ਮਲੋਟ। ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਗੁੱਸੇ ‘ਚ ਹਨ ਅਤੇ ਥਾਂ-ਥਾਂ ਬੀਜੇਪੀ ਵਿਧਾਇਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਈ ਥਾਈਂ ਤਾਂ ਵਿਰੋਧ ਦੀਆਂ ਤਸਵੀਰਾਂ ਕਿਸਾਨਾਂ ਦੇ ਅੰਦੋਲਨ ਨੂੰ ਠੰਡੇ ਬਸਤੇ ‘ਚ ਪਾਉਣ ਦਾ ਵੀ ਕੰਮ ਕਰ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਮਲੋਟ ਤੋਂ ਸਾਹਮਣੇ ਆਇਆ ਹੈ. ਜਿਥੇ ਅਬੋਹਰ ਤੋਂ ਬੀਜੇਪੀ ਵਿਧਾਇਕ ਅਰੁਣ ਨਾਰੰਗ ਨੂੰ ਸਰੇਬਜ਼ਾਰ ਅਪਮਾਨਿਤ ਕੀਤਾ ਗਿਆ।
ਦਰਅਸਲ, ਵਿਧਾਇਕ ਅਰੁਣ ਨਾਰੰਗ ਪੰਜਾਬ ਸਰਕਾਰ ਦੇ 4 ਸਾਲਾਂ ਦੇ ਕਾਰਗੁਜ਼ਾਰੀ ‘ਤੇ ਪ੍ਰੈੱਸ ਕਾਨਫ਼ਰੰਸ ਕਰਨ ਲਈ ਪਹੁੰਚੇ ਸਨ। ਕਿਸਾਨਾਂ ਨੁੂੰ ਨਾਰੰਗ ਦੇ ਆਉਣ ਤੋਂ ਪਹਿਲਾਂ ਹੀ ਇਸ ਬਾਰੇ ਪਤਾ ਚੱਲ ਗਿਆ ਸੀ, ਜਿਸਦੇ ਚਲਦੇ ਵਿਧਾਇਕ ਦੇ ਘੇਰਾਓ ਦੀ ਯੋਜਨਾ ਬਣਾਈ ਗਈ। ਅਰੁਣ ਨਾਰੰਗ ਦੇ ਪਹੁੰਚਦੇ ਹੀ ਕਿਸਾਨਾਂ ਨੇ ਨਾਅਰੇਬਾਜ਼ੀ ਕਰ ਦਿੱਤੀ ਅਤੇ ਵੇਖਦੇ ਹੀ ਵੇਖਦੇ ਹਾਲਾਤ ਇਸ ਕਦਰ ਵਿਗੜ ਗਏ ਕਿ ਕਿਸਾਨਾਂ ਨੇ ਵਿਧਾਇਕ ਦੇ ਕੱਪੜੇ ਤੱਕ ਪਾੜ ਦਿੱਤੇ, ਜਿਸ ਕਾਰਨ ਉਹਨਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।
ਭੀੜ ਇਸ ਕਦਰ ਭੜ ਚੁੱਕੀ ਸੀ ਕਿ ਪੁਲਿਸ ਲਈ ਵੀ ਹਾਲਾਤ ਸੰਭਾਲਣਾ ਔਖਾ ਹੋ ਰਿਹਾ ਸੀ। ਬਹਿਰਹਾਲ, ਕਿਸੇ ਤਰ੍ਹਾਂ ਬੀਜੇਪੀ ਵਿਧਾਇਕ ਨੂੰ ਛੁਡਾਇਆ ਗਿਆ ਅਤੇ ਇੱਕ ਦੁਕਾਨ ‘ਚ ਵੜ ਕੇ ਉਹਨਾਂ ਨੂੰ ਕੱਪੜੇ ਪੁਆਏ ਗਏ।