ਪੰਜਾਬ ‘ਚ ਸਥਾਨਕ ਚੋਣਾਂ ਨੂੰ ਲੈ ਕੇ ਪ੍ਰਚਾਰ ਪੂਰੇ ਸਿਖਰਾਂ ‘ਤੇ ਹੈ। ਹਰ ਕੋਈ ਪ੍ਰਚਾਰ ‘ਚ ਪੂਰੀ ਤਾਕਤ ਲਗਾ ਰਿਹਾ ਹੈ। ਪਰ ਇਸ ਵਿਚਾਲੇ ਸੂਬਾ ਸਰਕਾਰ ਅਤੇ ਸੂਬੇ ਦਾ ਚੋਣ ਕਮਿਸ਼ਨ ਸਵਾਲਾਂ ਦੇ ਘੇਰੇ ‘ਚ ਹੈ।
ਦਰਅਸਲ, ਅਕਾਲੀ ਦਲ ਦੇ ਕਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ, ਜਿਸ ਨੂੰ ਲੈ ਕੇ ਅਕਾਲੀ ਦਲ ਲਗਾਤਾਰ ਹਮਲਾਵਰ ਹੈ। ਹੁਣ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਹਰਸਿਮਰਤ ਨੇ ਟਵੀਟ ਕਰ ਕਿਹਾ, “ਪੰਜਾਬ ‘ਚ ਕਾਂਗਰਸ ਸਰਕਾਰ ਨੇ ਲੋਕਤੰਤਰ ਦਾ ਮਜ਼ਾਕ ਬਣਾ ਦਿੱਤਾ ਹੈ। ਸੈਂਕੜੇ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਬੇਵਜ੍ਹਾ ਖਾਰਜ ਕਰ ਦਿੱਤੇ ਗਏ ਹਨ। ਕਈ ਹਲਕਿਆਂ ‘ਚ ਤਾਂ ਅਕਾਲੀ ਦਲ ਦਾ ਇੱਕ ਵੀ ਉਮੀਦਵਾਰ ਅਜਿਹਾ ਨਹੀਂ, ਜਿਸਦੇ ਪੇਪਰ ਮਨਜ਼ੂਰ ਕੀਤੇ ਗਏ ਹੋਣ।”

ਉਹਨਾਂ ਅੱਗੇ ਲਿਖਿਆ, “ਸਾਫ਼ ਤੌਰ ‘ਤੇ, ਸਥਾਨਕ ਚੋਣਾਂ ‘ਚ ਹਾਰ ਦੇ ਡਰ ਤੋਂ ਇਹ ਫ਼ੇਲ੍ਹ ਸਰਕਾਰ ਅਜਿਹੇ ਹਥਕੰਡੇ ਅਪਨਾ ਰਹੀ ਹੈ। ਪੰਜਾਬ ਚੋਣ ਕਮਿਸ਼ਨ, ਜੋ ਕਿ ਸਰਕਾਰ ਦੀ ਕਠਪੁਤਲੀ ਵਜੋਂ ਕੰਮ ਕਰ ਰਿਹਾ ਹੈ, ਸਹੀ ਤੇ ਨਿਰਪੱਖ ਚੋਣ ਕਰਵਾਉਣ ‘ਚ ਕਿਉਂ ਲਾਚਾਰ ਹੈ?”
ਅਕਾਲੀ ਦਲ ਵੱਲੋਂ ਉਹਨਾਂ ਸਾਰੇ ਹਲਕਿਆਂ ‘ਚ ਮੁੜ ਚੋਣਾਂ ਕਰਵਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ, ਜਿਹਨਾਂ ‘ਚ ਬਿਨ੍ਹਾੰ ਵਿਰੋਧ ਕਾਂਗਰਸ ਦੇ ਉਮੀਦਵਾਰ ਜੇਤੂ ਐਲਾਨ ਦਿੱਤੇ ਗਏ ਹਨ।