ਅੰਮ੍ਰਿਤਸਰ। ਰਾਜਸਥਾਨ ‘ਚ ਬੀਤੇ ਦਿਨ ਅਸਮਾਨੀ ਬਿਜਲੀ ਡਿੱਗਣ ਦੇ ਚਲਦੇ ਕਈ ਲੋਕਾਂ ਦੀ ਮੌਤ ਗਈ, ਜਿਹਨਾਂ ‘ਚੋਂ 2 ਅੰਮ੍ਰਿਤਸਰ ਦੇ ਛੇਹਰਟਾ ਦੇ ਰਹਿਣ ਵਾਲੇ ਸਨ। ਛੇਹਰਟਾ ਦੀ ਭੱਲਾ ਕਲੋਨੀ ਦੇ ਰਹਿਣ ਵਾਲੇ ਭੈਣ-ਭਰਾ ਜੈਪੁਰ ‘ਚ ਅਸਮਾਨੀ ਬਿਜਲੀ ਦੀ ਚਪੇਟ ‘ਚ ਆ ਗਏ।
ਪਰਿਵਾਰ ਮੁਤਾਬਕ, 29 ਸਾਲਾ ਅਮਿਤ ਅਤੇ 24 ਸਾਲਾ ਸ਼ਿਵਾਨੀ 8 ਜੁਲਾਈ ਨੂੰ ਜੈਪੁਰ ‘ਚ ਆਪਣੀ ਮਾਸੀ ਦੇ ਘਰ ਗਏ ਸਨ। ਐਤਵਾਰ ਦੀ ਸ਼ਾਮ ਦੋਵੇਂ ਭੈਣ-ਭਰਾ ਆਪਣੀ ਮਾਸੀ ਦੇ ਹੀ ਪਰਿਵਾਰ ਨਾਲ ਵਾਚ ਟਾਵਰ ਵੇਖਣ ਲਈ ਗਏ ਸਨ। ਇਸੇ ਦੌਰਾਨ ਸ਼ਿਵਾਨੀ ਟਾਵਰ ‘ਤੇ ਸੈਲਫੀ ਲੈਣ ਗਈ, ਤਾਂ ਟਾਵਰ ‘ਤੇ ਅਸਮਾਨੀ ਬਿਜਲੀ ਡਿੱਗਣ ਦੇ ਚਲਦੇ ਉਸਦੀ ਚਪੇਟ ‘ਚ ਆ ਗਈ। ਅਮਿਤ ਨੇ ਹਾਲੇ ਆਪਣੇ ਪਰਿਵਾਰ ਨੂੰ ਫੋਨ ਕਰਕੇ ਇਸ ਹਾਦਸੇ ਦੀ ਜਾਣਕਾਰੀ ਹੀ ਦਿੱਤੀ ਸੀ ਕਿ ਜਿਵੇਂ ਹੀ ਉਹ ਸ਼ਿਵਾਨੀ ਨੂੰ ਲੈਣ ਲਈ ਟਾਵਰ ‘ਤੇ ਚੜ੍ਹਿਆ, ਤਾਂ ਅਸਮਾਨੀ ਬਿਜਲੀ ਮੁੜ ਟਾਵਰ ‘ਤੇ ਡਿੱਗ ਪਈ ਅਤੇ ਅਮਿਤ ਵੀ ਉਸਦੀ ਚਪੇਟ ‘ਚ ਆ ਗਏ। ਦੋਵੇਂ ਭੈਣ-ਭਰਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪਰਿਵਾਰ ਵੱਲੋਂ ਦੋਬਾਰਾ ਅਮਿਤ ਦੇ ਮੋਬਾਈਲ ‘ਤੇ ਫੋਨ ਕੀਤਾ ਗਿਆ, ਤਾਂ ਉਸਦਾ ਫੋਨ ਬੰਦ ਆ ਰਿਹਾ ਸੀ। ਬਾਅਦ ‘ਚ ਅਮਿਤ-ਸ਼ਿਵਾਨੀ ਦੀ ਮਾਸੀ ਦੇ ਪੁੱਤਰ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਦੇ ਚਲਦੇ ਦੋਵਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸੋਗ ਦਾ ਮਾਹੌਲ ਹੈ।