Home Election ਕੇਜਰੀਵਾਲ ਦੇ ਦਿੱਲੀ ਮਾਡਲ 'ਤੇ ਕੈਪਟਨ ਨੇ ਚੁੱਕੇ ਸਵਾਲ, ਬੋਲੇ- ਦਿੱਲੀ ਦਾ...

ਕੇਜਰੀਵਾਲ ਦੇ ਦਿੱਲੀ ਮਾਡਲ ‘ਤੇ ਕੈਪਟਨ ਨੇ ਚੁੱਕੇ ਸਵਾਲ, ਬੋਲੇ- ਦਿੱਲੀ ਦਾ ਹਰ ਸ਼ਖਸ ਦੇ ਰਿਹਾ ਪੰਜਾਬ ਨਾਲੋਂ ਵੱਧ ਬਿਜਲੀ ਬਿੱਲ

ਚੰਡੀਗੜ੍ਹ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਮੁਫਤ ਬਿਜਲੀ ਦੇ ਐਲਾਨ ਨੂੰ ਲੈ ਕੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ‘ਤੇ ਹਮਲਾ ਬੋਲਿਆ ਹੈ। ਕੈਪਟਨ ਨੇ ਇਸ ਐਲਾਨ ਨੂੰ ਚੋਣਾਂ ‘ਤੇ ਧਿਆਨ ਰਖਦਿਆਂ ਕੀਤਾ ਗਿਆ ਝੂਠਾ ਵਾਅਦਾ ਕਰਾਰ ਦਿੱਤਾ।

ਮੁੱਖ ਮੰਤਰੀ ਨੇ ਦਿੱਲੀ ਦੀਆਂ ਬਿਜਲੀ ਦਰਾਂ ਨੂੰ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗਿਣੀ-ਮਿੱਥੀ ਲੁੱਟ ਕਰਾਰ ਦਿੰਦਿਆਂ ਕਿਹਾ ਕਿ ਦਿੱਲੀ ਦੀ ਸਰਕਾਰ ਨੇ ਬਿਜਲੀ ਦੀ ਵੰਡ ਕਰਨ ਵਾਲੀਆਂ ਰਿਲਾਇੰਸ ਵਰਗੀਆਂ ਪ੍ਰਾਈਵੇਟ ਕੰਪਨੀਆਂ ਨੂੰ ਆਮ ਆਦਮੀ ਦੀ ਕੀਮਤ ਉਤੇ ਵੱਧ ਦਰਾਂ ਵਸੂਲ ਕੇ ਆਪਣੀਆਂ ਜੇਬਾਂ ਭਰਨ ਲਈ ਖੁੱਲ੍ਹੇਆਮ ਇਜਾਜ਼ਤ ਦਿੱਤੀ ਹੋਈ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਕੇਜਰੀਵਾਲ ਸਰਕਾਰ ਸਾਰੇ ਮੁਹਾਜ਼ ਉਤੇ ਦਿੱਲੀ ਦੇ ਲੋਕਾਂ ਪ੍ਰਤੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਕੌਮੀ ਰਾਜਧਾਨੀ ਵਿਚ ਸਥਿਤ ਪਿੰਡਾਂ ਦੇ ਕਿਸਾਨਾਂ ਨੂੰ ਨਾ ਮੁਫਤ ਬਿਜਲੀ ਮਿਲਦੀ ਹੈ, ਸਗੋਂ ਉਦਯੋਗ ਲਈ ਬਿਜਲੀ ਦਰਾਂ ਵੀ ਬਹੁਤ ਜਿਆਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੇ ਲੋਕ ਹਰੇਕ ਖੇਤਰ ਵਿਚ ਸ਼ਾਸਨ ਦੇ ਦਿੱਲੀ ਮਾਡਲ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਨ।”

ਪੰਜਾਬ ਂਮਾਡਲ ਦਿੱਲੀ ਨਾਲੋਂ ਬਿਹਤਰ- CM

ਮੁੱਖ ਮੰਤਰੀ ਨੇ ਕਿਹਾ, “ਦਿੱਲੀ ਸਰਕਾਰ ਉਦਯੋਗਿਕ ਬਿਜਲੀ ਲਈ 9.80 ਰੁਪਏ ਯੂਨਿਟ ਵਸੂਲ ਕਰ ਰਹੀ ਹੈ, ਜਦਕਿ ਪੰਜਾਬ ਵਿਚ ਕਾਂਗਰਸ ਸਰਕਾਰ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਪੰਜ ਰੁਪਏ ਯੂਨਿਟ ਦੀ ਸਬਸਿਡੀ ਦਰ ਦੇ ਮੁਤਾਬਕ ਵਸੂਲ ਕੀਤੀ ਜਾ ਰਹੀ ਹੈ ਅਤੇ ਇਸੇ ਸਬਸਿਡੀ ਸਦਕਾ ਬੀਤੇ 4 ਸਾਲਾਂ ਵਿਚ ਜ਼ਮੀਨੀ ਪੱਧਰ ਉਤੇ 85,000 ਕਰੋੜ ਦੀ ਲਾਗਤ ਦਾ ਨਿਵੇਸ਼ ਲਈ ਰਾਹ ਪੱਧਰਾ ਹੋਇਆ।” ਉਨ੍ਹਾਂ ਕਿਹਾ ਕਿ 2226 ਕਰੋੜ ਰੁਪਏ ਦੀ ਸਾਲਾਨਾ ਸਬਸਿਡੀ ਉਤੇ ਪੰਜਾਬ ਵਿਚ 1,43,812 ਉਦਯੋਗਿਕ ਯੂਨਿਟਾਂ ਨੂੰ ਇਸ ਵੇਲੇ ਸਬਸਿਡੀ ਮੁਤਾਬਕ ਬਿਜਲੀ ਦਿੱਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ 13,79,217 ਕਿਸਾਨਾਂ ਨੂੰ 6735 ਕਰੋੜ ਰੁਪਏ ਦੀ ਮੁਫਤ ਬਿਜਲੀ ਮੁਹੱਈਆ ਕਰਵਾ ਰਹੀ ਹੈ, ਜਦਕਿ ਦੂਜੇ ਪਾਸੇ ਦਿੱਲੀ ਵਿਚ ਆਪ ਦੀ ਸਰਕਾਰ ਨੇ ਕਿਸਾਨ ਭਾਈਚਾਰੇ ਨੂੰ ਅਜਿਹੀ ਮਦਦ ਦੇਣ ਲਈ ਕੋਈ ਵੀ ਯਤਨ ਨਹੀਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਨੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਵਿੱਚੋਂ ਇਕ ਕਾਨੂੰਨ ਨੋਟੀਫਾਈ ਕੀਤਾ ਅਤੇ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ ਦੇ ਹਮਦਰਦ ਹੋਣ ਦਾ ਖੇਖਣ ਕਰ ਰਹੀ ਹੈ।

‘ਦਿੱਲੀ ਦਾ ਹਰ ਸ਼ਖਸ ਪੰਜਾਬ ਨਾਲੋਂ ਵੱਧ ਬਿੱਲ ਦੇ ਰਿਹਾ’

ਕੇਜਰੀਵਾਲ ਸਰਕਾਰ ‘ਤੇ ਇਲਜ਼ਾਮ ਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਦਿੱਲੀ ਸਰਕਾਰ ਘਰੇਲੂ ਬਿਜਲੀ 200 ਯੂਨਿਟ ਮੁਫਤ ਦੇ ਕੇ ਇਕ ਪਾਸੇ ਜੇਬ ਵਿੱਚ ਥੋੜ੍ਹੀ ਰਕਮ ਪਾ ਰਹੀ ਹੈ ਅਤੇ ਦੁਕਾਨਦਾਰਾਂ, ਉਦਯੋਗਾਂ ਤੇ ਕਿਸਾਨਾਂ ਕੋਲੋਂ ਕਮਰਸ਼ੀਅਲ ਤੇ ਖੇਤੀਬਾੜੀ ਬਿਜਲੀ ਦੀਆਂ ਵੱਧ ਕੀਮਤਾਂ ਲਗਾ ਕੇ ਦੂਜੇ ਪਾਸੇ ਜੇਬ ਵਿੱਚੋਂ ਵੱਡੀ ਰਕਮ ਵਸੂਲ ਰਹੀ ਹੈ। ਛੋਟੇ ਦੁਕਾਨਦਾਰਾਂ ਤੇ ਹੋਰ ਕਮਰਸ਼ੀਅਲ ਸੰਸਥਾਵਾਂ ਨੂੰ ਬਿਜਲੀ 11.34 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵੇਚੀ ਜਾ ਰਹੀ ਹੈ, ਜੋ ਪੰਜਾਬ ਦੀਆਂ ਕੀਮਤਾਂ ਤੋਂ 50 ਫੀਸਦੀ ਤੋਂ ਵੀ ਵੱਧ ਹੈ। ਅਸਲ ਵਿੱਚ ਦਿੱਲੀ ਦਾ ਹਰੇਕ ਵਾਸੀ ਪੰਜਾਬ ਦੇ ਵਸਨੀਕਾਂ ਦੇ ਮੁਕਾਬਲੇ ਅਸਿੱਧੇ ਰੂਪ ਵਿੱਚ ਬਿਜਲੀ ਲਈ ਵੱਧ ਰਕਮ ਅਦਾ ਕਰ ਰਿਹਾ ਹੈ।”

 

‘ਪੰਜਾਬ ਸਰਕਾਰ ਦਿੱਲੀ ਨਾਲੋਂ ਵੱਧ ਸਬਸਿਡੀ ਦੇ ਰਹੀ’

ਦੋਵੇਂ ਸੂਬਿਆਂ ਵਿੱਚ ਦਿੱਤੀਆਂ ਜਾਂਦੀਆਂ ਬਿਜਲੀ ਸਬਸਿਡੀਆਂ ਦੀ ਤੁਲਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਸਬਸਿਡੀ ‘ਤੇ ਸਾਲਾਨਾ 10458 ਕਰੋੜ ਰੁਪਏ ਖਰਚ ਰਹੀ ਹੈ, ਜਦਕਿ ਕੇਜਰੀਵਾਲ ਸਰਕਾਰ 2820 ਕਰੋੜ ਰੁਪਏ ਖਰਚ ਕਰਦੀ ਹੈ। ਪੰਜਾਬ ਦੀ 3 ਕਰੋੜ ਵਸੋਂ ਦੇ ਮੁਕਾਬਲੇ ਦਿੱਲੀ ਦੀ ਵਸੋਂ ਸਿਰਫ 2 ਕਰੋੜ ਹੈ। ਇਸ ਹਿਸਾਬ ਨਾਲ ਪੰਜਾਬ ਵਿੱਚ ਔਸਤਨ ਬਿਜਲੀ ਸਬਸਿਡੀ ਪ੍ਰਤੀ ਵਿਅਕਤੀ 3486 ਰੁਪਏ ਹੈ, ਜਦਕਿ ਦਿੱਲੀ ਵਿੱਚ ਪ੍ਰਤੀ ਵਿਅਕਤੀ 1410 ਰੁਪਏ ਦਿੱਤੀ ਜਾਂਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ 10458 ਕਰੋੜ ਰੁਪਏ ਦੀ ਸਬਸਿਡੀ ਕੁੱਲ ਮਾਲੀਏ ਦਾ 2.24 ਫੀਸਦੀ ਹੈ, ਜਦਕਿ ਦਿੱਲੀ ਸਰਕਾਰ ਵੱਲੋਂ ਦਿੱਤੀ ਜਾਂਦੀ 2820 ਕਰੋੜ ਰੁਪਏ ਦੀ ਸਬਸਿਡੀ ਕੁੱਲ ਮਾਲੀਏ ਦਾ ਸਿਰਫ 1.03 ਫੀਸਦੀ ਹੈ।

 

ਪੰਜਾਬ ਨੂੰ ਸੰਭਾਲਣ ਕੈਪਟਨ- ‘ਆਪ’

ਕੈਪਟਨ ਦੇ ਇਸ ਬਿਆਨ ‘ਤੇ ਆਮ ਆਦਮੀ ਪਾਰਟੀ ਨੇ ਵੀ ਹਮਲਾ ਬੋਲਿਆ ਹੈ ਅਤੇ ਕੈਪਟਨ ਨੂੰ ਦਿੱਲੀ ਦੀ ਚਿੰਤਾ ਛੱਡ ਪੰਜਾਬ ਨੂੰ ਸੰਭਾਲਣ ਦੀ ਸਲਾਹ ਦਿੱਤੀ ਹੈ। ਪੰਜਾਬ ‘ਆਪ’ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ, “ਕੈਪਟਨ ਸਾਬ੍ਹ, ਕੇਜਰੀਵਾਲ ਨੂੰ ਗਾਲ੍ਹਾਂ ਕੱਢਣਾ ਬੰਦ ਕਰੋ। ਪੰਜਾਬ ਸੰਭਾਲੋ, ਉਹ ਤਾਂ ਤੁਹਾਡੇ ਤੋਂ ਸੰਭਾਲਿਆ ਨਹੀਂ ਜਾ ਰਿਹਾ।”

RELATED ARTICLES

LEAVE A REPLY

Please enter your comment!
Please enter your name here

Most Popular

Recent Comments