October 9, 2022
(New Delhi)
ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡੀ ਮਜਬੂਤੀ ਮਿਲੀ, ਜਦੋਂ 2 ਦਹਾਕੇ ਪਹਿਲਾਂ ਪਾਰਟੀ ਤੋਂ ਵੱਖ ਹੋਏ ਸਰਨਾ ਭਰਾਵਾਂ ਨੇ ਮੁੜ ਪਾਰਟੀ ਵਿੱਚ ਵਾਪਸੀ ਕੀਤੀ। ਸ਼੍ਰੋਮਣੀ ਅਕਾਲੀ ਦਲ(ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਉਹਨਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸੁਖਬੀਰ ਬਾਦਲ ਨੇ ਉਹਨਾਂ ਨੂੰ ਪਾਰਟੀ ਵਿੱਚ ਜੀ ਆਇਆਂ ਆਖਿਆ।
ਸਰਨਾ ਭਰਾਵਾਂ ਦੇ ਵਾਪਸੀ ਕਰਦੇ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਵੀ ਕੀਤਾ ਕਿ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਹੋਣਗੇ। ਉਹ ਪਾਰਟੀ ਦੀ ਦਿੱਲੀ ਇਕਾਈ ਦਾ ਪੂਰਾ ਜ਼ਿੰਮਾ ਸੰਭਾਲਣਗੇ। ਨਾਲ ਹੀ ਹੋਰਨਾਂ ਸੂਬਿਆਂ ਵਿੱਚ ਵੀ ਅਕਾਲੀ ਦਲ ਲਈ ਪ੍ਰਚਾਰ ਕਰਨਗੇ। ਸਰਨਾ ਭਰਾਵਾਂ ਵੱਲੋਂ ਸੱਦੇ ਗਏ ‘ਪੰਥਕ ਮੇਲ’ ਦੌਰਾਨ ਇਹ ਵੱਡਾ ਐਲਾਨ ਕੀਤਾ ਗਿਆ।
ਦੋਵੇਂ ਪਾਰਟੀਆਂ ਦੇ ਰਲੇਵੇਂ ਦਾ ਵੀ ਐਲਾਨ
ਨਾਲ ਹੀ ਦੋਵੇਂ ਪਾਰਟੀਆਂ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪਰਮਜੀਤ ਸਿੰਘ ਸਰਨਾ ਨੇ ਪਾਰਟੀਆਂ ਦੇ ਰਲੇਵੇਂ ਦਾ ਵੀ ਐਲਾਨ ਕੀਤਾ। ਯਾਨੀ ਹੁਣ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ(ਦਿੱਲੀ) ਵੱਖਰੀ ਪਾਰਟੀ ਨਹੀਂ ਰਹੇਗੀ। ਇਸਦੇ ਸਾਰੇ ਆਗੂ ਹੁਣ ਸ਼੍ਰੋਮਣੀ ਅਕਾਲੀ ਦਲ(ਬਾਦਲ) ਦਾ ਹਿੱਸਾ ਹੋਣਗੇ।
ਦਿੱਲੀ ਦੀ ਸਿੱਖ ਪਾਲੀਟਿਕਸ ‘ਚ ਨਵਾਂ ਮੋੜ
ਸ਼੍ਰੋਮਣੀ ਅਕਾਲੀ ਦਲ(ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦਾ ਰਲੇਵਾਂ ਦਿੱਲੀ ਦੀ ਸਿੱਖ ਪਾਲੀਟਿਕਸ ਦੇ ਲਿਹਾਜ਼ ਨਾਲ ਕਾਫੀ ਅਹਿਮ ਹੈ। ਦਰਅਸਲ, ਦਿੱਲੀ ਵਿੱਚ ਅਕਾਲੀ ਦਲ ਦੇ ਸਾਹਮਣੇ ਸਰਨਾ ਭਰਾ ਹੀ ਅਜੇ ਤੱਕ ਸਭ ਤੋਂ ਵੱਡੀ ਚੁਣੌਤੀ ਬਣਦੇ ਰਹੇ ਹਨ। ਅਜਿਹੇ ਵਿੱਚ ਦੋਵੇਂ ਪਾਰਟੀਆਂ ਦੇ ਇਕਜੁੱਟ ਹੋਣ ਨਾਲ ਅਕਾਲੀ ਦਲ ਨੂੰ ਦਿੱਲੀ ਵਿੱਚ ਵੱਡੀ ਮਜਬੂਤੀ ਮਿਲਣ ਦੀ ਆਸ ਹੈ।
ਬਾਦਲ ਪਰਿਵਾਰ ਦੀ ਖਿਲਾਫਤ ‘ਚ ਮੋਹਰੀ ਸਨ ਸਰਨਾ ਭਰਾ
ਦਿਲਚਸਪ ਹੈ ਕਿ ਸਰਨਾ ਭਰਾ ਹਮੇਸ਼ਾ ਤੋਂ ਬਾਦਲ ਪਰਿਵਾਰ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਸਨ। ਸਰਨਾ ਭਰਾ ਅਕਸਰ ਖੁੱਲ੍ਹ ਕੇ ਬਾਦਲ ਪਰਿਵਾਰ ਦੀ ਖਿਲਾਫਤ ਕਰਦੇ ਰਹੇ ਹਨ। ਇਸੇ ਸਾਲ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਕਰਾਰੀ ਹਾਰ ‘ਤੇ ਵੀ ਹਰਵਿੰਦਰ ਸਿੰਘ ਸਰਨਾ ਨੇ ਅਕਾਲੀ ਦਲ ‘ਤੇ ਜ਼ਬਰਦਸਤ ਹਮਲਾ ਬੋਲਿਆ ਸੀ ਅਤੇ ਕਿਹਾ ਸੀ ਕਿ ਬਾਦਲ ਪਰਿਵਾਰ ਦੇ ਕਾਰਨ ਹੀ ਅਕਾਲੀ ਦਲ ਦਾ ਪਤਨ ਹੋ ਰਿਹਾ ਹੈ। ਉਹਨਾਂ ਨੇ ਇਥੋਂ ਤੱਕ ਕਿਹਾ ਕਿ ਜੇਕਰ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਹੈ, ਤਾਂ ਇਸ ਨੂੰ ਬਾਦਲ ਪਰਿਵਾਰ ਨੂੰ ਮੁਕਤ ਕਰਨਾ ਹੋਵੇਗਾ।
23 ਸਾਲ ਪਹਿਲਾਂ ਵੱਖਰੇ ਹੋਏ ਸਨ ਬਾਦਲ ਪਰਿਵਾਰ ਤੇ ਸਰਨਾ ਭਰਾ
ਸ਼੍ਰੋਮਣੀ ਅਕਾਲੀ ਦਲ(ਦਿੱਲੀ) ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਇਆ ਗਰੁੱਪ ਹੈ। ਅਕਾਲੀ ਦਲ(ਦਿੱਲੀ) 22 ਫਰਵਰੀ 1999 ਨੂੰ ਇੱਕ ਵੱਖਰੀ ਪਾਰਟੀ ਵਜੋਂ ਉਭਰਿਆ, ਜਦੋਂ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਇੱਕ ਹਿੱਸੇ ਨੇ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਮੁਅੱਤਲ ਕਰਨ ਵਿਰੁੱਧ ਬਗਾਵਤ ਕੀਤੀ। ਅਕਾਲੀ ਦਲ ਨੇ ਇਸ ਮੁੱਦੇ ‘ਤੇ ਗੁਰਚਰਨ ਸਿੰਘ ਟੌਹੜਾ ਦਾ ਸਾਥ ਦਿੱਤਾ।
2002 ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਨੇ ਟੌਹੜਾ ਅਤੇ ਉਸ ਦੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਨਾਲ ਚੋਣ ਲੜੀ ਸੀ। ਜਦੋਂ ਟੌਹੜਾ ਅਤੇ ਬਾਦਲ ਵਿਚਕਾਰ ਮੁੜ-ਮੁਲਾਕਾਤ ਹੋਈ, ਅਕਾਲੀ ਦਲ ਨੇ ਆਪਣੇ ਆਪ ਨੂੰ ਟੌਹੜਾ ਤੋਂ ਦੂਰ ਕਰ ਲਿਆ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਵਧੇਰੇ ਨਜ਼ਦੀਕੀ ਨਾਲ ਜੁੜ ਗਿਆ। 2003 ਦੀਆਂ ਡੀਐਸਜੀਐਮਸੀ ਚੋਣਾਂ ਵਿੱਚ ਅਕਾਲੀ ਦਲ ਨੇ ਕਾਂਗਰਸ ਦੇ ਸਮਰਥਨ ਨਾਲ ਚੋਣ ਲੜੀ ਸੀ। ਉਸ ਸਾਲ ਅਕਾਲੀ ਦਲ ਨੇ ਚੋਣਾਂ ਜਿੱਤੀਆਂ।