Home Election ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ 'ਤੇ ਵੰਡੀ ਕਾਂਗਰਸ, ਕੌਣ ਕੈਪਟਨ ਦੇ...

ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ‘ਤੇ ਵੰਡੀ ਕਾਂਗਰਸ, ਕੌਣ ਕੈਪਟਨ ਦੇ ਨਾਲ ਤੇ ਕੌਣ ਹੈ ਖਿਲਾਫ..ਇਥੇ ਪੜ੍ਹੋ

ਬਿਓਰੋ। ਚੋਣ ਵਾਅਦਿਆਂ ਅਤੇ ਦਲਿਤਾਂ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਕਾਂਗਰਸ ਅੰਦਰ ਉਠਿਆ ਤੂਫਾਨ ਅਜੇ ਖਤਮ ਨਹੀਂ ਹੋਇਆ, ਕਿ ਸਰਕਾਰ ਦਾ ਇੱਕ ਫ਼ੈਸਲਾ ਕਾਂਗਰਸ ਲਈ ਸੁਨਾਮੀ ਲੈ ਆਇਆ। ਇਹ ਫ਼ੈਸਲਾ ਸੂਬੇ ਦੇ 2 ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਹੈ, ਜਿਸ ‘ਤੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲ ਤਾਂ ਇੱਕ ਪਾਸੇ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਆਪਣੇ ਹੀ ਘਰ ‘ਚ ਘਿਰਦੇ ਜਾ ਰਹੇ ਹਨ।

ਸੁਨੀਲ ਜਾਖੜ ਵੀ ਫ਼ੈਸਲੇ ਤੋਂ ਨਾਖੁਸ਼ 

ਕਾਂਗਰਸ ਪਾਰਟੀ ਦੇ ਅੰਦਰ ਸਰਕਾਰ ਦੇ ਇਸ ਫ਼ੈਸਲੇ ਦੀ ਖਿਲਾਫਤ ਕਰਨ ਵਾਲਿਆਂ ‘ਚ ਸਭ ਤੋਂ ਅਹਿਮ ਨਾੰਅ ਹੈ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ। ਫ਼ੈਸਲੇ ਦਾ ਖੁੱਲ੍ਹ ਕੇ ਵਿਰੋਧ ਕਰਦੇ ਹੋਏ ਸੁਨੀਲ ਜਾਖੜ ਕਹਿੰਦੇ ਹਨ ਕਿ ਫੈ਼ਸਲੇ ‘ਤੇ ਮੁੜ ਵਿਚਾਰ ਕਰਕੇ ਇਸ ਨੂੰ ਰੱਦ ਕਰਨ ਦੀ ਲੋੜ ਹੈ। ਜਾਖੜ ਨੇ ਕਿਹਾ, “ਬੇਸ਼ੱਕ ਦੇਸ਼ ਲਈ ਕੁਰਬਾਨੀ ਕਰਨ ਵਾਲਿਆਂ ਪ੍ਰਤੀ ਮੁਲਕ ਹਮੇਸ਼ਾ ਹੀ ਸ਼ੁਕਰਗੁਜ਼ਾਰ ਰਹਿੰਦਾ ਹੈ, ਪਰ ਕੁਝ ਲਾਭਪਾਤਰੀਆਂ ਦੇ ਪਿਛੋਕੜ ਨੂੰ ਵੇਖਦਿਆਂ ਇਸ ਫੈਸਲੇ ਨੂੰ ਤਰਕਸੰਗਤ ਨਹੀਂ ਕਿਹਾ ਜਾ ਸਕਦਾ। ਇਸ ਫ਼ੈਸਲੇ ਤੋਂ ਬਾਅਦ ਸਰਕਾਰ ‘ਤੇ ਭਾਈ ਭਤੀਜਾਵਾਦ ਅਤੇ ਕੁਝ ਲੋਕਾਂ ਦੀ ਸਿਆਸੀ ਪੁਸ਼ਤ ਪਨਾਹੀ ਦੇ ਦੋਸ਼ ਲੱਗਣਗੇ, ਜੋ ਕੇ ਸਹੀ ਨਹੀਂ ਹੋਵੇਗਾ।” ਉਨ੍ਹਾਂ ਆਖਿਆ ਕਿ ਚੁਣੇ ਹੋਏ ਨੁਮਾਇੰਦੇ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਹੀ ਸੋਭਦੇ ਹਨ ਨਾ ਕਿ ਆਪਣੇ ਪਰਿਵਾਰਕ ਮੈਂਬਰਾਂ ਲਈ ਇਸ ਤਰ੍ਹਾਂ ਦੇ ਲਾਭ ਲੋਚਦੇ ਹੋਏ।

ਸੁਨੀਲ ਜਾਖੜ ਵੱਲੋਂ ਕੈਪਟਨ ਸਰਕਾਰ ਦੇ ਫ਼ੈਸਲੇ ਦੀ ਇਸ ਤਰ੍ਹਾਂ ਖੁੱਲ੍ਹ ਕੇ ਖਿਲਾਫਤ ਕਰਨਾ ਇਸ ਲਈ ਵੀ ਬੇਹੱਦ ਹੈਰਾਨੀਜਨਕ ਹੈ, ਕਿਉਂਕਿ ਜਦੋਂ-ਜਦੋਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀ ਚਰਚਾ ਨੇ ਜ਼ੋਰ ਫੜਿਆ, ਮੁੱਖ ਮੰਤਰੀ ਹਮੇਸ਼ਾ ਜਾਖੜ ਦੇ ਨਾਲ ਖੜ੍ਹੇ ਨਜ਼ਰ ਆਏ। ਨਾ ਸਿਰਫ ਪਾਰਟੀ ਹਾਈਕਮਾਂਡ, ਬਲਕਿ ਇੱਕ ਮੀਡੀਆ ਇੰਟਰਵਿਊ ‘ਚ ਵੀ ਕੈਪਟਨ ਨੇ ਸਾਫ ਸ਼ਬਦਾਂ ‘ਚ ਕਿਹਾ ਕਿ ਸੁਨੀਲ ਜਾਖੜ ਚੰਗਾ ਕੰਮ ਕਰ ਰਹੇ ਹਨ, ਉਹਨਾਂ ਨੂੰ ਅਹੁਦੇ ਤੋਂ ਕਿਉਂ ਹਟਾਇਆ ਜਾਵੇ ਤੇ ਸਿੱਧੂ ਨੂੰ ਉਹਨਾਂ ਦੀ ਥਾਂ ਕਿਉਂ ਲਾਇਆ ਜਾਵੇ।

ਯੂਥ ਬ੍ਰਿਗੇਡ ਵੀ ਫ਼ੈਸਲੇ ਦੇ ਖਿਲਾਫ਼

ਨਾ ਸਿਰਫ਼ ਜਾਖੜ, ਬਲਕਿ ਪੰਜਾਬ ਕਾਂਗਰਸ ਦੀ ਯੂਥ ਬ੍ਰਿਗੇਡ ਵੀ ਇਸ ਫ਼ੈਸਲੇ ਦੇ ਨਾਲ ਨਹੀਂ ਖੜ੍ਹੀ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਵੀ ਇਸ ਫ਼ੈਸਲੇ ਦੀ ਖੁੱਲ੍ਹ ਕੇ ਖਿਲਾਫਤ ਕੀਤੀ ਹੈ। ਨਾਲ ਹੀ ਕਾਂਗਰਸ ਦੇ ਕਈ ਵਿਧਾਇਕ ਵੀ ਸਰਕਾਰ ਨੂੰ ਦੋ-ਟੁੱਕ ਫ਼ੈਸਲਾ ਵਾਪਸ ਲੈਣ ਲਈ ਕਹਿ ਚੁੱਕੇ ਹਨ। ਇਹਨਾਂ ‘ਚ ਵਿਧਾਇਕ ਪਰਗਟ ਸਿੰਘ, ਕੁਲਜੀਤ ਨਾਗਰਾ, ਰਾਜਾ ਵੜਿੰਗ, ਹਰਜੋਤ ਕਮਲ, ਕੁਲਬੀਰ ਜ਼ੀਰਾ ਅਤੇ ਅੰਗਦ ਸਿੰਘ ਦੇ ਨਾੰਅ ਸ਼ਾਮਲ ਹਨ।

ਕੈਬਨਿਟ ਦੇ ਮੰਤਰੀ ਵੀ ਦੋ-ਫਾੜ !

ਇਸ ਸਭ ਦੇ ਵਿਚਾਲੇ ਪੰਜਾਬ ਦੇ ਕੁਝ ਮੰਤਰੀਆਂ ਅਤੇ ਸਾਂਸਦਾਂ ਵੱਲੋਂ ਸਾਂਝਾ ਬਿਆਨ ਜਾਰੀ ਕਰਕੇ ਸਰਕਾਰ ਦੇ ਇਸ ਫ਼ੈਸਲੇ ਦਾ ਖੁੱਲ੍ਹਾ ਸਮਰਥਨ ਕੀਤਾ ਗਿਆ ਹੈ। ਪਰ ਦਿਲਚਸਪ ਇਹ ਹੈ ਕਿ ਇਸ ਬਿਆਨ ‘ਚੋਂ ਉਹਨਾਂ ਮੰਤਰੀਆਂ ਦੇ ਨਾੰਅ ਗਾਇਬ ਹਨ, ਜੋ ਕੈਪਟਨ ਤੋਂ ਨਰਾਜ਼ ਦੱਸੇ ਜਾ ਰਹੇ ਹਨ।

ਫ਼ੈਸਲੇ ਦੇ ਹੱਕ ‘ਚ ਬਿਆਨ ਜਾਰੀ ਕਰਨ ਵਾਲਿਆਂ ‘ਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ, ਵਿਜੇ ਇੰਦਰ ਸਿੰਗਲਾ, ਅਰੁਣਾ ਚੌਧਰੀ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਓਪੀ ਸੋਨੀ ਤੇ ਭਾਰਤ ਭੂਸ਼ਣ ਆਸ਼ੂ ਦਾ ਨਾੰਅ ਸ਼ਾਮਲ ਹੈ।

ਜਿਹਨਾਂ ਮੰਤਰੀਆਂ ਦੇ ਨਾੰਅ ਇਸ ਸਾਂਝੇ ਬਿਆਨ ‘ਚੋਂ ਗਾਇਬ ਹਨ, ਉਹਨਾਂ ‘ਚ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਦੇ ਨਾੰਅ ਸ਼ਾਮਲ ਹਨ। ਇਹਨਾਂ ‘ਚੋਂ ਵਧੇਰੇਤਰ ਨਾੰਅ ਅਜਿਹੇ ਹਨ, ਜੋ ਸੀਐੱਮ ਖਿਲਾਫ਼ ਨਰਾਜ਼ ਦੱਸੇ ਜਾਂਦੇ ਹਨ। ਕੁਝ ਤਾਂ ਖੁੱਲ੍ਹੇਆਮ ਕੈਪਟਨ ਖਿਲਾਫ਼ ਬਿਆਨਬਾਜ਼ੀ ਵੀ ਕਰਦੇ ਰਹੇ ਹਨ।

CM ਨੂੰ ਬਿੱਟੂ ਦਾ ਵੀ ਮਿਲਿਆ ਸਾਥ

ਪਿਛਲੇ ਦਿਨੀਂ ਕਈ ਮੁੱਦਿਆਂ ਨੂੰ ਲੈ ਕੇ ਆਪਣੀ ਸਰਕਾਰ ‘ਤੇ ਸਵਾਲ ਚੁੱਕਣ ਵਾਲੇ ਸਾਂਸਦ ਰਵਨੀਤ ਬਿੱਟੂ ਵੀ ਇਸ ਫ਼ੈਸਲੇ ‘ਚ ਸਰਕਾਰ ਦੇ ਨਾਲ ਹਨ। ਹਾਲਾਂਕਿ ਉਹਨਾਂ ਦਾ ਸਾਥ ਦੇਣਾ ਇਸ ਲਈ ਵੀ ਬਣਦਾ ਹੈ, ਕਿਉਂਕਿ 2 ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਨਾਲ-ਨਾਲ ਸਰਕਾਰ ਦਾ ਉਹ ਫ਼ੈਸਲਾ ਵੀ ਮੁੜ ਸੁਰਖੀਆਂ ‘ਚ ਹੈ, ਜਿਸ ਤਹਿਤ ਸਾਬਕਾ ਸੀਐੱਮ ਬੇਅੰਤ ਸਿੰਘ ਦੇ ਪੋਤੇ ਗੁਰਇਕਬਾਲ ਸਿੰਘ ਨੂੰ DSP ਲਾਇਆ ਗਿਆ ਸੀ। ਗੁਰਇਕਬਾਲ ਸਿੰਘ, ਸਾਂਸਦ ਰਵਨੀਤ ਬਿੱਟੂ ਦੇ ਕਜ਼ਿਨ ਹਨ।

ਬਿੱਟੂ ਤੋਂ ਇਲਾਵਾ ਸਾਂਸਦ ਗੁਰਜੀਤ ਔਜਲਾ, ਜਸਬੀਰ ਡਿੰਪਾ ਅਤੇ ਮੁਹੰਮਦ ਸਦੀਕ ਵੀ ਸਰਕਾਰ ਦੇ ਫ਼ੈਸਲੇ ਦਾ ਸਮਰਥਨ ਕਰ ਰਹੇ ਹਨ। ਇਸਦੇ ਨਾਲ ਹੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਇਸ ਸਾਂਝੇ ਬਿਆਨ ਰਾਹੀਂ ਸਰਕਾਰ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰ ਰਹੇ ਹਨ।

ਫ਼ੈਸਲਾ ਵਾਪਸ ਨਹੀਂ ਹੋਵੇਗਾ- ਕੈਪਟਨ

ਇਸ ਸਭ ਦੇ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਿਸੰਘ ਦੋ-ਟੁੱਕ ਕਹਿ ਦਿੱਤਾ ਹੈ ਕਿ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦਾ ਇਹ ਫ਼ੈਸਲਾ ਕਿਸੇ ਕੀਮਤ ‘ਤੇ ਵਾਪਸ ਨਹੀਂ ਹੋਵੇਗਾ। ਸੀਐੱਮ ਨੇ ਕਿਹਾ, “ਉਹਨਾਂ ਦੇ ਪਰਿਵਾਰਾਂ ਦੇ ਬਲਿਦਾਨਾਂ ਦੇ ਸਾਹਮਣੇ ਇਹ ਧੰਨਵਾਦ ਅਤੇ ਮੁਆਵਜ਼ੇ ਦਾ ਇੱਕ ਛੋਟਾ ਜਿਹਾ ਪ੍ਰਤੀਕ ਹੈ। ਸ਼ਰਮਨਾਕ ਹੈ ਕਿ ਕੁਝ ਲੋਕ ਇਸ ਫ਼ੈਸਲੇ ਨੂੰ ਸਿਆਸੀ ਰੰਗਤ ਦੇ ਰਹੇ ਹਨ।”

ਕੀ ਹੈ ਪੂਰਾ ਮਾਮਲਾ ?

ਦਰਅਸਲ, ਪੰਜਾਬ ‘ਚ ਕਾਂਗਰਸ ਦੇ 2 ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ। ਵਿਧਾਇਕ ਫਤਿਹਜੰਗ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪੁਲਿਸ ‘ਚ ਇੰਸਪੈਕਟਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਵਿਧਾਇਕ ਰਾਕੇਸ਼ ਪਾਂਡੇ ਦੇ ਬੇਟੇ ਭੀਸ਼ਮ ਪਾਂਡੇ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦਿੱਤੀ ਗਈ ਹੈ। ਸਰਕਾਰ ਵੱਲੋਂ ਇਹ ਨੌਕਰੀਆਂ ਤਰਸ ਦੇ ਅਧਾਰ ‘ਤੇ ਦਿੱਤੀਆਂ ਗਈਆਂ ਹਨ। ਦੋਵੇਂ ਕਾਂਗਰਸੀ ਵਿਧਾਇਕਾਂ ਦੇ ਪਿਤਾ 1987 ‘ਚ ਦਹਿਸ਼ਤਗਰਦੀ ਹਮਲਿਆਂ ਦੌਰਾਨ ਮਾਰੇ ਗਏ ਸਨ। ਘਟਨਾ ਦੇ 24 ਸਾਲਾਂ ਬਾਅਦ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments