ਮੋਹਾਲੀ। ਸਿੱਖਿਆ ਵਿਭਾਗ ,ਪੰਜਾਬ ਵੱਲੋਂ ‘ਅਧਿਆਪਕ ਤਬਾਦਲਾ ਨੀਤੀ 2019 ‘ ਤਹਿਤ ਵੱਖ-ਵੱਖ ਕਾਡਰਾਂ ਦੇ ਯੋਗ ਦਰਖਾਸਕਰਤਾਵਾਂ ਦੇ ਮਾਰਚ ਅਤੇ ਅਪਰੈਲ ਮਹੀਨੇ ਦੌਰਾਨ ਬਦਲੀਆਂ ਦੇ ਹੁਕਮ ਜਾਰੀ ਕੀਤੇ ਸਨ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਅਧਿਆਪਕਾਂ ਨੂੰ ਉਹਨਾਂ ਦੀ ਬਦਲੀ ਰੱਦ ਕਰਵਾਉਣ ਦਾ ਮੌਕਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਵਿਭਾਗ ਨੂੰ ਕਈ ਅਧਿਆਪਕਾਂ ਤੋਂ ਆਪਣੀ ਬਦਲੀ ਰੱਦ ਕਰਵਾਉਣ ਲਈ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ, ਜਿਸਦੇ ਮੱਦੇਨਜ਼ਰ ਵਿਭਾਗ ਵੱਲੋਂ ਜਿਹਨਾਂ ਅਧਿਆਪਕਾਂ ਦੀ ਬਦਲੀ ਮਿਤੀ 24.03.2021 ਅਤੇ ਮਿਤੀ 09.04.2021 ਨੂੰ ਆਨਲਾਈਨ ਹੋਈ ਹੈ, ਨੂੰ ਬਦਲੀ ਰੱਦ ਕਰਵਾਉਣ ਦਾ ਇੱਕ ਹੋਰ ਮੌਕਾ ਦਿੱਤਾ ਗਿਆ ਹੈ।
ਵਿਭਾਗ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਸਬੰਧਿਤ ਅਧਿਆਪਕ ਮਿਤੀ 02.07.2021 ਤੱਕ ਈ -ਪੰਜਾਬ ਪੋਰਟਲ ਤੇ ਲਾਗ ਇਨ ਕਰਕੇ ‘ਟ੍ਰਾਂਸਫਰ ਕੈਂਸਲੇਸ਼ਨ ਲਿੰਕ’ ‘ਤੇ ਕਲਿੱਕ ਕਰਕੇ ਆਨਲਾਈਨ ਆਪਣੀ ਬਦਲੀ ਰੱਦ ਕਰਵਾ ਸਕਦੇ ਹਨ।
ਇੱਥੇ ਵਿਭਾਗ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਸੇ ਵੀ ਅਧਿਆਪਕ ਨੇ ਬਦਲੀ ਰੱਦ ਕਰਵਾਉਣ ਲਈ ਦਰਖਾਸਤ ਮੁੱਖ ਦਫ਼ਤਰ ਵਿਖੇ ਦਿੱਤੀ ਹੋਈ ਹੈ ਅਤੇ ਉਹਨਾਂ ਦੀ ਬਦਲੀ ਰੱਦ ਨਹੀਂ ਹੋਈ ਹੈ ਤਾਂ ਉਹ ਅਧਿਆਪਕ ਵੀ ਆਨਲਾਈਨ ਵਿਧੀ ਰਾਹੀਂ ਆਪਣੀ ਬਦਲੀ ਰੱਦ ਕਰਵਾ ਸਕਦੇ ਹਨ ਕਿਉਂਕਿ ਆਖ਼ਰੀ ਮਿਤੀ ਉਪਰੰਤ ਵਿਭਾਗ ਵੱਲੋਂ ਬਦਲੀ ਰੱਦ ਕਰਵਾਉਣ ਸਬੰਧੀ ਕਿਸੇ ਵੀ ਪ੍ਰਤੀ ਬੇਨਤੀ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।