Home Politics ਚੰਡੀਗੜ੍ਹ ਦੌਰੇ 'ਤੇ ਰਾਸ਼ਟਰਪਤੀ, ਪਰ CM ਮਾਨ ਗੁਜਰਾਤ ਦੇ ਚੋਣ ਪ੍ਰਚਾਰ 'ਚ...

ਚੰਡੀਗੜ੍ਹ ਦੌਰੇ ‘ਤੇ ਰਾਸ਼ਟਰਪਤੀ, ਪਰ CM ਮਾਨ ਗੁਜਰਾਤ ਦੇ ਚੋਣ ਪ੍ਰਚਾਰ ‘ਚ ਮਸ਼ਰੂਫ…! ਸਟੇਜ ਤੋਂ ਹੀ ਰਾਜਪਾਲ ਨੇ ਜਤਾ ਦਿੱਤੀ ਨਰਾਜ਼ਗੀ

October 8, 2022
(Chandigarh)

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ CM ਭਗਵੰਤ ਮਾਨ ਨੂੰ ਲੈ ਕੇ ਇੱਕ ਵਾਰ ਫਿਰ ਨਰਾਜ਼ਗੀ ਜਤਾਈ ਹੈ। ਦਰਅਸਲ, ਇਸ ਵਾਰ ਮਾਮਲਾ ਰਾਸ਼ਟਰਪਤੀ ਦੇ ਪ੍ਰੋਗਰਾਮ ‘ਚੋਂ ਸੀਐੱਮ ਦੀ ਗੈਰ-ਮੌਜੂਦਗੀ ਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸ਼ਨੀਵਾਰ ਨੂੰ ਪਹਿਲੀ ਵਾਰ ਚੰਡੀਗੜ੍ਹ ਦੌਰੇ ‘ਤੇ ਪਹੁੰਚੇ ਸਨ। ਮੁਰਮੂ ਏਅਰ ਸ਼ੋਅ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਲਈ ਪਹੁੰਚੇ ਸਨ, ਜਿਸ ਤੋਂ ਬਾਅਦ ਉਹ ਪੰਜਾਬ ਰਾਜ ਭਵਨ ਵਿੱਚ ਆਯੋਜਿਤ ਸਮਾਗਮ ਵਿੱਚ ਪਹੁੰਚੇ, ਪਰ ਸੀਐੱਮ ਭਗਵੰਤ ਮਾਨ ਦੋਵੇਂ ਹੀ ਸਮਾਗਮਾਂ ਤੋਂ ਗੈਰ-ਹਾਜ਼ਰ ਰਹੇ।

ਰਾਜ ਭਵਨ ਵਿੱਚ ਆਯੋਜਿਤ ਸਮਾਗਮ ਵਿੱਚ ਰਾਜਪਾਲ ਨੇ ਆਪਣੀ ਨਰਾਜ਼ਗੀ ਜ਼ਾਹਿਰ ਵੀ ਕਰ ਦਿੱਤੀ। ਰਾਜਪਾਲ ਨੇ ਰਾਸ਼ਟਰਪਤੀ ਦੀ ਮੌਜੂਦਗੀ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਵੱਲ ਵੇਖਦੇ ਹੋਏ ਪੁੱਛਿਆ, “CM ਭਗਵੰਤ ਮਾਨ ਕਿਥੇ ਨੇ?” ਰਾਜਪਾਲ ਨੇ ਕਿਹਾ ਕਿ ਉਹਨਾਂ ਨੇ ਖੁਦ ਮੁੱਖ ਮੰਤਰੀ ਨੂੰ ਸੱਦਾ ਭੇਜਿਆ ਸੀ ਤੇ ਫੋਨ ‘ਤੇ ਵੀ ਗੱਲ ਕੀਤੀ ਸੀ। ਭਗਵੰਤ ਮਾਨ ਨੇ ਸੱਦਾ ਕਬੂਲ ਵੀ ਕੀਤਾ ਅਤੇ ਆਉਣ ਲਈ ਹਾਮੀ ਵੀ ਭਰੀ। ਇਸਦੇ ਬਾਵਜੂਦ ਉਹ ਨਹੀਂ ਆਏ ਅਤੇ ਆਪਣੇ ਨੁਮਾਇੰਦੇ ਭੇਜ ਦਿੱਤੇ। ਉਹਨਾਂ ਕਿਹਾ, “ਸੀਐੱਮ ਦੀ ਆਪਣੀ ਕੁਝ ਵਿਅਸਸਤਾ ਵੀ ਹੋ ਸਕਦੀ ਹੈ, ਪਰ ਰਾਸ਼ਟਰਪਤੀ ਦੇ ਦੌਰੇ ਦੌਰਾਨ ਉਹਨਾਂ ਦੀ ਕੋਈ ਸੰਵਿਧਾਨਕ ਜ਼ਿੰਮੇਵਾਰੀ ਵੀ ਬਣਦੀ ਹੈ, ਜੋ ਨਿਭਾਉਣੀ ਚਾਹੀਦੀ ਸੀ।”

ਮਾਨ ਦੇ ਮੰਤਰੀਆਂ ਨੇ ਦਿੱਤਾ ਜਵਾਬ

ਰਾਜਪਾਲ ਦੇ ਇਸ ਕਰੜੇ ਇਤਰਾਜ਼ ਤੋਂ ਬਾਅਦ ਮਾਨ ਸਰਕਾਰ ਦੇ ਮੰਤਰੀ ਸਕਤੇ ਵਿੱਚ ਨਜ਼ਰ ਆਏ। ਸਮਾਗਮ ਦੇ ਦੌਰਾਨ ਤਾਂ ਉਹਨਾਂ ਨੇ ਕੁਝ ਨਹੀਂ ਕਿਹਾ, ਪਰ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਰਾਜਪਾਲ ਦੀ ਬਿਆਨਬਾਜ਼ੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਰਾਜਪਾਲ ਨੂੰ ਰਾਸ਼ਟਰਪਤੀ ਦੇ ਸਾਹਮਣੇ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਸੀ। ਉਹਨਾਂ ਕਿਹਾ, “ਸੀਐੱਮ ਦਾ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ, ਇਸ ਕਰਕੇ ਉਹ ਨਹੀਂ ਆ ਸਕੇ। ਪੰਜਾਬ ਦੀ ਕੈਬਨਿਟ ਰਾਸ਼ਟਰਪਤੀ ਦੇ ਸਾਰੇ ਸਮਾਗਮਾਂ ਵਿੱਚ ਮੌਜੂਦ ਸੀ।”

ਗੁਜਰਾਤ ਦੌਰੇ ‘ਤੇ ਹਨ CM ਭਗਵੰਤ ਮਾਨ

ਦਰਅਸਲ, CM ਭਗਵੰਤ ਮਾਨ 2 ਦਿਨਾਂ ਦੇ ਗੁਜਰਾਤ ਦੌਰੇ ‘ਤੇ ਹਨ। ਭਗਵੰਤ ਗੁਜਰਾਤ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਹਨ। ਜਿਸ ਵਕਤ ਚੰਡੀਗੜ੍ਹ ਵਿੱਚ ਰਾਸ਼ਟਰਪਤੀ ਦਾ ਪ੍ਰੋਗਰਾਮ ਚੱਲ ਰਿਹਾ ਸੀ, ਉਸ ਵਕਤ ਭਗਵੰਤ ਮਾਨ ਗੁਜਰਾਤ ਵਿੱਚ ਕੇਜਰੀਵਾਲ ਦੇ ਨਾਲ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਸਨ।

ਵਿਰੋਧੀਆਂ ਨੇ ਬੋਲਿਆ CM ‘ਤੇ ਹਮਲਾ

ਬੀਜੇਪੀ ਨੇ ਸੀਐੱਮ ਦੀ ਗੈਰ-ਮੌਜੂਦਗੀ ‘ਤੇ ਸਵਾਲ ਚੁੱਕੇ। ਬੀਜੇਪੀ ਆਗੂ ਸੁਭਾਸ਼ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਪਹਿਲੀ ਆਦੀਵਾਸੀ ਮਹਿਲਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਪਹਿਲੀ ਚੰਡੀਗੜ੍ਹ ਫੇਰੀ ਦੌਰਾਨ ਪੰਜਾਬ ਦੇ ਸੀਐੱਮ ਦਾ ਗੈਰ-ਹਾਜ਼ਰ ਹੋਣਾ ਮੰਦਭਾਗਾ ਹੈ। CM ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਸਮਝਣ।

ਅਕਾਲੀ ਦਲ ਨੇ ਵੀ ਸੀਐੱਮ ਦੇ ਇਸ ਰਵੱਈਏ ‘ਤੇ ਸਵਾਲ ਚੁੱਕੇ ਅਤੇ ਕਿਹਾ ਕਿ ਮੁੱਖ ਮੰਤਰੀ ਨੇ ਇਕ ਵਾਰ ਫਿਰ ਪੰਜਾਬੀਆਂ ਨੂੰ ਪੂਰੇ ਦੇਸ਼ ਵਿੱਚ ਸ਼ਰਮਸਾਰ ਕੀਤਾ ਹੈ। ਚੀਮਾ ਨੇ ਕਿਹਾ, “ਮੁੱਖ ਮੰਤਰੀ ਨੇ ਸੰਵਿਧਾਨਕ ਜ਼ਿੰਮੇਵਾਰੀ ਤੋਂ ਉੱਪਰ ਪਾਰਟੀ ਦੀ ਸਿਆਸਤ ਨੂੰ ਰੱਖਿਆ। ਉਹਨਾਂ ਨੂੰ ਏਅਰ ਸ਼ੋਅ ਦੌਰਾਨ ਮੌਜੂਦ ਰਹਿਣਾ ਚਾਹੀਦਾ ਸੀ।”

ਪਹਿਲਾਂ ਵਿਧਾਨ ਸਭਾ ਸੈਸ਼ਨ ‘ਤੇ ਹੋਈ ਸੀ ਤਕਰਾਰ

ਯਾਦ ਰਹੇ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਸੀਐੱਮ ਅਤੇ ਰਾਜਪਾਲ ਵਿਚਕਾਰ ਇਸ ਤਰ੍ਹਾਂ ਦੀ ਤਲਖੀ ਵੇਖਣ ਨੂੰ ਮਿਲੀ ਹੋਵੇ। ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਨੂੰ ਲੈ ਕੇ ਦੋਵੇਂ ਆਹਮੋ-ਸਾਹਮਣੇ ਹੋ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਭਰੋਸਗੀ ਮਤਾ ਪੇਸ਼ ਕਰਨ ਲਈ ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀ, ਜਿਸ ਦੀ ਮਨਜ਼ੂਰੀ ਸਬੰਧੀ ਨੋਟੀਫਿਕੇਸ਼ਨ ਰਾਜਪਾਲ ਨੇ ਇਹ ਕਹਿ ਕੇ ਵਾਪਸ ਲੈ ਲਈ ਸੀ ਕਿ ਕਾਨੂੰਨ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰਾਵਧਾਨ ਨਹੀਂ ਹੈ। ਹਾਲਾਂਕਿ ਬਾਅਦ ਵਿੱਚ ਸਰਕਾਰ ਨੇ ਹੋਰ ਮੁੱਦਿਆਂ ‘ਤੇ ਸੈਸ਼ਨ ਬੁਲਾ ਕੇ ਸਦਨ ਵਿਚ ਭਰੋਸਗੀ ਮਤਾ ਲਿਆਂਦਾ ਅਤੇ ਭਰੋਸੇ ਦੀ ਵੋਟ ਹਾਸਲ ਕੀਤੀ।

ਇਸ ਤੋਂ ਬਾਅਦ ਦੋਵਾਂ ਨੇ ਚੰਡੀਗੜ੍ਹ ਏਅਰਪੋਰਟ ਦੇ ਨਾਮਕਰਨ ਸਮਾਗਮ ਵਿੱਚ ਇੱਕ ਮੰਚ ਜ਼ਰੂਰ ਸਾਂਝਾ ਕੀਤਾ, ਪਰ ਦੂਰੀਆਂ ਸਾਫ ਨਜ਼ਰ ਆਈਆਂ। ਦੋਵਾਂ ਵਿਚਕਾਰ ਨਾਮਾਤਰ ਹੀ ਗੱਲਬਾਤ ਹੋਈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments