ਦਿੱਲੀ। ਬਾਲੀਵੁੱਡ ਦਾ ਖੁਮਾਰ ਕਿਸ ਕਦਰ ਫੈਨਜ਼ ਦੇ ਸਿਰ ਚੜ੍ਹ ਕੇ ਬੋਲਦਾ ਹੈ, ਇਸਦੀ ਇੱਕ ਅਜੀਬੋ-ਗਰੀਬ ਮਿਸਾਲ ਦਿੱਲੀ ਹਾਈਕੋਰਟ ‘ਚ ਵੇਖਣ ਨੂੰ ਮਿਲੀ। ਦਰਅਸਲ, ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਵੱਲੋਂ 5G ਤਕਨੀਕ ਦੇ ਖਿਲਾਫ਼ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ, ਜਿਸ ‘ਤੇ ਵਰਚੁਅਲ ਸੁਣਵਾਈ ਹੋ ਰਹੀ ਸੀ। ਪਰ ਇਹ ਸੁਣਵਾਈ ਉਸ ਵੇਲੇ ਚਰਚਾ ਦਾ ਵਿਸ਼ਾ ਬਣ ਗਈ, ਜਦੋਂ ਸੁਣਵਾਈ ਦੌਰਾਨ ਇੱਕ ਤੋਂ ਬਾਅਦ ਇੱਕ ਬਾਲੀਵੁੱਡ ਗਾਣੇ ਸੁਣਾਈ ਦੇਣ ਲੱਗੇ।
ਜਾਣਕਾਰੀ ਮੁਤਾਬਕ, ਵਰਚੁਅਲ ਸੁਣਵਾਈ ਦੌਰਾਨ ਇੱਕ ਸ਼ਖਸ ਆਨਲਾਈਨ ਜੁੜਿਆ ਅਤੇ ਅਚਾਨਕ ਜੂਹੀ ਚਾਵਲਾ ਦੇ ਗਾਣੇ ਗਾਉਣ ਲੱਗਿਆ। ਪਹਿਲਾਂ ਇਸ ਸ਼ਖਸ ਨੇ ਜੂਹੀ ਚਾਵਲਾ ਦੀ ਫਿਲਮ ਦਾ ਗਾਣਾ ‘ਘੂੰਘਟ ਕੀ ਆੜ ਮੇਂ ਦਿਲਬਰ ਕਾ…’ ਗਾਣਾ ਸ਼ੁਰੂ ਕੀਤਾ। ਕੋਰਟ ਨੇ ਉਸ ਨੂੰ ਮਿਊਟ ਕਰਨ ਦਾ ਆਦੇਸ਼ ਦਿੱਤਾ। ਕੁਝ ਦੇਰ ਬਾਅਦ ਫੇਰ ਦੂਜਾ ਗਾਣਾ ਸੁਣਾਈ ਦੇਣ ਲੱਗਿਆ, ਜੋ ਸੀ- ‘ਲਾਲ-ਲਾਲ ਹੋਂਠੋਂ ਪੇ ਗੋਰੀ ਕਿਸਕਾ ਨਾਮ ਹੈ…’। ਮਾਮਲਾ ਉਸ ਵੇਲੇ ਹੋਰ ਵੱਧ ਗਿਆ, ਜਦੋਂ ਉਸੇ ਸ਼ਖਸ ਨੇ ਤੀਜਾ ਗਾਣਾ ਗਾਇਆ- ‘ਮੇਰੀ ਬੰਨੋ ਕੀ ਆਏਗਾ ਬਾਰਾਤ…’। ਇਸ ਤੋਂ ਬਾਅਦ ਸੁਣਵਾਈ ਰੋਕਣੀ ਪਈ, ਜੋ ਉਸ ਸ਼ਖਸ ਨੂੰ ਸੁਣਵਾਈ ਤੋਂ ਹਟਾਉਣ ਦੇ ਬਾਅਦ ਹੀ ਸ਼ੁਰੂ ਹੋਈ।
ਪਟੀਸ਼ਨ ‘ਚ ਜੂਹੀ ਨੇ ਕੀ ਕਿਹਾ
ਜੂਹੀ ਚਾਵਲਾ ਨੇ 5G ਤਕਨਾਲੋਜੀ ਲਾਗੂ ਕੀਤੇ ਜਾਣ ਤੋਂ ਪਹਿਲਾਂ ਇਨਸਾਨਾਂ ਅਤੇ ਪਸ਼ੂ-ਪੰਛੀਆਂ ‘ਤੇ ਇਸਦੇ ਅਸਰ ਦੀ ਜਾਂਚ ਕਰਨ ਦੀ ਅਪੀਲ ਕਰਦਿਆਂ ਪਟੀਸ਼ਨ ਦਾਖਲ ਕੀਤੀ ਸੀ। ਜੂਹੀ ਨੇ ਮੰਗ ਕੀਤੀ ਹੈ ਕਿ ਰੇਡੀਅਸ਼ਨ ਦੀ ਜਾਂਚ ਕੀਤੀ ਜਾਵੇ। ਨਾਲ ਹੀ ਇਹ ਵੀ ਸਾਫ਼ ਕੀਤਾ ਜਾਵੇ ਕਿ ਇਸ ਤਕਨਾਲੋਜੀ ਨਾਲ ਦੇਸ਼ ਦੀ ਮੌਜੂਦਾ ਅਤੇ ਆਉਣ ਵਾਲੀ ਪੀੜ੍ਹੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਤਾਂ ਨਹੀਂ ਹੈ।