ਬਿਓਰੋ। ਖੇਤੀ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੇ ਸ਼ਨੀਵਾਰ ਨੂੰ ਇੱਕ ਵਾਰ ਫਿਰ ਆਪਣੀ ਤਾਕਤ ਵਿਖਾਈ। ਅੰਦੋਲਨਕਾਰੀ ਕਿਸਾਨਾਂ ਨੇ 24 ਘੰਟਿਆਂ ਲਈ ਕੁੰਡਲੀ-ਮਾਨੇਸਰ-ਪਲਵਲ ਅਤੇ ਕੁੰਡਲੀ-ਗਾਜ਼ੀਆਬਾਦ-ਪਲਵਲ ਐਕਸਪ੍ਰੈੱਸ ਵੇਅ ਨੂੰ ਜਾਮ ਕਰ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਜ਼ਿਦ ਛੱਡੇ ਅਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ। ਪਰ ਸਰਕਾਰ ਦੇ ਤੇਵਰ ਹਾਲੇ ਵੀ ਨਰਮ ਪੈਦੇ ਨਜ਼ਰ ਨਹੀਂ ਆ ਰਹੇ।
ਅੰਦੋਲਨ ਛੱਡ ਗੱਲਬਾਤ ਕਰਨ ਕਿਸਾਨ- ਤੋਮਰ
ਕਿਸਾਨਾਂ ਦੇ ਇਸ ਚੱਕਾ ਜਾਮ ਵਿਚਾਲੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਸਾਨ ਜਥੇਬੰਦੀਆਂ ‘ਤੇ ਸਿੱਧਾ ਹਮਲਾ ਬੋਲਿਆ। ਤੋਮਰ ਨੇ ਕਿਹਾ ਕਿ ਅੰਦੋਲਨ ਕਰਨਾ ਕੁਝ ਕਿਸਾਨ ਜਥੇਬੰਦੀਆਂ ਦੀ ਆਦਤ ਹੋ ਗਈ ਹੈ। ਤੋਮਰ ਨੇ ਦਾਅਵਾ ਕੀਤਾ ਕਿ ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਨਾਲ ਸੰਤੁਸ਼ਟ ਹਨ ਅਤੇ ਕਿਸਾਨਾਂ ਦੇ ਮਨਾਂ ‘ਚ ਕੋਈ ਵੀ ਪਰੇਸ਼ਾਨੀ ਨਹੀਂ ਹੈ। ਉਹਨਾਂ ਕਿਹਾ ਕਿ ਜਿਹੜੇ ਕਿਸਾਨ ਇਹਨਾਂ ਕਾਨੂੰਨਾਂ ਦੇ ਵਿਰੋਧ ‘ਚ ਹਨ, ਉਹਨਾਂ ਨਾਲ ਗੱਲਬਾਤ ਕਰਨ ਲਈ ਸਰਕਾਰ ਤਿਆਰ ਹੈ। ਆਪਣਾ ਅੰਦੋਲਨ ਖ਼ਤਮ ਕਰ ਕਿਸਾਨ ਜਥੇਬੰਦੀਆਂ ਜਦੋਂ ਵੀ ਗੱਲਬਾਤ ਲਈ ਆਉਣਗੇ, ਤਾਂ ਸਰਕਾਰ ਉਹਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ।
ਕੋਰੋਨਾ ਨਿਯਮਾਂ ਦਾ ਹਵਾਲਾ
ਤੋਮਰ ਨੇ ਕਿਹਾ ਕਿ ਜਦੋਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਚੱਲ ਰਹੀ ਸੀ, ਉਸ ਵੇਲੇ ਵੀ ਉਹਨਾਂ ਨੇ ਕੋਰੋਨਾ ਸੰਕਟ ਦੇ ਚਲਦੇ ਅੰਦੋਲਨ ‘ਚ ਸ਼ਾਮਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਘਰ ਭੇਜਣ ਦੀ ਅਪੀਲ ਕੀਤੀ ਸੀ। ਹੁਣ ਕੋਰੋਨਾ ਦੀ ਦੂਜੀ ਲਹਿਰ ਹੈ। ਪੂਰਾ ਦੇਸ਼ ਇਸ ਨੂੰ ਲੈ ਕੇ ਚਿੰਤਤ ਹੈ ਅਤੇ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦੀ ਜ਼ਿੰਦਗੀ ਉਹਨਾਂ ਲਈ ਮਹੱਤਵਪੂਰਣ ਹੈ। ਅਜਿਹੇ ‘ਚ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਕੇ ਸਰਕਾਰ ਨਾਲ ਗੱਲਬਾਤ ਕਰ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ।
4 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਡੇਰਾ
ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਨੇ 26 ਨਵੰਬਰ ਤੋਂ ਡੇਰਾ ਸਮਰਥਕਾਂ ਨੇ ਡੇਰਾ ਲਗਾਇਆ ਹੋਇਆ ਹੈ। ਕਿਸਾਨ ਆਗੂ ਦੇਸ਼ ਦੇ ਦੂਜੇ ਹਿੱਸਿਆਂ ‘ਚ ਜਾ ਕੇ ਵੀ ਇਹਨਾਂ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਨੂੰ ਲਾਮਬੱਧ ਕਰ ਰਹੇ ਹਨ। ਵਿਰੋਧ ਕਰ ਰਹੇ ਕਿਸਾਨ ਕੇਂਦਰ ਦੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਫ਼ਸਲਾਂ ‘ਤੇ MSP ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਕਰ ਰਹੇ ਹਨ।
ਢਾਈ ਮਹੀਨਿਆਂ ਤੋਂ ਗੱਲਬਾਤ ਬੰਦ
ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਬੰਦ ਪਈ ਹੈ। ਆਖਰੀ ਬੈਠਕ 22 ਜਨਵਰੀ ਨੂੰ ਹੋਈ ਸੀ। ਇਸ ਤੋਂ ਇੱਕ ਦਿਨ ਪਹਿਲਾਂ 20 ਜਨਵਰੀ ਨੂੰ ਹੋਈ ਬੈਠਕ ‘ਚ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਖੇਤੀ ਕਾਨੂੰਨਾਂ ਨੂੰ ਡੇਢ ਤੋਂ 2 ਸਾਲ ਲਈ ਹੋਲਡ ‘ਤੇ ਰੱਖਣ ਅਤੇ ਇੱਕ ਸਾਂਝੀ ਕਮੇਟੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਪਰ ਕਿਸਾਨਾਂ ਨੇ ਸਰਕਾਰ ਦੇ ਆਫ਼ਰ ਨੂੰ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਹਾਲੇ ਤੱਕ ਕਿਸਾਨਾਂ ਅਤੇ ਕੇਂਦਰ ਵਿਚਾਲੇ ਰੇੜਕਾ ਬਰਕਰਾਰ ਹੈ।
ਅਗਲੇ ਮਹੀਨੇ ਸੰਸਦ ਘੇਰਾਓ ਦੀ ਤਿਆਰੀ
ਕਿਸਾਨਾਂ ਨੇ ਮਈ ਦੇ ਪਹਿਲੇ ਹਫ਼ਤੇ ‘ਚ ਸੰਸਦ ਦੇ ਘੇਰਾਓ ਦਾ ਐਲਾਨ ਕੀਤਾ ਹੋਇਆ ਹੈ। ਹਾਲਾਂਕਿ ਇਸਦਾ ਫ਼ਾਈਨਲ ਪਲਾਨ ਤਿਆਰ ਹੋਣਾ ਹਾਲੇ ਬਾਕੀ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੇ ਜਦੋਂ 26 ਜਨਵਰੀ ਨੂੰ ਟ੍ਰੈਕਟਰ ਪਰੇਡ ਕੱਢੀ ਸੀ, ਉਸ ਵੇਲੇ ਜੰਮ ਕੇ ਹੰਗਾਮਾ ਹੋਇਆ ਸੀ। ਹਜ਼ਾਰਾਂ ਕਿਸਾਨ ਤੈਅ ਰੂਟ ਤੋਂ ਭਟਕ ਕੇ ਲਾਲ ਕਿਲ੍ਹੇ ‘ਤੇ ਪਹੁੰਚ ਗਏ ਸਨ ਅਤੇ ਕੇਸਰੀ ਝੰਡਾ ਫਹਿਰਾ ਕੇ ਅੰਦੋਲਨ ‘ਚ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਸੀ।