ਬਿਓਰੋ। ਬਲਾਤਕਾਰ ਅਤੇ ਕਤਲ ਕੇਸ ਦਾ ਦੋਸ਼ੀ ਗੁਰਮੀਤ ਰਾਮ ਰਹੀਮ 2 ਦਿਨ ਲਈ ਜੇਲ੍ਹ ਤੋਂ ਬਾਹਰ ਆਇਆ ਹੈ। ਡੇਰਾ ਸਿਰਸਾ ਮੁਖੀ ਨੂੰ ਉਸਦੀ ਮਾਂ ਦੀ ਖਰਾਬ ਤਬੀਅਤ ਦੇ ਅਧਾਰ ‘ਤੇ 48 ਘੰਟੇ ਦੀ ਪੈਰੋਲ ਮਿਲੀ ਹੈ। ਸ਼ੁੱਕਰਵਾਰ ਸਵੇਰੇ ਬੇਹੱਦ ਗੁਪਤ ਤਰੀਕੇ ਨਾਲ ਰਾਮ ਰਹੀਮ ਜੇਲ੍ਹ ਤੋਂ ਬਾਹਰ ਨਿਕਲਿਆ ਅਤੇ ਆਪਣੀ ਮਾਂ ਨੂੰ ਮਿਲਣ ਲਈ ਸਿੱਧੇ ਗੁਰੂਗ੍ਰਾਮ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਦੀ ਮਾਂ ਦੀ ਤਬੀਅਤ ਖਰਾਬ ਹੈ ਅਤੇ ਉਹ ਗੁਰੂਗ੍ਰਾਮ ਦੇ ਹਸਪਤਾਲ ‘ਚ ਭਰਤੀ ਹੈ।
ਪਿਛਲੇ ਹਫ਼ਤੇ ਵੀ ਜੇਲ੍ਹ ਤੋਂ ਨਿਕਲਿਆ ਸੀ ਰਾਮ ਰਹੀਮ
ਹਾਲ ਹੀ ‘ਚ ਗੁਰਮੀਤ ਰਾਮ ਰਹੀਮ ਦੀ ਵੀ ਜੇਲ੍ਹ ‘ਚ ਤਬੀਅਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਰੋਹਤਕ PGI ਭਰਤੀ ਕਰਵਾਇਆ ਗਿਆ ਸੀ। ਰਾਮ ਰਹੀਮ ਦੀ ਜਾਣਕਾਰੀ ਮਿਲਣ ਤੋਂ ਬਾਅਦ PGI ਦੇ ਬਾਹਰ ਉਹਨਾਂ ਦੇ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਲਿਹਾਜ਼ਾ ਸੁਰੱਖਿਆ ਕਾਰਾਨਾਂ ਨੂੰ ਵੇਖਦੇ ਹੋਏ 24 ਘੰਟਿਆਂ ਅੰਦਰ ਰਾਮ ਰਹੀਮ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਇਸਦੇ 2 ਦਿਨ ਬਾਅਦ ਹੀ ਰਾਮ ਰਹੀਮ ਨੇ ਮਾਂ ਦੀ ਤਬੀਅਤ ਖਰਾਬ ਹੋਣ ਦਾ ਹਵਾਲਾ ਦੇ ਕੇ ਪੈਰੋਲ ਮੰਗੀ ਸੀ, ਜਿਸ ਨੂੰ ਵੀਰਵਾਰ ਰਾਤ ਮਨਜ਼ੂਰ ਕਰ ਲਿਆ ਗਿਆ।
ਰਾਮ ਰਹੀਮ ਦੀ ਪੈਰੋਲ ‘ਤੇ ਵਿਵਾਦ
ਰਾਮ ਰਹੀਮ ਦੀ ਪੈਰੋਲ ‘ਤੇ ਵਿਵਾਦ ਵੀ ਸ਼ੁਰੂ ਹੋ ਗਿਆ ਹੈ। ਕਈ ਸਿੱਖ ਜਥੇਬੰਦੀਆਂ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰ ਰਹੀਆਂ ਹਨ ਅਤੇ ਇਸ ਨੂੰ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਦੱਸ ਰਹੀਆਂ ਹਨ। ਰਾਮ ਰਹੀਮ ਦੇ ਖਿਲਾਫ਼ ਲੰਮੀ ਕਾਨੂੰਨੀ ਲੜਾਈ ਲੜਨ ਵਾਲੇ ਖੱਟਾ ਸਿੰਘ ਵੀ ਸਵਾਲ ਚੁੱਕ ਰਹੇ ਹਨ। ਖੱਟਾ ਸਿੰਘ ਮੁਤਾਬਕ, ਮਾਂ ਦੀ ਬਿਮਾਰੀ ਸਿਰਫ ਬਹਾਨਾ ਹੈ, ਅਸਲ ‘ਚ ਰਾਮ ਰਹੀਮ ਦਾ ਜੇਲ੍ਹ ਤੋਂ ਬਾਹਰ ਆਉਣ ਦਾ ਮਕਸਦ ਗਵਾਹਾਂ ਨੂੰ ਪਰੇਸ਼ਾਨ ਕਰਨਾ ਅਤੇ ਮਾਹੌਲ ਖਰਾਬ ਕਰਨਾ ਹੈ।
ਇੱਕ ਵਾਰ ਪਹਿਲਾਂ ਵੀ ਮਿਲ ਚੁੱਕੀ ਹੈ ਪੈਰੋਲ
ਦੱਸਣਯੋਗ ਹੈ ਕਿ ਮਾਂ ਦੀ ਤਬੀਅਤ ਖਰਾਬ ਹੋਣ ਦੇ ਚਲਦੇ ਰਾਮ ਰਹੀਮ ਨੂੰ ਪਹਿਲਾਂ ਵੀ ਪੈਰੋਲ ਮਿਲ ਚੁੱਕੀ ਹੈ। ਉਸ ਵੇਲੇ ਵੀ ਰਾਮ ਰਹੀਮ ਆਪਣੀ ਮਾਂ ਨੂੰ ਮਿਲਣ ਲਈ ਗੁਰੂਗ੍ਰਾਮ ਦੇ ਹਸਪਤਾਲ ਪਹੁੰਚਿਆ ਸੀ, ਪਰ ਉਸ ਵੇਲੇ ਇਸ ਗੱਲ ਨੂੰ ਜਨਤੱਕ ਨਹੀਂ ਕੀਤਾ ਗਿਆ ਸੀ। ਕਰੀਬ 20 ਦਿਨਾਂ ਬਾਅਦ ਜਦੋਂ ਇਸ ਵਾਕਿਆ ਦੀ ਵੀਡੀਓ ਵਾਇਰਲ ਹੋਈ ਅਤੇ ਸਵਾਲ ਉਠਣ ਲੱਗੇ, ਤਾਂ ਸੁਨਾਰੀਆ ਜੇਲ੍ਹ ਸੁਪਰੀਡੈਂਟ ਨੇ ਕਿਹਾ ਸੀ ਕਿ ਕਿਸੇ ਨੂੰ ਵੀ ਗੁਪਤ ਤਰੀਕੇ ਨਾਲ ਪੈਰੋਲ ਦਿੱਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸੁਰੱਖਿਆ ਕਾਰਨਾਂ ਦੇ ਚਲਦੇ ਅਜਿਹਾ ਕੀਤਾ ਗਿਆ।
2017 ਤੋਂ ਜੇਲ੍ਹ ‘ਚ ਬੰਦ ਹੈ ਰਾਮ ਰਹੀਮ
ਗੁਰਮੀਤ ਰਾਮ ਰਹੀਮ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ‘ਚ ਪੰਚਕੂਲਾ ਦੀ ਅਦਾਲਤ ‘ਚ 25 ਅਗਸਤ, 2017 ਨੂੰ ਦੋਸ਼ੀ ਕਰਾਰ ਦਿੱਤਾ ਸੀ। ਰਾਮ ਰਹੀਮ ਦੀ ਕੋਰਟ ‘ਚ ਪੇਸ਼ੀ ਦੌਰਾਨ ਪੰਚਕੂਲਾ ‘ਚ ਜ਼ਬਰਦਸਤ ਬਵਾਲ ਹੋਇਆ ਸੀ, ਜਿਸ ਤੋਂ ਬਾਅਦ 27 ਅਗਸਤ ਨੂੰ ਇਸ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਹੀ CBI ਅਦਾਲਤ ਲਗਾਈ ਗਈ ਅਤੇ ਰਾਮ ਰਹੀਮ ਨੂੰ ਂ20 ਸਾਲ ਦੀ ਸਜ਼ਾ ਸੁਣਾਈ ਗਈ। ਪੱਤਰਕਾਰ ਕਤਲ ਕਾਂਡ ‘ਚ ਕਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਉਦੋਂ ਤੋਂ ਹੀ ਰਾਮ ਰਹੀਮ ਜੇਲ੍ਹ ‘ਚ ਬੰਦ ਹੈ।