ਦਿੱਲੀ। 26 ਜਨਵਰੀ ਨੂੰ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਪੁਲਿਸ ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਦਿੱਲੀ ਪੁਲਿਸ ਨੇ ਤੀਸ ਹਜ਼ਾਰੀ ਕੋਰਟ ‘ਚ ਚਾਰਜਸ਼ੀਟ ਦਾਖਲ ਕੀਤੀ ਹੇੈ। ਇਸ ‘ਚ ਪੰਜਾਬੀ ਅਦਾਕਾਰ ਦੀਪ ਸਿੱਧੂ ਸਣੇ 16 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।
ਆਪਣੀ ਚਾਰਜਸ਼ੀਟ ‘ਚ ਦਿੱਲੀ ਪੁਲਿਸ ਨੇ ਲਾਲ ਕਿਲ੍ਹੇ ‘ਚ ਹੋਈ ਹਿੰਸਾ ਨੂੰ ਪਹਿਲਾਂ ਤੋਂ ਤੈਅ ਦੱਸਿਆ। ਪੁਲਿਸ ਨੇ ਕਿਹਾ ਕਿ ਇਸ ਹਿੰਸਾ ਨੂੰ ਅਚਾਨਕ ਹੋਈ ਹਿੰਸਾ ਕਹਿਣਾ ਗਲਤ ਹੋਵੇਗਾ, ਕਿਉਂਕਿ ਦੰਗਾਈ ਹਥਿਆਰਾਂ ਨਾਲ ਉਥੇ ਆਏ ਸਨ। ਉਹਨਾਂ ਕੋਲ ਤਲਵਾਰਾਂ, ਹਾਕੀ ਅਤੇ ਡੰਡੇ ਮੌਜੂਦ ਸਨ। ਪੁਲਿਸ ਮੁਤਾਬਕ, “ਟ੍ਰੈਕਟਰ ਰੈਲੀ ਦੀ ਆੜ ‘ਚ ਇਸ ਹਿੰਸਾ ਨੂੰ ਅੰਜਾਮ ਦਿੱਤਾ ਗਿਆ। ਕਿਸਾਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਟ੍ਰੈਕਟਰ ਰੈਲੀ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਕਿਸਾਨ ਮੋਟਰਾਸਈਕਲਾਂ ‘ਤੇ ਵੀ ਸਵਾਰ ਹੋ ਕੇ ਆਏ। ਇੱਕ ਸਮਾਂ ਤਾਂ ਅਜਿਹਾ ਆ ਗਿਆ, ਜਦੋਂ ਉਹਨਾਂ ਨੇ ਲਾਲ ਕਿਲ੍ਹੇ ‘ਤੇ ਕਬਜ਼ਾ ਹੀ ਕਰ ਲਿਆ ਸੀ।” ਚਾਰਜਸੀਟ ‘ਚ ਕਿਹਾ ਗਿਆ ਕਿ ਬਿਨ੍ਹਾਂ ਕਿਸੇ ਸਾਜ਼ਿਸ਼ ਦੇ ਅਜਿਹਾ ਕਰਨ ਸੰਭਵ ਹੀ ਨਹੀਂ। ਸਾਜ਼ਿਸ਼ ਇੰਨੀ ਵੱਡੀ ਸੀ, ਕਿ ਕੋਈ ਅੰਦਾਜ਼ਾ ਹੀ ਨਹੀਂ ਲਗਾ ਸਕਿਆ।
500 ਤੋਂ ਵੱਧ ਪੁਲਿਸਕਰਮੀ ਹੋਏ ਸਨ ਜ਼ਖਮੀ
ਚਾਰਜਸ਼ੀਟ ‘ਚ ਦੱਸਿਆ ਗਿਆ ਕਿ ਇਸ ਹਿੰਸਾ ‘ਚ ਦਿੱਲੀ ਪੁਲਿਸ ਸਣੇ ਸੁਰੱਖਿਆ ਏਜੰਸੀਆਂ ਦੇ 500 ਤੋਂ ਵੱਧ ਕਰਮੀ ਜ਼ਖਮੀ ਹੋਏ ਸਨ। ਕਈ ਪੁਲਿਸਕਰਮੀ ਤਾਂ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ। ਪੁਲਿਸ ਮੁਤਾਬਕ, ਸੁਰੱਖਿਆ ਕਰਮੀਆਂ ‘ਤੇ ਕੀਤਾ ਗਿਆ ਇਹ ਹਮਲਾ ਜਾਨਲੇਵਾ ਸੀ। ਇਸ ਪੂਰੇ ਮਾਮਲੇ ‘ਚ ਦਿੱਲੀ ਪੁਲਿਸ ਨੇ ਵੱਖੋ-ਵੱਖ ਪਹਿਲੂਆਂ ਦੀ ਜਾਂਚ ਕਰ 44 FIR ਦਰਜ ਕੀਤੀਆਂ ਹਨ।
ਹੁਣ ਤੱਕ 150 ਗ੍ਰਿਫ਼ਤਾਰੀਆਂ, ਕਈਆਂ ਦੀ ਤਲਾਸ਼
ਪੁਲਿਸ ਹੁਣ ਤੱਕ ਇਸ ਮਾਮਲੇ ‘ਚ 150 ਲੋਕਾਂ ਦੀ ਗ੍ਰਿਫ਼ਤਾਰੀ ਕਰ ਚੁੱਕੀ ਹੈ। ਇਹਨਾਂ ‘ਚ ਪੰਜਾਬੀ ਅਦਾਕਾਰ ਦੀਪ ਸਿੱਧੂ ਤੋਂ ਇਲਾਵਾ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਵਾਂਟੇਡ ਮਨਿੰਦਰ ਸਿੰਘ ਵੀ ਸ਼ਾਮਲ ਹੈ। ਮਨਿੰਦਰ ਿਸੰਘ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਵੇਲੇ ਹੋਵੇਂ ਹੱਥਾਂ ਨਾਲ ਤਲਵਾਰਾਂ ਲਹਿਰਾਉਂਦੇ ਵੇਖਿਆ ਗਿਆ ਸੀ। ਪੁਲਿਸ ਨੇ ਦਿੱਲੀ ‘ਚ ਉਸਦੇ ਘਰ ਤੋਂ 2 ਤਲਵਾਰਾਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਮੁਤਾਬਕ, ਹਾਲੇ ਵੀ ਕਈ ਮੁਲਜ਼ਮ ਗ੍ਰਿਫ਼ਤ ਤੋਂ ਬਾਹਰ ਹਨ, ਜਿਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
CCTV ਤੇ ਵਾਇਰਲ ਵੀਡੀਓਜ਼ ਨੂੰ ਬਣਾਇਆ ਸਬੂਤ
ਇਸ ਮਾਮਲੇ ‘ਚ ਦਿੱਲੀ ਪੁਲਿਸ ਨੇ ਲਾਲ ਕਿਲ੍ਹਾ, ਉਸਦੇ ਆਲੇ-ਦੁਆਲੇ ਅਤੇ ਲਾਲ ਕਿਲ੍ਹੇ ਵੱਲ ਜਾਣ ਵਾਲੀਆਂ ਸੜਕਾਂ ‘ਤੇ ਲੱਗੇ CCTv ਕੈਮਰਿਆਂ ਦੀ ਹਿੰਸਾ ਦੇ ਸਮੇਂ ਦੀ ਫੁਟੇਜ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਨੂੰ ਅਹਿਮ ਸਬੂਤਾਂ ਦੇ ਤੌਰ ‘ਤੇ ਪੇਸ਼ ਕੀਤਾ ਹੈ। ਇਸੇ ਦੇ ਅਧਾਰ ‘ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਦੇ ਮੋਬਾਈਲ ਫੋਨ ਰਿਕਾਰਡ ਨੂੰ ਵੀ ਚਾਰਜਸ਼ੀਟ ਦੇ ਨਾਲ ਅਟੈਚ ਕੀਤਾ ਗਿਆ ਹੈ। ਇਸ ਮੌਕੇ ‘ਤੇ ਮੁਲਜ਼ਮਾਂ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ।
ਫਾਈਲ ਫੋਟੋ
ਜਾਂਚ ਅਜੇ ਜਾਰੀ ਹੈ- ਦਿੱਲੀ ਪੁਲਿਸ
ਦਿੱਲੀ ਪੁਲਿਸ ਨੇ ਕੋਰਟ ਨੂੰ ਇਹ ਵੀ ਦੱਸਿਆ ਕਿ ਫਿਲਹਾਲ ਇਸ ਮਾਮਲੇ ‘ਚ ਜਾਂਚ ਮੁਕੰਮਲ ਨਹੀਂ ਹੋਈ ਹੈ। ਲਿਹਾਜ਼ਾ ਨਵੇਂ ਤੱਥ ਸਾਹਮਣੇ ਆਉਣ ‘ਤੇ ਸਪਲੀਮੈਂਟਰੀ ਚਾਰਜਸ਼ੀਟ ਵੀ ਦਾਖਲ ਕੀਤੀ ਜਾ ਸਕਦੀ ਹੈ।