ਬਿਓਰੋ। ਕੋਟਕਪੂਰਾ ਗੋਲੀਕਾਂਡ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਇੱਕ ਵਾਰ ਫਿਰ ਬੇਅਦਬੀਆਂ ਤੇ ਗੋਲੀਕਾਂਡ ਦਾ ਮੁੱਦਾ ਗਰਮਾ ਗਿਆ ਹੈ। ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਧੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਹਾਈਕੋਰਟ ਵੱਲੋਂ ਬਣਾਈ SIT ਦੀ ਜਾਂਚ ਨੂੰ ਖਾਰਜ ਕੀਤੇ ਜਾਣ ਤੋਂ ਸਾਫ਼ ਹੈ ਕਿ ਮੁੱਖ ਮੰਤਰੀ ਦੋਸ਼ੀਆਂ ਨੂੰ ਲੱਭਣ ‘ਚ ਦਿਲਚਸਪੀ ਨਹੀਂ ਰੱਖ ਰਹੇ, ਬਲਕਿ ਉਹਨਾਂ ਦਾ ਮੰਤਵ ਬਾਦਲ ਪਰਿਵਾਰ ਨੂੰ ਕੋਸ ‘ਚ ਫਸਾਉਣਾ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ SIT ਦਾ ਗਠਨ ਬਦਲਾਖੋਰੀ ਦੀ ਰਾਜਨੀਤੀ ਕਰਨ ਲਈ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਸਾਰੀ ਜਾਂਚ ਮਾੜੇ ਮਨਸੂਬਿਆਂ ਨਾਲ ਕੀਤੀ ਜਾ ਰਹੀ ਹੈ, ਜੋ ਹੁਣ ਸਾਬਿਤ ਵੀ ਹੋ ਗਿਆ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਨ ਅਤੇ ਕਾਰਵਾਈ ਕਰਨ ਦੀ ਸਹੁੰ ਚੁੱਕੀ ਸੀ, ਪਰ ਉਹਨਾਂ ਨੇ ਸਿਆਸੀ ਜਾਂਚ ਨਾਲ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਅਤੇ ਇਸ ਕੰਮ ‘ਚ 4 ਸਾਲ ਬਰਬਾਦ ਕਰ ਦਿੱਤੇ।
ਘਟੀਆ ਸਿਆਸਤ ਕਰ ਰਹੇ ਸੁਖਬੀਰ: ਕੈਪਟਨ
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ‘ਤੇ ਪਲਟਵਾਰ ਕਰਦੇ ਹੋਏ ਉਹਨਾਂ ‘ਤੇ ਇਸ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ ‘ਤੇ ਘਟੀਆ ਸਿਆਸਤ ਕਰਨ ਦਾ ਇਲਜ਼ਾਮ ਲਗਾਇਆ। ਬਦਲਾਖੋਰੀ ਦੇ ਇਲਜ਼ਾਮਾਂ ‘ਤੇ ਕੈਪਟਨ ਨੇ ਕਿਹਾ ਕਿ ਜੇਕਰ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਫਸਾਉਣਾ ਹੁੰਦਾ, ਤਾਂ ਇੰਨਾ ਵਕਤ ਨਹੀਂ ਲਗਾਉਂਦੇ। ਉਹਨਾਂ ਕਿਹਾ ਕਿ ਮੈਂ ਅਤੇ ਮੇਰੀ ਪਾਰਟੀ ਨਿਰਪੱਖ ਜਾਂਚ ‘ਚ ਭਰੋਸਾ ਰੱਖਦੇ ਹਨ।
ਅਕਾਲੀ ਦਲ ਦੇ ਇਸ਼ਾਰੇ ‘ਤੇ ਕੇਂਦਰ ਨੇ ਲਟਕਾਇਆ: ਕੈਪਟਨ
ਸਿਆਸੀ ਜਾਂਚ ‘ਚ 4 ਸਾਲ ਬਰਬਾਦ ਕਰਦੇ ਦੇ ਸੁਖਬੀਰ ਦੇ ਇਲਜ਼ਾਮਾਂ ‘ਤੇ ਵੀ ਕੈਪਟਨ ਨੇ ਜਵਾਬ ਦਿੱਤਾ ਅਤੇ ਕਿਹਾ ਕਿ ਇਹ ਕੇਂਦਰ ਦੀ NDA ਸਰਕਾਰ ਸੀ, ਜਿਸ ਨੇ ਆਪਣੀ ਇੱਛਾ ਮੁਤਾਬਕ CBI ਜ਼ਰੀਏ ਮਾਮਲੇ ਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਅਕਾਲੀਆਂ ਨੇ ਇਸ ਮਮਾਲੇ ‘ਚ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ, ਪਰ ਉਹਨਾਂ ਦੀ ਸਰਕਾਰ ਇਸ ਮਾਮਲੇ ‘ਚ ਪੀੜਤਾਂ ਨੂੰ ਇਨਸਾਫ਼ ਜ਼ਰੂਰ ਦਵਾਏਗੀ।