ਚੰਡੀਗੜ੍ਹ। ਮੋਗਾ ‘ਚ ਬੀਤੇ ਦਿਨ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਜੰਮ ਕੇ ਘੇਰਿਆ ਅਤੇ ਚੋਣ ਵਾਅਦੇ ਪੂਰੇ ਨਾ ਕਰਨ ਦਾ ਇਲਜ਼ਾਮ ਲਗਾਇਆ। ਕੇਜਰੀਵਾਲ ਦੇ ਇਹਨਾਂ ਇਲਜ਼ਾਮਾਂ ਦਾ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੁੂੰ ਉਹਨਾਂ ਦੀ ਸਰਕਾਰ ਦੇ ਕੰਮਕਾਜ ਗਿਣਾਉਣ ਦਾ ਕੋਈ ਹੱਕ ਨਹੀਂ ਹੈ, ਜਿਸਨੇ ਸੂਬੇ ‘ਚ 84 ਫ਼ੀਸਦ ਤੋਂ ਵੱਧ ਵਾਅਦੇ ਮੁਕੰਮਲ ਕੀਤੇ ਹਨ। ਜਦਕਿ ਖੁਦ ਕੇਜਰੀਵਾਲ ਨੇ ਦਿੱਲੀ ‘ਚ ਆਪਣੇ 15 ਫ਼ੀਸਦ ਵਾਅਦੇ ਵੀ ਪੂਰੇ ਨਹੀਂ ਕੀਤੇ। ਕੈਪਟਨ ਨੇ ਕਿਹਾ ਕਿ ਜੇਕਰ ਤੁਸੀਂ ਅਜਿਹਾ ਦਿੱਲੀ ਮਾਡਲ ਪੰਜਾਬ ਨੂੰ ਦੇਣਾ ਚਾਹੁੰਦੇ ਹੋ, ਤਾਂ ਮੇਰੇ ਲੋਕ ਤੁਹਾਡੇ ਤੋਂ ਬਿਨ੍ਹਾਂ ਹੀ ਬਿਹਤਰ ਹਨ।
ਕੈਪਟਨ ਨੇ ਕੇਜਰੀਵਾਲ ਨੂੰ ਝੂਠ ਦੇ ਸਰਤਾਜ ਦੱਸਦਿਆਂ ਕਿਹਾ ਕਿ ਕੇਜਰੀਵਾਲ ਓਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ 2017 ‘ਚ ਕੀਤਾ ਸੀ। ਪਰ ਇਸ ਵਾਰ ਪੰਜਾਬ ਦੇ ਲੋਕ ਉਹਨਾਂ ਦੀਆਂ ਗੱਲਾਂ ‘ਚ ਨਹੀਂ ਆਉਣਗੇ। ਕੈਪਟਨ ਨੇ ਕਿਹਾ, “ਤੁਹਾਨੂੰ ਪੰਜਾਬ ਦੇ ਲੋਕਾਂ ਨਾਲ ਝੂਠੇ ਦਾਅਵੇ ਅਤੇ ਬਦਲੇ ਦੀਆਂ ਗੱਲਾਂ ‘ਚ ਪੈਣ ਦੀ ਬਜਾਏ ਦਿੱਲੀ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਥੇ ਉਹਨਾਂ ਨੇ 50 ਫ਼ੀਸਦ ਵਾਅਦੇ ਵੀ ਪੂਰੇ ਨਹੀਂ ਕੀਤੇ।”
ਅਰਵਿੰਦ ਕੇਜਰੀਵਾਲ ਵੱਲੋ ਪੰਜਾਬ ਦੇ ਲੋਕਾਂ ਨੂੰ ਘਰ-ਘਰ ਨੌਕਰੀ ਦੇਣ ਦੇ ਵਾਅਦੇ ‘ਤੇ ਵੀ ਕੈਪਟਨ ਭੜਕੇ ਅਤੇ ਅੰਕੜੇ ਜਾਰੀ ਕਰ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ। ਕੈਪਟਨ ਮੁਤਾਬਕ, “ਕੇਜਰੀਵਾਲ ਸਰਕਾਰ ਵੱਲੋਂ 2016 ‘ਚ 102, 2017 ‘ਚ 66 ਅਤੇ 2018 ‘ਚ 46 ਨੌਕਰੀਆਂ ਦਿੱਤੀਆਂ ਗਈਆਂ।” ਕੈਪਟਨ ਨੇ ਕਿਹਾ, “ਜੇਕਰ ਤੁਸੀਂ ਇਹਨਾਂ ਅੰਕੜਿਆਂ ਨਾਲ ਮੇਰੀ ਸਰਕਾਰ ਦੀ ਤੁਲਨਾ ਕਰਦੇ ਹੋ, ਤਾਂ ਤੁਹਾਨੂੰ ਵਾਕਈ ਕੋਈ ਸ਼ਰਮ ਨਹੀਂ ਆਉਂਦੀ। ਜਦਕਿ ਮੇਰੀ ਸਰਕਾਰ ਨੇ 16.29 ਲੱਖ ਨੌਕਰੀਆਂ ਦਿੱਤੀਆਂ ਹਨ, ਤੇ ਇਹਨਾਂ ‘ਚੋਂ 58,709 ਤਾਂ ਸਰਕਾਰੀ ਹੀ ਹਨ। ਇੰਨਾ ਹੀ ਨਹੀਂ, ਆਪਣੀ ਸਰਕਾਰ ਦੇ ਕਾਰਜਕਾਲ ਦੇ ਆਖਰੀ ਸਾਲ ‘ਚ ਵੀ ਸਾਡੇ ਵੱਲੋਂ ਇੱਕ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਟੀਚਾ ਮਿੱਥਿਆ ਗਿਆ ਹੈ।”
ਮੁੱਖ ਮੰਤਰੀ ਨੇ ਅੱਗੇ ਕਿਹਾ, “ਅਜਿਹਾ ਲਗਦਾ ਹੈ ਕਿ ਹਮੇਸ਼ਾ ਵਾਂਗ ਤੁਹਾਡੇ ਪੰਜਾਬ ਦੇ ਆਗੂ ਜਾਂ ਤਾਂ ਤੁਹਾਨੂੰ ਪੰਜਾਬ ਆਉਣ ਤੋਂ ਪਹਿਲਾਂ ਸਹੀ ਤੱਥਾਂ ਬਾਰੇ ਜਾਣੂ ਨਹੀਂ ਕਰਵਾਉਂਦੇ ਜਾਂ ਫਿਰ ਸ਼ਾਇਦ ਤੁਹਾਨੂੰ ਜਾਣਬੁੱਝ ਕੇ ਗੁੰਮਰਾਹ ਕਰਦੇ ਹਨ।”
ਖੇਤੀ ਕਾਨੂੰਨਾਂ ‘ਤੇ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਦੇ ਕੇਜਰੀਵਾਲ ਦੇ ਦਾਅਵੇ ‘ਤੇ ਵੀ ਕੈਪਟਨ ਨੇ ਨਿਸ਼ਾਨਾ ਸਾਧਿਆ ਅਤੇ ਕਿਹਾ, “ਹਰ ਕੋਈ ਜਾਣਦਾ ਹੈ ਇਸ ਮੁੱਦੇ ‘ਤੇ ਤੁਸੀਂ ਕਿਥੇ ਖੜ੍ਹੇ ਹੋ। ਦਿੱਲੀ ‘ਚ ਤੁਹਾਡੀ ਸਰਕਾਰ ਨੇ ਤਾਂ ਇਹਨਾਂ ਤਿੰਨਾਂ ਕਾਨੂੰਨਾਂ ‘ਚੋਂ ਇੱਕ ਨੂੰ ਲਾਗੂ ਵੀ ਕਰ ਦਿੱਤਾ ਹੈ। ਇਥੋਂ ਤੱਕ ਕਿ ਪੰਜਾਬ ‘ਚ ਵੀ ਤੁਹਾਡੀ ਪਾਰਟੀ ਇਸ ‘ਤੇ ਯੂ-ਟਰਨ ਲੈ ਚੁੱਕੀ ਹੈ।” ਕੈਪਟਨ ਨੇ ਕਿਹਾ, “ਮੇਰੇ ਸੂਬੇ ਨਾਲ ਜੁੜੇ ਮਾਮਲਿਆਂ ਨੂੰ ਨਜਿੱਠਣ ‘ਚ ਤੁਹਾਡੀ ਤੁਲਨਾ ‘ਚ ਮੈਂ ਵੱਧ ਸਮਰੱਥ ਹਾਂ।”
ਮੁੱਖ ਮੰਤਰੀ ਨੇ ‘ਆਪ’ ਦੀ ਰੈਲੀ ‘ਚ ਕੋਰੋਨਾ ਨਿਯਮਾਂ ਦੀ ਪਾਲਣਾ ਨਾ ਹੋਣ ਨੂੰ ਲੈ ਕੇ ਵੀ ਕੇਜਰੀਵਾਲ ‘ਤੇ ਹਮਲਾ ਬੋਲਿਆ ਅਤੇ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਕਿੰਨੀ ਕੁ ਚਿੰਤਾ ਹੈ। ਕੇਜਰੀਵਾਲ ਕਿਸੇ ਵੀ ਕੀਮਤ ‘ਤੇ ਪੰਜਾਬ ‘ਚ ਸੱਤਾ ਹਥਿਆਉਣਾ ਚਾਹੁੰਦੇ ਹਨ।