October 11, 2022
(New Delhi)
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਭਾਈ ਬਲਵੰਤ ਿਸੰਘ ਰਾਜੋਆਣਾ ਨੂੰ ਕੇਂਦਰ ਸਰਕਾਰ ਫਿਲਹਾਲ ਰਿਹਾਅ ਕਰਨ ਦੇ ਮੂਡ ਵਿੱਚ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਦਾਖਲ ਹਲਫਨਾਮੇ ਵਿੱਚ ਇਸਦੇ ਸੰਕੇਤ ਦਿੱਤੇ ਗਏ ਹਨ। ਆਪਣੇ ਹਲਫਨਾਮੇ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਫਿਲਹਾਲ ਇਸ ‘ਤੇ ਫ਼ੈਸਲਾ ਨਹੀਂ ਲਿਆ ਜਾ ਸਕਦਾ। ਇਸਦੇ ਲਈ ਬਕਾਇਦਾ ਸੂਬੇ ਦੀ ਮੌਜੂਦਾ ਕਾਨੂੰਨ-ਵਿਵਸਥਾ ਦਾ ਹਵਾਲਾ ਦਿੱਤਾ ਗਿਆ।
ਦਰਅਸਲ, ਕੇਂਦਰ ਸਰਕਾਰ ਵੱਲੋਂ 3 ਸਾਲ ਪਹਿਲਾਂ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਦ ਕੈਦ ਵਿੱਚ ਤਬਦੀਲ ਕਰਨ ਸਬੰਧੀ ਫ਼ੈਸਲਾ ਲਿਆ ਗਿਆ ਸੀ। ਪਰ ਕਿਉਂਕਿ ਰਾਜੋਆਣਾ ਪਹਿਲਾਂ ਹੀ 26 ਸਾਲ ਕੈਦ ਦੀ ਸਜ਼ਾ ਕੱਟ ਚੁੱਕਿਆ ਹੈ। ਇਸ ਲਈ ਰਾਜੋਆਣਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਰਿਹਾਈ ਦੀ ਗੁਹਾਰ ਲਗਾਈ ਸੀ।
SC ਨੇ ਕੇਂਦਰ ਨੂੰ ਫ਼ੈਸਲਾ ਲੈਣ ਲਈ ਕਿਹਾ ਸੀ
ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵਲੋਂ ਫ਼ੈਸਲਾ ਲੈਣ ’ਚ ਦੇਰੀ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਜਲਦ ਮਾਮਲੇ ਵਿੱਚ ਫ਼ੈਸਲਾ ਲੈਣ ਲਈ ਕਿਹਾ ਸੀ। ਕੇਂਦਰ ਨੇ ਫ਼ੈਸਲਾ ਤਾਂ ਨਹੀਂ ਲਿਆ, ਬਲਕਿ ਹਲਫਨਾਮਾ ਦਾਇਰ ਕਰਕੇ ਇਹ ਕਹਿ ਦਿੱਤਾ ਕਿ ਇਸ ਮਾਮਲੇ ‘ਤੇ ਫਿਲਹਾਲ ਫ਼ੈਸਲਾ ਨਹੀਂ ਲਿਆ ਜਾ ਸਕਦਾ।
ਇੱਕ ਨਵੰਬਰ ਨੂੰ ਆਖਰੀ ਫ਼ੈਸਲਾ..!
ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 1 ਨਵੰਬਰ ਨੂੰ ਹੋਵੇਗੀ। ਜਾਣਕਾਰੀ ਮੁਤਾਬਕ, ਇਹ ਸੁਣਵਾਈ ਆਖਰੀ ਹੋਵੇਗੀ, ਜਿਸ ਦੌਰਾਨ ਸੁਪਰੀਮ ਕੋਰਟ ਵੱਲੋਂ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਇਆ ਜਾਵੇਗਾ।
ਕੌਣ ਹੈ ਬਲਵੰਤ ਸਿੰਘ ਰਾਜੋਆਣਾ..?
ਬਲਵੰਤ ਸਿੰਘ ਰਾਜੋਆਣਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੋਆਣਾ ਵਿੱਚ ਹੋਇਆ। 1987 ’ਚ ਉਹ ਪੰਜਾਬ ਪੁਲਸ ’ਚ ਬਤੌਰ ਕਾਂਸਟੇਬਲ ਸ਼ਾਮਲ ਹੋਇਆ ਸੀ। ਸਾਲ 1995 ਵਿੱਚ ਹੋਏ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਉਹ ਮੁੱਖ ਮੁਲਜ਼ਮ ਹੈ।
ਬੇਅੰਤ ਸਿੰਘ ’ਤੇ ਹੋਏ ਹਮਲੇ ’ਚ ਪੰਜਾਬ ਪੁਲਸ ਦੇ ਮੁਲਾਜ਼ਮ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਦੀ ਭੂਮਿਕਾ ਨਿਭਾਈ ਸੀ। ਇਸ ਨੂੰ ਤਿਆਰ ਕਰਨ ’ਚ ਬਲਵੰਤ ਦਾ ਹੱਥ ਸੀ। ਕਿਹਾ ਜਾਂਦਾ ਹੈ ਕਿ ਇਹ ਤੈਅ ਹੋਇਆ ਸੀ ਕਿ ਜੇਕਰ ਦਿਲਾਵਰ, ਬੇਅੰਤ ਸਿੰਘ ਦਾ ਕਤਲ ਕਰਨ ’ਚ ਅਸਫ਼ਲ ਹੁੰਦਾ ਹੈ ਤਾਂ ਉਸ ਦੇ ਬਾਅਦ ਇਹ ਜ਼ਿੰਮੇਵਾਰੀ ਬਲਵੰਤ ਚੁੱਕੇਗਾ। ਬੇਅੰਤ ਸਿੰਘ ਕਤਲਕਾਂਡ ’ਚ ਬਲਵੰਤ ਨੂੰ ਪੁਲਸ ਨੇ 1995 ’ਚ ਹੀ ਗ੍ਰਿਫ਼ਤਾਰ ਕੀਤਾ ਸੀ। 31 ਜੁਲਾਈ 2007 ਨੂੰ ਅਦਾਲਤ ਨੇ ਇਸ ਕੇਸ ਵਿਚ ਆਪਣਾ ਫ਼ੈਸਲਾ ਸੁਣਾਇਆ।
ਮਾਸਟਰਮਾਈਂਡ ਜਗਤਾਰਾ ਸਿੰਘ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਤਿੰਨ ਦੋਸ਼ੀਆਂ ਗੁਰਮੀਤ, ਲਖਵਿੰਦਰ ਅਤੇ ਸ਼ਮਸ਼ੇਰ ਨੂੰ ਉਮਰ ਕੈਦ ਹੋਈ ਹੈ। ਇਕ ਦੋਸ਼ੀ ਨਸੀਬ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ ਹੈ। ਇਸ ਫ਼ੈਸਲੇ ਦੇ ਖਿਲਾਫ਼ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਅਪੀਲ ਕੀਤੀ ਗਈ ਸੀ, ਜਿੱਥੇ ਜਗਤਾਰਾ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਕਰ ਦਿੱਤਾ ਗਿਆ ਸੀ, ਪਰ ਬਲਵੰਤ ਦੀ ਸਜ਼ਾ ਬਰਕਰਾਰ ਰੱਖੀ ਗਈ ਸੀ।