September 26, 2022
(Chandigarh)
ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਇੱਕ ਵਾਰ ਫਿਰ ਸਿਆਸੀ ਮੈਦਾਨ ਵਿੱਚ ਸਰਗਰਮ ਹੋ ਗਏ ਹਨ। ਸੋਮਵਾਰ ਨੂੰ ਕੈਪਟਨ ਪਹਿਲੀ ਵਾਰ ਚੰਡੀਗੜ੍ਹ ਵਿੱਚ ਪੰਜਾਬ ਬੀਜੇਪੀ ਦੇ ਦਫ਼ਤਰ ਪਹੁੰਚੇ ਅਤੇ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਵਿੱਚ ਸ਼ਾਮਲ ਹੋਏ।
ਬੀਜੇਪੀ ਦਫ਼ਤਰ ਪਹੁੰਚਣ ‘ਤੇ ਕੈਪਟਨ ਦਾ ਪਾਰਟੀ ਆਗੂਆਂ ਨੇ ਸਵਾਗਤ ਕੀਤਾ। ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੈਪਟਨ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ।

ਮੀਟਿੰਗ ਦੇ ਅੰਦਰੋਂ ਜੋ ਤਸਵੀਰ ਬਾਹਰ ਆਈ, ਉਹ ਵੀ ਬੇਹੱਦ ਦਿਲਚਸਪ ਰਹੀ। ਬੀਜੇਪੀ ਦੀ ਮੀਟਿੰਗ ਵਿੱਚ ਕਾਂਗਰਸ ਤੋਂ ਆਏ ਆਗੂਆਂ ਦਾ ਦਬਦਬਾ ਰਿਹਾ। ਅਸ਼ਵਨੀ ਸ਼ਰਮਾ ਦੇ ਇੱਕ ਪਾਸੇ ਕੈਪਟਨ ਅਤੇ ਦੂਜੇ ਪਾਸੇ ਸੁਨੀਲ ਜਾਖੜ ਬੈਠੇ ਹੋਏ ਨਜ਼ਰ ਆਏ।

ਕੋਰ ਕਮੇਟੀ ਦੀ ਬੈਠਕ ਵਿੱਚ ਬੀਜੇਪੀ ਨੇ ਪੰਜਾਬ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਗਈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੋਰ ਕਮੇਟੀ ਨੇ 27 ਸਤੰਬਰ ਨੂੰ ਲੋਕਾਂ ਦੀ ਵਿਧਾਨ ਸਭਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਬੀਜੇਪੀ ਸੈਸ਼ਨ ਵਿੱਚ ਸ਼ਾਮਲ ਨਹੀਂ ਹੋਵੇਗੀ ਅਤੇ ਸੜਕ ‘ਤੇ ਆਪਣਾ ਬਰਾਬਰ ਸੈਸ਼ਨ ਚਲਾਏਗੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਲੋਕਾਂ ਨਾਲ ਅਨੇਕਾਂ ਵਾਅਦੇ ਕਰਕੇ ਸਰਕਾਰ ਬਣਾਈ, ਪਰ ਕਿਸੇ ਵਾਅਦੇ ਨੂੰ ਪੂਰਾ ਨਹੀਂ ਕੀਤਾ। ਦਿੱਲੀ ਦੀ ਨੌਟੰਕੀ ਪੰਜਾਬ ਵਿੱਚ ਲਿਆਂਦੀ ਗਈ ਹੈ।
ਇੱਕ ਮਿਸ਼ਨ ਹੈ, ਜੋ ਪੂਰਾ ਕਰਨਾ ਹੈ- ਕੈਪਟਨ
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰਦੇ ਹੋਏ ਕੈਪਟਨ ਨੇ ਕਿਹਾ, “ਮੇਰੇ ਕੋਲ ਇੱਕ ਮਿਸ਼ਨ ਹੈ, ਜਿਸ ਨੂੰ ਪੂਰਾ ਕਰਨਾ ਹੈ ਅਤੇ ਉਹ ਹੈ ਰਾਜ ਅਤੇ ਦੇਸ਼ ਦੇ ਹਿੱਤ ਲਈ ਕੰਮ ਕਰਨਾ। ਮੈਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇਪੀ ਨੱਡਾ ਦੇ ਹੱਥ ਮਜ਼ਬੂਤ ਕਰਨਾ ਚਾਹੁੰਦਾ ਹਾਂ।”

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਨਾਲ ਵਿਸ਼ੇਸ਼ ਲਗਾਅ ਹੈ, ਕਿਉਂਕਿ ਜਦੋਂ ਵੀ ਉਹ ਮੁੱਖ ਮੰਤਰੀ ਵਜੋਂ ਉਨ੍ਹਾਂ ਨੂੰ ਸੂਬੇ ਦੀ ਕੋਈ ਮੰਗ ਲੈ ਕੇ ਮਿਲੇ ਤਾਂ ਉਨ੍ਹਾਂ ਨੇ ਉਸ ਨੂੰ ਸਹਿਜੇ ਹੀ ਸਵੀਕਾਰ ਕਰ ਲਿਆ।
ਸਾਨੂੰ ਲੜਾਈ ਲਈ ਤਿਆਰ ਰਹਿਣਾ ਪਏਗਾ- ਕੈਪਟਨ
ਕੈਪਟਨ ਅਮਰਿੰਦਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ‘ਚ ਕੋਈ ਸ਼ਾਸਨ ਨਹੀਂ ਹੈ। ਉਹਨਾਂ ਕਿਹਾ ਕਿ ਇਹ ਇੱਕ ਸਰਕਾਰ ਲਈ ਬੜੀ ਸ਼ਰਮਨਾਕ ਗੱਲ ਹੈ ਕਿ ਸੱਤਾ ਵਿੱਚ ਸਿਰਫ਼ ਛੇ ਮਹੀਨੇ ਰਹਿੰਦਿਆਂ ਉਸ ਨੂੰ ਆਪਣੇ ਲਈ ਭਰੋਸੇ ਦਾ ਵੋਟ ਲਿਆਉਣਾ ਪਿਆ ਹੈ। ਇਸਦਾ ਮਤਲਬ ਹੈ ਕਿ ਤੁਸੀਂ ਪਹਿਲਾਂ ਹੀ ਆਪਣੇ ਲੋਕਾਂ ਦਾ ਭਰੋਸਾ ਗੁਆ ਚੁੱਕੇ ਹੋ। ਉਹਨਾਂ ਕਿਹਾ, “ਮੈਨੂੰ ਯਕੀਨ ਨਹੀਂ ਹੈ ਕਿ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਜ਼ਿਆਦਾ ਦੇਰ ਤੱਕ ਬਰਦਾਸ਼ਤ ਕਰਨਗੇ। ਸਾਨੂੰ ਲੜਾਈ ਲਈ ਤਿਆਰ ਰਹਿਣਾ ਪਵੇਗਾ ਅਤੇ ਜਦੋਂ ਵੀ ਮੌਕਾ ਮੰਗੇਗਾ ਅਸੀਂ ਲੜਾਂਗੇ।”