ ਕਿ ਜਿਸਨੇ ਵੀ ਗਲਤ ਕੀਤਾ ਹੈ, ਉਸਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
ਅਨੂਪ ਸਿੰਘ ਚਾਨੌਟ ਨੇ ਕਿਹਾ ਕਿ ਇਸ ਮਾਮਲੇ ‘ਚ 6 ਤਰੀਕ ਨੂੰ ਮੀਟਿੰਗ ਹੋਈ ਸੀ, ਜਿਸ ‘ਚ ਬੰਗਾਲ ਗਏ ਸਾਰੇ ਕਿਸਾਨ ਆਗੂ ਵੀ ਸ਼ਾਮਲ ਸੀ। ਮੀਟਿੰਗ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਲੜਕੀ ਨਾਲ ਰੇਲਗੱਡੀ ‘ਚ ਛੇੜਖਾਨੀ ਹੋਈ ਸੀ, ਪਰ ਰੇਪ ਵਰਗੀ ਕੋਈ ਵੀ ਘਟਨਾ ਇੱਥੇ ਨਹੀਂ ਵਾਪਰੀ। ਅਨੂਪ ਸਿੰਘ ਦਾ ਕਹਿਣਾ ਹੈ ਕਿ ਜਿਸ ਲੜਕੇ ਅਨਿਲ ਮਲਿਕ ‘ਤੇ ਛੇੜਖਾਨੀ ਦੇ ਦੋਸ਼ ਸੀ, ਉਸ ਨੂੰ ਕਿਸਾਨਾਂ ਨੇ ਸੰਗਠਨ ‘ਚੋਂ ਬਾਹਰ ਕਰ ਦਿੱਤਾ ਸੀ ਤੇ ਇਹੀ ਲੜਕੀ ਸ਼ਿਕਾਇਤ ਕਰਨ ਤੋਂ ਅਗਲੇ ਦਿਨ ਅਨਿਲ ਮਲਿਕ ਨਾਲ ਘੁੰਮ ਰਹੀ ਸੀ ਤੇ ਸਿਗਰਟ ਪੀ ਰਹੀ ਸੀ।
FIR ‘ਚ ਕਿਸਦੇ ਨਾੰਅ ਸ਼ਾਮਲ ?
ਪੁਲਿਸ ਨੇ ਟਿਕਰੀ ਬਾਰਡਰ ‘ਤੇ ਕਿਸਾਨ ਸੋਸ਼ਲ ਆਰਮੀ ਨਾੰਅ ਦਾ ਸੋਸ਼ਲ ਮੀਡੀਆ ਪੇਜ ਚਲਾਉਣ ਵਾਲੇ ਅਨੂਪ ਅਤੇ ਅਨਿਲ ਮਲਿਕ ਤੋਂ ਇਲਾਵਾ 4 ਹੋਰ ਲੋਕਾਂ ਦੇ ਖਿਲਾਫ਼ IPC ਦੀ ਧਾਰਾ 365, 342, 354, 376 ਅਤੇ 120-ਬੀ ਦੇ ਤਹਿਤ ਕੇਸ ਦਰਜ ਕੀਤਾ ਹੈ॥ ਜਿਹਨਾਂ ਲੋਕਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ, ਉਹਨਾਂ ‘ਚ ਅਨੂਪ ਸਿੰਘ ਚਾਨੌਤ, ਅਨਿਲ ਮਲਿਕ, ਅੰਕੁਰ ਸਾੰਗਵਾਨ, ਜਗਦੀਸ਼ ਸਿੰਘ ਬਰਾੜ ਤੋਂ ਇਲਾਵਾ 2 ਅੰਦੋਲਨਕਾਰੀ ਮਹਿਲਾਵਾਂ ਦਾ ਨਾੰਅ ਸ਼ਾਮਲ ਹੈ।