ਚੰਡੀਗੜ੍ਹ। ਕੋਟਕਪੂਰਾ ਗੋਲੀਕਾਂਡ ਦੀ ਜਾਂਚ ਰੱਦ ਕਰਨ ਦੇ ਪੰਜਾਬ-ਹਰਿਆਣਾ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਕੈਪਟਨ ਸਰਕਾਰ ਬਦਲਾਖੋਰੀ ਤਹਿਤ ਮਹਿਜ਼ ਬਾਦਲ ਪਰਿਵਾਰ ਨੂੰ ਫਸਾਉਣ ਵਾਸਤੇ ਜਾਂਚ ਕਰਵਾ ਰਹੀ ਸੀ, ਜਿਸਦਾ ਨਤੀਜਾ ਇਹ ਨਿਕਲਿਆ ਕਿ ਹਾਈਕੋਰਟ ਨੇ ਜਾਂਚ ਰੱਦ ਕਰ ਦਿੱਤੀ। ਇਹਨਾਂ ਇਲਜ਼ਾਮਾਂ ਤੋਂ ਬਾਅਦ ਕੈਪਟਨ ਤੇ ਸੁਖਬੀਰ ਵਿਚਾਲੇ ਤਿੱਖੀ ਬਿਆਨਬਾਜ਼ੀ ਛਿੜ ਗਈ ਹੈ।
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ‘ਤੇ ਹਮਲਾ ਬੋਲਦਿਆਂ ਕਿਹਾ, “ਜਸ਼ਨ ਮਨਾਉਣਾ ਬੰਦ ਕਰੋ। ਕੋਟਕਪੂਰਾ ਕੇਸ ਹਾਲੇ ਖ਼ਤਮ ਨਹੀਂ ਹੋਇਆ ਹੈ। ਹਾਈਕੋਰਟ ਵੱਲੋਂ ਫ਼ੈਸਲੇ ਦੀ ਅਧਿਕਾਰਤ ਕਾਪੀ ਹਾਲੇ ਆਈ ਨਹੀਂ ਹੈ। ਜਿੱਤ ਮਨਾਉਣ ਤੋਂ ਪਹਿਲਾਂ ਘੱਟੋ-ਘੱਟ ਆਦੇਸ਼ ਦੀ ਕਾਪੀ ਦਾ ਇੰਤਜ਼ਾਰ ਤਾਂ ਕਰੋ। ਜਸ਼ਨ ਮਨਾਉਣ ਦੀ ਕਾਹਲੀ ਤੋਂ ਉਹਨਾਂ ਦੀ ਬੁਖਲਾਹਟ ਸਾਫ਼ ਨਜ਼ਰ ਆਉਂਦੀ ਹੈ।”
ਮੁੱਖ ਮੰਤਰੀ ਨੇ ਕਿਹਾ, “ਫ਼ੈਸਲਾ ਚਾਹੇ ਕੋਈ ਵੀ ਹੋਵੇ, ਮੈਂ SIT ਦੀ ਜਾਂਚ ਦੇ ਨਾਲ ਖੜ੍ਹਾ ਹਾਂ, ਜਿਸਨੇ ਆਪਣੀ ਜਾਂਚ ‘ਚ ਕਿਤੇ ਵੀ ਇਸ ਘਿਣੌਨੇ ਕਾਰੇ ‘ਚ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਨਹੀਂ ਦਿੱਤੀ, ਜਿਸਦੇ ਚਲਦੇ ਮਾਸੂਮਾਂ ਦੀ ਜਾਨ ਚਲੀ ਗਈ।” ਸੀਐੱਮ ਨੇ ਕਿਹਾ ਕਿ ਸੁਖਬੀਰ ਬਾਦਲ ਬਦਲਾਖੋਰੀ ਦਾ ਰੌਲਾ ਪਾ ਕੇ ਉਸ ਚਾਰਜਸ਼ੀਟ ਦੇ ਸ਼ਿਕੰਜੇ ‘ਚੋਂ ਨਿਕਲਣਾ ਚਾਹ ਰਹੇ ਹਨ, ਜਿਸ ‘ਚ ਇਹ ਦੱਸਿਆ ਗਿਆ ਹੈ ਕਿ ਐਕਸ਼ਨ ਵੇਲੇ ਕੋਟਕਪੂਰਾ ਦੇ ਤਤਕਾਲੀ MLA ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕੀਤਾ ਸੀ।
ਵਿਗੜੇ ਬੱਚੇ ਵਾਂਗ ਰੌਲਾ ਪਾ ਰਹੇ ਕੈਪਟਨ- ਸੁਖਬੀਰ
ਕੈਪਟਨ ਅਮਰਿੰਦਰ ਸਿੰਘ ਦੇ ਵਾਰ ‘ਤੇ ਸੁਖਬੀਰ ਬਾਦਲ ਨੇ ਪਲਟਵਾਰ ਕੀਤਾ ਅਤੇ ਇਥੋਂ ਤੱਕ ਕਿਹਾ ਕਿ ਸੀਐੱਮ ਇਸ ਮਾਮਲੇ ‘ਚ ਇੱਕ ਮਾਯੂਸ ਤੇ ਵਿਗੜੇ ਬੱਚੇ ਵਾਂਗ ਰੋਲਾ ਪਾ ਰਹੇ ਹਨ। ਸੁਖਬੀਰ ਨੇ ਕਿਹਾ, “ਇਹ ਅਗਾਮੀ ਵਿਧਾਨ ਸਭਾ ਚੋਣਾਂ ਅਤੇ ਹਾਈਕੋਰਟ ਦੇ ਫ਼ੈਸਲੇ ਕਾਰਨ ਦੋਹਰੀ ਹਾਰ ਦੇ ਚਲਦੇ ਗਰਮੀ ‘ਚ ਪਾਗਲ ਹੋਣ ਵਰਗਾ ਹੈ। ਕੈਪਟਨ ਦੇ ਬੇਤੁਕੇ ਬਿਆਨ ਇਸ ਗੱਲ ਦਾ ਸਪੱਸ਼ਟ ਸੰਕੇਤ ਹਨ ਕਿ ਉਹਨਾਂ ਨੇ ਆਪਣਾ ਮਾਨਸਿਕ ਸੰਤੁਲਨ ਗੁਆ ਦਿੱਤਾ ਹੈ।”
ਅਜਿਹੇ ਮਾਹੋਲ ‘ਚ ਕੈਪਟਨ ਹੀ ਜਸ਼ਨ ਮਨਾ ਸਕਦੇ ਹਨ- ਸੁਖਬੀਰ
ਕੈਪਟਨ ਦੇ ਜਸ਼ਨ ਮਨਾਉਣ ਵਾਲੇ ਬਿਆਨ ‘ਤੇ ਪ੍ਰਤੀਕਰਮ ਦਿੰਦਿਆ ਸੁਖਬੀਰ ਨੇ ਕਿਹਾ, “ਇਹ ਸਹੀ ਅਰਥਾਂ ਵਿਚ ਬਕਵਾਸ ਹੈ। ਅਮਰਿੰਦਰ ਸਿੰਘ ਵਰਗਾ ਵਿਅਕਤੀ ਹੀ ਐਸ਼ੋ-ਈਸ਼ਰਤ ਦੀ ਜ਼ਿੰਦਗੀ ਜੀ ਸਕਦਾ ਹੈ। ਅਜਿਹੇ ਗੰਭੀਰ ਮਾਹੌਲ ਵਿਚ ਕੋਈ ਖੁਸ਼ੀਆਂ ਨਹੀਂ ਮਨਾ ਸਕਦਾ।”
ਅਕਾਲੀ ਦਲ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਦੀਆਂ ਉਹ ਟਿੱਪਣੀਆਂ ਵੀ ਹਾਸੋਹੀਣੀਆਂ ਤੇ ਬੇਤੁਰੀਆਂ ਕਰਾਰ ਦਿੱਤੀਆਂ, ਜਿਹਨਾਂ ਵਿਚ ਮੁੱਖ ਮੰਤਰੀ ਨੇ ਬਾਦਲ ਵੱਲੋਂ ਹਾਈ ਕੋਰਟ ਦੇ ਵਿਸਥਾਰਿਤ ਫੈਸਲਾ ਆਉਣ ਤੋਂ ਪਹਿਲਾਂ ਹੀ ਖੁਸ਼ੀ ਮਨਾਉਣ ਦਾ ਦਾਅਵਾ ਕੀਤਾ ਹੈ। ਉਹਨਾਂ ਕਿਹਾ, “ਕੀ ਤੁਸੀਂ ਮੰਨ ਸਕਦੇ ਹੋ ਕਿ ਅਜਿਹਾ ਬਿਆਨ ਉਸ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਹੈ ਜਿਸਨੇ ਪਹਿਲਾਂ ਹੀ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ ? ਜੇਕਰ ਹਾਈਕੋਰਟ ਦੇ ਫੈਸਲੇ ਦੀ ਜਾਣਕਾਰੀ ਨਹੀਂ ਹੈ, ਤਾਂ ਉਹ ਤੇ ਉਹਨਾਂ ਦੀ ਸਰਕਾਰ ਸੁਪਰੀਮ ਕੋਰਟ ਵਿਚ ਕਿਸਨੂੰ ਚੁਣੌਤੀ ਦੇਣਗੇ? ਬਾਦਲ ਨੇ ਮੁੜ ਦੁਹਰਾਇਆ ਕਿ ਉਹਨਾਂ ਨੁੰ ਦੇਸ਼ ਦੀ ਨਿਆਂਪਾਲਿਕਾ ’ਤੇ ਪੂਰਾ ਵਿਸ਼ਵਾਸ ਹੈ।”