ਚੰਡੀਗੜ੍ਹ। ਪੰਜਾਬ ‘ਚ ਬੀਜੇਪੀ ਆਗੂਆਂ ‘ਤੇ ਲਗਾਤਾਰ ਹੋ ਰਹੇ ਹਮਲਿਆਂ ਨੂੰ ਲੈ ਕੇ ਬੀਜੇਪੀ ਵੱਲੋਂ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਗਿਆ। ਸੂਬਾ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਪਾਰਟੀ ਦੇ ਸਮੁੱਚੇ ਕੋਰ ਗਰੁੱਪ ਨੇ ਇਹ ਧਰਨਾ ਪ੍ਰਦਰਸ਼ਨ ਕੀਤਾ।
ਬੀਜੇਪੀ ਆਗੂਆਂ ਦੇ ਇਸ ਧਰਨੇ ਨੂੰ ਵੇਖਦਿਆਂ ਮੁੱਖ ਮੰਤਰੀ ਨੇ ਵਫਦ ਨੂੰ ਅੰਦਰ ਆਉਣ ਅਤੇ 10 ਮਿੰਟ ਇੰਤਜ਼ਾਰ ਕਰਨ ਲਈ ਕਿਹਾ, ਪਰ ਬੀਜੇਪੀ ਆਗੂਆਂ ਨੇ ਧਰਨਾ ਨਹੀਂ ਚੁੱਕਿਆ। ਆਖਰਕਾਰ 15-20 ਮਿੰਟਾਂ ਬਾਅਦ ਮੁੱਖ ਮੰਤਰੀ ਆਪਣੇ ਨਿਵਾਸ ‘ਚ ਬਣੇ ਦਫ਼ਤਰ ‘ਚ ਪਹੁੰਚੇ, ਜਿਸ ਤੋਂ ਬਾਅਦ ਬੀਜੇਪੀ ਦੇ ਵਫਦ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਬੀਜੇਪੀ ਆਗੂਆਂ ‘ਤੇ ਹੋਏ ਹਮਲੇ ਦੇ ਮਾਮਲਿਆਂ ‘ਚ ਕਾਰਵਾਈ ਦੀ ਮੰਗ ਕਰਦਿਆਂ ਮੰਗ-ਪੱਤਰ ਸੌੰਪਿਆ।
ਸੀਐੱਮ ਨਾਲ ਮੁਲਾਕਾਤ ਦੌਰਾਨ ਅਸ਼ਵਨੀ ਸ਼ਰਮਾ ਨੇ ਇਲਜ਼ਾਮ ਲਾਇਆ ਕਿ ਪੰਜਾਬ ‘ਚ ਪੁਲਿਸ ਦੀ ਸ਼ਹਿ ‘ਤੇ ਇਹ ਹਮਲੇ ਕੀਤੇ ਜਾ ਰਹੇ ਹਨ ਅਤੇ ਹਮਲਿਆਂ ਦੌਰਾਨ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਅੱਜ ਤੱਕ ਜਿੰਨੇ ਵੀ ਕੇਸ ਦਰਜ ਕੀਤੇ ਗਏ ਹਨ, ਉਹ ਸਾਰੇ ਅਣਪਛਾਤਿਆਂ ਦੇ ਖਿਲਾਫ਼ ਹਨ, ਪਰ ਅੱਜ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਾਜਪਾ, DGP ਅਤੇ ਹਮਲੇ ਵਾਲੀਆਂ ਥਾਵਾਂ ‘ਤੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।
ਸੂਬਾ ਬੀਜੇਪੀ ਪ੍ਰਧਾਨ ਨੇ ਅੱਗੇ ਕਿਹਾ, “ਐਤਵਾਰ ਨੂੰ ਕਥਿਤ ਕਿਸਾਨਾਂ ਨੇ ਪਟਿਆਲਾ ਅਤੇ ਰਾਜਪੁਰਾ ‘ਚ ਪੁਲਿਸ ਦੀਆਂ ਨਜ਼ਰਾਂ ਸਾਹਮਣੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਅਤੇ ਬੀਜੇਪੀ ਆਗੂਆਂ ਨੂੰ 15 ਘੰਟਿਆਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ। ਇੰਨਾ ਹੀ ਨਹੀਂ, ਜਿਥੇ ਬੀਜੇਪੀ ਆਗੂ ਬੈਠੇ ਸਨ, ਉਥੋਂ ਦੀ ਬਿਜਲੀ ਵੀ ਕੱਟ ਦਿੱਤੀ ਗਈ। ਇਸ ਸਾਰੀ ਘਟਨਾ ਦੌਰਾਨ ਵੀ ਪੁਲਿਸ ਮੂਕ ਦਰਸ਼ਕ ਬਣੀ ਰਹੀ। ਆਖਰਕਾਰ ਰਾਤ ਨੂੰ ਹਾਈਕੋਰਟ ਖੁਲਵਾ ਕੇ ਪੁਲਿਸ ਨੇ ਮਾਨਯੋਗ ਅਦਾਲਤ ਦੇ ਆਦੇਸ਼ਾਂ ‘ਤੇ ਕਾਰਵਾਈ ਕਰਦਿਆਂ ਭਾਜਪਾ ਦੇ ਆਗੂਆਂ ਨੂੰ ਛੁਡਵਾਇਆ। ”
ਸ਼ਰਮਾ ਨੇ ਸਵਾਲ ਕੀਤਾ ਕਿ ਪੁਲਿਸ ਨੂੰ ਹੀ ਭਾਜਪਾ ਨੇਤਾਵਾਂ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਹੁੰਦੀ ਹੈ, ਤਾਂ ਇਹ ਜਾਣਕਾਰੀ ਕਥਿਤ ਕਿਸਾਨਾਂ ਤੱਕ ਕਿਵੇਂ ਪਹੁੰਚਦੀ ਹੈ। ਇਸ ਦਾ ਸਪਸ਼ਟ ਅਰਥ ਹੈ ਕਿ ਇਹ ਸਭ ਸਰਕਾਰ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਉਹਨਾਂ ਕਿਹਾ ਕਿ ਲੋਕਾਂ ਵਿਚ ਬੀਜੇਪੀ ਦੀ ਵੱਧ ਰਹੀ ਲੋਕਪ੍ਰਿਅਤਾ ਦੇ ਕਾਰਨ ਵਿਰੋਧੀ ਧਿਰ ਜਾਣਦੀ ਹੈ ਕਿ ਇਸ ਵਾਰ ਲੋਕ ਉਨ੍ਹਾਂ ਨੂੰ ਸੱਤਾ ਤੋਂ ਹਟਾ ਦੇਣਗੇ। ਇਸੇ ਲਈ ਉਹ ਬੀਜੇਪੀ ਨੂੰ ਲੋਕਾਂ ਨੂੰ ਮਿਲਣ ਤੋਂ ਰੋਕਣ ਲਈ ਅਜਿਹੀਆਂ ਨੀਚ ਚਾਲਾਂ ਦਾ ਸਹਾਰਾ ਲੈ ਰਹੇ ਹਨ, ਪਰ ਬੀਜੇਪੀ ਡਰਨ ਵਾਲੀ ਨਹੀਂ ਹੈ।
ਬਹਿਰਹਾਲ, ਬੀਜੇਪੀ ਦੀ ਸ਼ਿਕਾਇਤ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ DGP ਨੂੰ ਬੀਜੇਪੀ ਆਗੂਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਨਿੱਜੀ ਤੌਰ ‘ਤੇ ਇਸ ਮਾਮਲੇ ਨੂੰ ਵੇਖਣਗੇ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ।