2017 ਦੀਆਂ ਚੋਣਾਂ ਤੋਂ ਠੀਕ 2 ਮਹੀਨੇ ਪਹਿਲਾਂ ਕਾਂਗਰਸ ਦਾ ਹੱਥ ਫੜਨ ਵਾਲੇ ਨਵਜੋਤ ਸਿੱਧੂ 2022 ਦੀਆਂ ਚੋਣਾਂ ਤੋਂ ਪਹਿਲਾਂ ਮੁੜ ਚਰਚਾ ‘ਚ ਹਨ। ਚਰਚਾ ਇਹ ਕਿ ਉਹਨਾਂ ਨੂੰ ਪਾਰਟੀ ‘ਚ ਕੋਈ ਵੱਡਾ ਅਹੁਦਾ ਦਿੱਤਾ ਜਾ ਸਕਦਾ ਹੈ ਜਾਂ ਫਿਰ ਮੁੜ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ।
ਕੈਬਨਿਟ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਕੈਪਟਨ ਅਤੇ ਸਿੱਧੂ ਵਿਚਾਲੇ ਛਿੜੀ ਜੰਗ ਹੁਣ ਖ਼ਤਮ ਹੋ ਸਕਦੀ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਵੱਲੋਂ ਸਿੱਧੂ ਨੂੰ ਬੁੱਧਵਾਰ ਨੂੰ ਲੰਚ ਲਈ ਸੱਦਿਆ ਗਿਆ ਹੈ। ਇਸ ਮੁਲਾਕਾਤ ਦੌਰਾਨ ਦੋਵਾਂ ਵਿਚਾਲੇ ਸੁਲ੍ਹਾ ਹੋਣ ਦੀ ਆਸ ਜਤਾਈ ਜਾ ਰਹੀ ਹੈ।
ਕਿਆਸਰਾਈਆੰ ਦੀ ਮੰਨੀਏ, ਤਾਂ ਪਾਰਟੀ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ, ਪਰ ਸੀਐੱਮ ਕੈਪਟਨ ਇਸਦੇ ਲਈ ਹਾਮੀ ਨਹੀਂ ਭਰ ਰਹੇ। ਇਹ ਕੈਪਟਨ ਹੀ ਸਨ, ਜਿਹਨਾਂ ਸਦਕਾ ਸੁਨੀਲ ਜਾਖੜ ਨੂੰ ਸੂਬਾ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਸੌੰਪੀ ਗਈ ਸੀ। ਇਸ ਤੋਂ ਇਲਾਵਾ ਚਰਚਾ ਇਹ ਵੀ ਹੈ ਕਿ ਸਿੱਧੂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਵੀ ਵਾਪਸ ਦਿੱਤਾ ਜਾ ਸਕਦਾ ਹੈ। ਪਰ ਕਿਉਂਕਿ ਫੇਰਬਦਲ ਤੋਂ ਬਾਅਦ ਸਿੱਧੂ ਨੂੰ ਬਿਜਲੀ ਮੰਤਰੀ ਬਣਾਇਆ ਗਿਆ ਸੀ, ਤੇ ਇਸੇ ਕਾਰਨ ਸਿੱਧੂ ਨੇ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ। ਅਜਿਹੇ ਵਿੱਚ ਸਿੱਧੂ ਜੇਕਰ ਬਿਜਲੀ ਮੰਤਰੀ ਦਾ ਅਹੁਦਾ ਮਨਜ਼ੂਰ ਕਰਦੇ ਹਨ, ਤਾਂ ਇਹ ਉਹਨਾਂ ਲਈ ਬੈਕਫੁੱਟ ਵਾਲੀ ਸਥਿਤੀ ਹੋਵੇਗੀ। ਲਿਹਾਜ਼ਾ ਸਿੱਧੂ ਨੂੰ ਮੁੜ ਲੋਕਲ ਬਾਡੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੇ ਜਾਣ ਦੇ ਵੀ ਕਾਫ਼ੀ ਅਸਾਰ ਹਨ।