ਨਵੀਂ ਦਿੱਲੀ। ਰਾਜਸਥਾਨ ਕਾਂਗਰਸ ਲਈ ਸੰਕਟ ਮੋਚਕ ਸਾਬਿਤ ਹੋਈ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਹੁਣ ਪੰਜਾਬ ਕਾਂਗਰਸ ਲਈ ਵੀ ਓਨਾ ਹੀ ਅਹਿਮ ਰੋਲ ਅਦਾ ਕੀਤਾ ਹੈ। ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਤੋਂ ਬਾਅਦ ਹੁਣ ਪ੍ਰਿਅੰਕਾ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ‘ਚ ਅਹਿਮ ਭੂਮਿਕਾ ਅਦਾ ਕੀਤੀ ਹੈ। ਸੂਤਰਾਂ ਮੁਤਾਬਕ, ਪ੍ਰਿਅੰਕਾ ਗਾਂਧੀ ਦੇ ਮਨਾਉਣ ਤੋਂ ਬਾਅਦ ਕਾਂਗਰਸ ‘ਚ ਸਿੱਧੂ ਦੀ ਐਡਜਸਟਮੈਂਟ ਦਾ ਫਾਰਮੂਲਾ ਤਿਆਰ ਹੋ ਗਿਆ ਹੈ। ਹਾਲਾਂਕਿ ਇਹ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ ਕਿ ਸਿੱਧੂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਵੇਗੀ।
ਪ੍ਰਿਅੰਕਾ ਗਾਂਧੀ ਨਾਲ ਲੰਮੀ ਚੱਲੀ ਮੀਟਿੰਗ
ਦਰਅਸਲ, ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਬੁੱਧਵਾਰ ਨੂੰ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਦਿੱਲੀ ‘ਚ ਪਹਿਲਾਂ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਸਿੱਧੂ ਦੀ ਪ੍ਰਿਅੰਕਾ ਗਾਂਧੀ ਨਾਲ ਲੰਮੀ ਮੀਟਿੰਗ ਚੱਲੀ, ਜਿਸਦੀ ਜਾਣਕਾਰੀ ਖੁਦ ਸਿੱਧੂ ਨੇ ਟਵਿਟਰ ‘ਤੇ ਦਿੱਤੀ ਅਤੇ ਇਸਦੇ ਨਾਲ ਹੀ ਮੁਸਕੁਰਾਉਂਦੇ ਹੋਏ ਤਸਵੀਰ ਸ਼ੇਅਰ ਕਰਕੇ ਸਕਾਰਾਤਮਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ।
ਮੀਟਿੰਗ ਵਿਚਾਲੇ ਛੱਡ ਰਾਹੁਲ ਕੋਲ ਪਹੁੰਚੀ ਪ੍ਰਿਅੰਕਾ
ਸੂਤਰ ਦੱਸਦੇ ਹਨ ਕਿ ਸਿੱਧੂ ਨੂੰ ਮਨਾਉਣ ਤੋਂ ਬਾਅਦ ਉਹਨਾਂ ਨਾਲ ਆਪਣੀ ਮੀਟਿੰਗ ਨੂੰ ਵਿਚਾਲੇ ਹੀ ਛੱਡ ਪ੍ਰਿਅੰਕਾ ਗਾਂਧੀ, ਰਾਹੁਲ ਅਤੇ ਸੋਨੀਆ ਗਾਂਧੀ ਨਾਲ ਮੁਲਾਕਾਤ ਲਈ ਰਾਹੁਲ ਗਾਂਧੀ ਦੇ ਨਿਵਾਸ ‘ਤੇ ਪਹੁੰਚ ਗਏ। ਤਿੰਨੇ ਆਗੂਆਂ ਵਿਚਕਾਰ ਸਿੱਧੂ ਨੂੰ ਲੈ ਕੇ ਮੀਟਿੰਗ ਹੋਈ, ਪਰ ਅਹਿਮ ਇਹ ਹੈ ਕਿ ਇਸ ਦੌਰਾਨ ਸਿੱਧੂ, ਪ੍ਰਿਅੰਕਾ ਗਾਂਧੀ ਦੇ ਹੀ ਘਰ ਮੌਜੂਦ ਰਹੇ ਅਤੇ ਉਹਨਾਂ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਦੇ ਰਹੇ।
ਰਾਹੁਲ ਨੂੰ ਸਿੱਧੂ ਨਾਲ ਮੀਟਿੰਗ ਲਈ ਕੀਤਾ ਰਾਜ਼ੀ
ਚਰਚਾ ਇਹ ਵੀ ਹੈ ਕਿ ਰਾਹੁਲ ਗਾਂਧੀ ਨਾਲ ਨਵਜੋਤ ਸਿੰਘ ਸਿੱਧੂ ਦੀ ਕੋਈ ਮੁਲਾਕਾਤ ਤੈਅ ਨਹੀਂ ਸੀ। ਖੁਦ ਰਾਹੁਲ ਨੇ ਵੀ ਮੰਗਲਵਾਰ ਨੂੰ ਮੀਡੀਆ ਸਾਹਮਣੇ ਇਹ ਦਾਅਵਾ ਕੀਤਾ ਸੀ ਕਿ ਉਹਨਾਂ ਦੀ ਸਿੱਧੂ ਨਾਲ ਕੋਈ ਮੀਟਿੰਗ ਨਹੀਂ ਹੈ। ਸੂਤਰਾਂ ਦੀ ਮੰਨੀਏ, ਤਾਂ ਇਹ ਪ੍ਰਿਅੰਕਾ ਗਾਂਧੀ ਹੀ ਸਨ, ਜਿਹਨਾਂ ਨੇ ਰਾਹੁਲ ਨੂੰ ਸਿੱਧੂ ਨਾਲ ਮਿਲਣ ਲਈ ਰਾਜ਼ੀ ਕੀਤਾ, ਜਿਸ ਤੋਂ ਬਾਅਦ ਸਿੱਧੂ, ਰਾਹੁਲ ਨਾਲ ਮੁਲਾਕਾਤ ਲਈ ਉਹਨਾਂ ਦੇ ਘਰ ਪਹੁੰਚ ਗਏ।
ਕਰੀਬ ਇੱਕ ਘੰਟਾ ਚੱਲੀ ਰਾਹੁਲ-ਸਿੱਧੂ ਮੀਟਿੰਗ
ਦੋਵੇਂ ਆਗੂਆਂ ਨੂੰ ਮਨਾਉਣ ਤੋਂ ਬਾਅਦ ਰਾਹੁਲ ਗਾਂਧੀ ਤੇ ਸਿੱਧੂ ਦੀ ਮੀਟਿੰਗ ਕਰੀਬ ਇੱਕ ਘੰਟੇ ਤੱਕ ਚੱਲੀ। ਜਾਣਕਾਰੀ ਮੁਤਾਬਕ, ਪ੍ਰਿਅੰਕਾ ਗਾਂਧੀ ਵੀ ਇਸ ਬੈਠਕ ‘ਚ ਮੌਜੂਦ ਰਹੇ। ਸੂਤਰਾਂ ਮੁਤਾਬਕ, ਰਾਹੁਲ-ਪ੍ਰਿਅੰਕਾ ਦੇ ਨਾਲ ਬੈਠਕ ‘ਚ ਸਿੱਧੂ ਸੁਲ੍ਹਾ ਦੇ ਫਾਰਮੂਲੇ ‘ਤੇ ਰਾਜ਼ੀ ਹੋ ਗਏ ਹਨ। ਇਸ ਫਾਰਮੂਲੇ ਦੇ ਤਹਿਤ, ਸਿੱਧੂ ਨੂੰ ਪਾਰਟੀ ਅਤੇ ਸੱਤਾ ‘ਚ ਅਹਿਮ ਭੂਮਿਕਾ ਮਿਲ ਸਕਦੀ ਹੈ। ਹਾਲਾਂਕਿ ਸਿੱਧੂ ਨੂੰ ਇਹ ਵੀ ਸਾਫ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਸੀਐੱਮ ਕੈਪਟਨ ਦੇ ਨਾਲ ਤਾਲਮੇਲ ਬਿਠਾ ਕੇ ਚੱਲਣਾ ਪਏਗਾ। ਹਾਲਾਂਕਿ ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ।
ਹੁਣ ਸੀਐੱਮ ਕੈਪਟਨ ‘ਤੇ ਨਿਗਾਹਾਂ
ਪ੍ਰਿਅੰਕਾ ਗਾਂਧੀ ਨੇ ਸਿੱਧੂ ਨੂੰ ਮਨਾਉਣ ਲਈ ਤਾਂ ਸੰਕਟ ਮੋਚਕ ਦੀ ਭੂਮਿਕਾ ਅਦਾ ਕਰ ਦਿੱਤੀ, ਪਰ ਹੁਣ ਵੱਡਾ ਸਵਾਲ ਇਹ ਹੈ ਕਿ ਜੋ ਵੀ ਫਾਰਮੂਲਾ ਪਾਰਟੀ ਹਾਈਕਮਾਂਡ ਵੱਲੋਂ ਸਿੱਧੂ ਲਈ ਤਿਆਰ ਕੀਤਾ ਗਿਆ ਹੈ, ਕੀ ਕੈਪਟਨ ਉਸ ਫਾਰੂਮਲੇ ਲਈ ਹਾਮੀ ਭਰਨਗੇ। ਕਿਉਂਕਿ ਕੈਪਟਨ ਪਹਿਲਾਂ ਵੀ ਕਈ ਮੰਚਾਂ ਤੋਂ ਸਿੱਧੂ ਨੂੰ ਅਹਿਮ ਅਹੁਦੇ ਦੇਣ ਤੋਂ ਇਨਕਾਰ ਕਰ ਚੁੱਕੇ ਹਨ।
ਖੈਰ, ਸੂਤਰਾਂ ਦਾ ਕਹਿਣਾ ਹੈ ਕਿ ਹੁਣ ਕਾਂਗਰਸ ਹਾਈਕਮਾਂਡ ਵੱਲੋਂ ਜਲਦ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਸੱਦਿਆ ਜਾ ਸਕਦਾ ਹੈ ਅਤੇ ਉਹਨਾਂ ਦੇ ਨਾਲ ਚਰਚਾ ਤੋਂ ਬਾਅਦ ਪਾਰਟੀ ‘ਚ ਸੁਲ੍ਹਾ ਦੇ ਫਾਰਮੂਲੇ ਦਾ ਫਾਈਨਲ ਐਲਾਨ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜੁਲਾਈ ‘ਚ ਜਥੇਬੰਧਕ ਢਾਂਚੇ ‘ਚ ਬਦਲਾਅ ਦੇ ਨਾਲ ਹੀ ਮੰਤਰੀਮੰਡਲ ‘ਚ ਵੀ ਫੇਰਬਦਲ ਸੰਭਵ ਹੈ।